‘ਕੁੰਡਲੀ ਧਰਨੇ ’ਤੇ ਕਿਸਾਨਾਂ ਦੀ ਸਹੁਲਤ ਲਈ ਪੰਜਾਬ ਤੋਂ ਪਹੁੰਚੀਆਂ 125 ਐਂਬੂਲੈਂਸਾਂ’

02/14/2021 2:02:14 AM

ਸੋਨੀਪਤ,(ਦੀਕਸ਼ਿਤ) : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਬੈਠਿਆਂ 81 ਦਿਨ ਬੀਤ ਚੁੱਕੇ ਹਨ। ਸਰਦੀ, ਮੀਂਹ ਤੇ ਹੋਰ ਪਰੇਸ਼ਾਨੀਆਂ ਵਿਚਕਾਰ ਕਿਸਾਨ ਲਗਾਤਾਰ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਅਤੇ ਹੁਣ ਤਕ ਵੱਖ-ਵੱਖ ਕਾਰਣਾਂ ਕਰ ਕੇ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕੁੰਡਲੀ ਬਾਰਡਰ ਧਰਨੇ ’ਤੇ ਵੀ ਹੁਣ ਤਕ 19 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਕਿਸਾਨਾਂ ਦੀ ਤਬੀਅਤ ਵਿਗੜਨ ’ਤੇ ਕਿਸਾਨਾਂ ਨੂੰ ਐਂਬੂਲੈਂਸ ਸੱਦਣੀ ਪੈ ਰਹੀ ਸੀ, ਜਿਸ ਵਿਚ ਨਾ ਸਿਰਫ ਸਮੇਂ ਦੀ ਬਰਬਾਦੀ ਹੋ ਰਹੀ ਸੀ, ਸਗੋਂ ਪੈਸਾ ਵੀ ਵੱਧ ਲੱਗ ਰਿਹਾ ਸੀ। ਅਜਿਹੀ ਹਾਲਤ ਵਿਚ ਕਿਸਾਨ ਮੋਰਚੇ ਦੀ ਮੰਗ ’ਤੇ ਪੰਜਾਬ ਤੋਂ ਸਮਾਜ ਸੇਵੀ ਸੰਸਥਾਵਾਂ ਨੇ 125 ਐਂਬੂਲੈਂਸਾਂ ਧਰਨੇ ਵਾਲੀ ਥਾਂ ’ਤੇ ਭੇਜ ਦਿੱਤੀਆਂ ਹਨ। ਹੁਣ ਕਿਸੇ ਵੀ ਐਮਰਜੈਂਸੀ ਦੀ ਹਾਲਤ ’ਚ ਕਿਸਾਨਾਂ ਦੇ ਬੀਮਾਰ ਹੋਣ ਜਾਂ ਉਨ੍ਹਾਂ ਨੂੰ ਸੱਟ ਲੱਗਣ ’ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲਾਂ ਵਿਚ ਪਹੁੰਚਾਇਆ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਇਨ੍ਹਾਂ ਐਂਬੂਲੈਂਸਾਂ ਦਾ ਖਰਚਾ ਕਿਸਾਨਾਂ ਤੋਂ ਬਿਲਕੁਲ ਵੀ ਵਸੂਲ ਨਹੀਂ ਕੀਤਾ ਜਾਵੇਗਾ, ਸਗੋਂ ਪੰਜਾਬ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਮਿਲ ਕੇ ਖਰਚਾ ਸਹਿਣ ਕਰਨਗੀਆਂ।

