ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ

Wednesday, Apr 10, 2024 - 01:03 