ਧਰਨੇ ਵਾਲੀ ਥਾਂ ’ਤੇ ਵੱਖ-ਵੱਖ ਜਗ੍ਹਾ ਤਾਇਨਾਤ ਰਹਿਣਗੀਆਂ ਇਹ ਐਂਬੂਲੈਂਸਾਂ

ਪੰਜਾਬ ਤੋਂ ਭੇਜੀਆਂ ਗਈਆਂ 125 ਐਂਬੂਲੈਂਸਾਂ ਕੁੰਡਲੀ ਵਿਖੇ ਧਰਨੇ ਵਾਲੀ ਥਾਂ ’ਤੇ ਵੱਖ-ਵੱਖ ਜਗ੍ਹਾ ਤਾਇਨਾਤ ਰਹਿਣਗੀਆਂ। ਕੁੰਡਲੀ ਥਾਣੇ ਦੇ ਨੇੜੇ, ਕੇ. ਐੱਮ. ਪੀ.-ਕੇ. ਜੀ. ਪੀ. ਜ਼ੀਰੋ ਪੁਆਇੰਟ, ਮੋਰਚਾ ਦਫਤਰ ਦੇ ਨੇੜੇ ਅਤੇ ਮੁੱਖ ਮੰਚ ਦੇ ਨੇੜੇ ਇਹ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਹਰ ਵੇਲੇ ਡਰਾਈਵਰ ਮੌਜੂਦ ਰਹਿਣਗੇ, ਨਾਲ ਹੀ ਸਪੋਰਟਿੰਗ ਸਟਾਫ ਵੀ ਤਾਇਨਾਤ ਰਹੇਗਾ। ਧਰਨੇ ਦੇ ਵਿਚੋਂ-ਵਿਚ ਐਂਬੂਲੈਸਾਂ ਲਈ ਰਸਤਾ ਬਣਾਇਆ ਗਿਆ ਹੈ, ਜਦੋਂਕਿ ਮੁੱਖ ਮੰਚ ਤੋਂ ਵੀ ਐਂਬੂਲੈਂਸਾਂ ਦੇ ਆਉਣ-ਜਾਣ ਲਈ ਜ਼ਰੂਰੀ ਰਸਤਾ ਛੱਡਿਆ ਗਿਆ ਹੈ। ਹਾਲਾਂਕਿ ਦਿੱਲੀ ਵੱਲ ਜਾਣ ਦੇ ਰਸਤੇ ਬੰਦ ਹਨ ਪਰ ਰੋਹਤਕ ਜਾਂ ਸੋਨੀਪਤ ਦੇ ਹਸਪਤਾਲਾਂ ਵਿਚ ਐਂਬੂਲੈਂਸਾਂ ਜਲਦੀ ਨਾਲ ਪਹੁੰਚ ਸਕਣਗੀਆਂ।

ਕਿਸਾਨਾਂ ਦੇ ਕਾਫਲਿਆਂ ਦਾ ਧਰਨੇ ’ਤੇ ਪਹੁੰਚਣਾ ਜਾਰੀ

ਕੁੰਡਲੀ ਧਰਨੇ ’ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਕਾਫਲਿਆਂ ਦੇ ਰੂਪ ਵਿਚ ਪਹੁੰਚਣਾ ਜਾਰੀ ਹੈ। ਖਾਸ ਤੌਰ ’ਤੇ ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਤੋਂ ਕਿਸਾਨ ਟ੍ਰੈਕਟਰ-ਟ੍ਰਾਲੀਆਂ ਵਿਚ ਕੁੰਡਲੀ ਧਰਨੇ ’ਤੇ ਪਹੁੰਚ ਰਹੇ ਹਨ। ਇੱਥੇ ਕਿਸਾਨ ਟ੍ਰਾਲੀਆਂ ਵਿਚ ਸਬਜ਼ੀਆਂ, ਦੁੱਧ ਤੇ ਲੱਸੀ ਲੈ ਕੇ ਪਹੁੰਚ ਰਹੇ ਹਨ, ਜੋ ਵੱਖ-ਵੱਖ ਲੰਗਰਾਂ ’ਤੇ ਵੰਡੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿਚ ਲੰਗਰਾਂ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਰਾਸ਼ਨ, ਸਬਜ਼ੀ ਤੇ ਚੰਦਾ ਇਕੱਠਾ ਕਰਨ ਲਈ ਸੋਨੀਪਤ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ।

‘ਨੌਦੀਪ ਕੌਰ ਕੁੱਟਮਾਰ ਮਾਮਲੇ ’ਚ ਐੱਸ. ਪੀ. ਸੋਨੀਪਤ ਤੋਂ ਕੀਤੀ ਜਾਵੇਗੀ ਰਿਪੋਰਟ ਤਲਬ : ਪ੍ਰੀਤੀ ਭਾਰਦਵਾਜ’

‘ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਰਨਾਲ ਜੇਲ ਦਾ ਕੀਤਾ ਨਿਰੀਖਣ’

ਚੰਡੀਗੜ੍ਹ/ਕਰਨਾਲ (ਅਰਚਨਾ, ਕੰਬੋਜ) : ਹਰਿਆਣਾ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰੀਤੀ ਭਾਰਦਵਾਜ ਨੇ ਕਰਨਾਲ ਜ਼ਿਲਾ ਜੇਲ ਦਾ ਨਿਰੀਖਣ ਕੀਤਾ ਅਤੇ ਮਹਿਲਾ ਕੈਦੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਭਰੋਸਾ ਦਿੱਤਾ। ਇੰਨਾ ਹੀ ਨਹੀਂ, ਮਜ਼ਦੂਰਾਂ ਦੇ ਅੰਦੋਲਨ ਨਾਲ ਜੁੜੀ ਅਤੇ ਜ਼ਿਲਾ ਜੇਲ ਵਿਚ ਕੈਦੀ ਨੌਦੀਪ ਕੌਰ ਨਾਲ ਵੀ ਉਨ੍ਹਾਂ ਗੱਲਬਾਤ ਕੀਤੀ ਅਤੇ ਉਸ ਨਾਲ ਕੁੰਡਲੀ ਥਾਣੇ ਵਿਚ ਕੁੱਟਮਾਰ ਦੇ ਮਾਮਲੇ ਦੀ ਰਿਪੋਰਟ ਸੋਨੀਪਤ ਦੇ ਪੁਲਸ ਸੁਪਰਡੈਂਟ ਤੋਂ ਤਲਬ ਕਰਨ ਦੀ ਗੱਲ ਕਹੀ, ਨਾਲ ਹੀ ਭਰੋਸਾ ਦਿੱਤਾ ਕਿ ਉਸ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਕਮਿਸ਼ਨ ਵਲੋਂ ਉਸ ਨੂੰ ਪੂਰੀ ਮਦਦ ਦਿੱਤੀ ਜਾਵੇਗੀ ਅਤੇ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਤੋਂ ਕਾਨੂੰਨੀ ਸਹਾਇਤਾ ਦਿਵਾਈ ਜਾਵੇਗੀ।

ਨੇਤਾਵਾਂ ਨੂੰ ਟਾਵਰ ਟੁੱਟਣ ਦੀ ਬੜੀ ਤਕਲੀਫ, 200 ਕਿਸਾਨਾਂ ਦੇ ਸ਼ਹੀਦ ਹੋਣ ਦੀ ਨਹੀਂ : ਚਡੂਨੀ

ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਚਡੂਨੀ ਨੇ ਅਗਲੀ ਰਣਨੀਤੀ ਸਬੰਧੀ ਕੁੰਡਲੀ ’ਚ ਧਰਨੇ ਵਾਲੀ ਥਾਂ ’ਤੇ ਮੈਂਬਰਾਂ ਨਾਲ ਬੈਠਕ ਕੀਤੀ, ਜਿਸ ਵਿਚ ਤੈਅ ਕੀਤਾ ਗਿਆ ਕਿ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਰੇਲ ਰੋਕੋ ਪ੍ਰੋਗਰਾਮ ਨੂੰ ਕਿਵੇਂ ਸਫਲ ਬਣਾਉਣਾ ਹੈ। ਇਸ ਦੌਰਾਨ ਚਡੂਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਨੇਤਾਵਾਂ ਦੀ ਸੋਚ ਬੜੀ ਅਜੀਬ ਹੈ। ਇੱਥੇ ਇਕ ਕੰਪਨੀ ਦੇ ਟਾਵਰ ਟੁੱਟਣ ’ਤੇ ਤਾਂ ਸੰਸਦ ਵਿਚ ਅਫਸੋਸ ਕੀਤਾ ਜਾਂਦਾ ਹੈ ਪਰ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋਣ ’ਤੇ ਸੋਗ ਤਕ ਨਹੀਂ ਮਨਾਇਆ ਜਾਂਦਾ। ਇਹ ਸਰਕਾਰ ਦਾ ਘੁਮੰਡ ਹੈ, ਜੋ ਉਸ ਨੂੰ ਲੈ ਡੁੱਬੇਗਾ।

ਕਿਸਾਨਾਂ ਨੇ ਅਗਲੀਆਂ ਮੁਹਿੰਮਾਂ ਦੀ ਰਣਨੀਤੀ ਬਣਾਉਂਦੇ ਹੋਏ ਇਹ ਵੀ ਤੈਅ ਕੀਤਾ ਕਿ ਹੁਣ ਕੋਈ ਅਜਿਹਾ ਕਦਮ ਚੁੱਕਿਆ ਜਾਵੇਗਾ, ਜਿਸ ਨਾਲ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਸਾਂਝੇ ਮੋਰਚੇ ਦੀ ਬੈਠਕ ਵਿਚ ਇਸ ਬਾਰੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਚਡੂਨੀ ਨੇ ਇਹ ਵੀ ਕਿਹਾ ਕਿ ਰੇਲ ਰੋਕੋ ਮੁਹਿੰਮ ਦੀ ਸਫਲਤਾ ਇਹ ਤੈਅ ਕਰੇਗੀ ਕਿ ਕਿਸਾਨ ਅੰਦੋਲਨ ਦਾ ਦੇਸ਼ ਵਿਚ ਕਿੰਨਾ ਅਸਰ ਹੈ।


Bharat Thapa

Content Editor

Related News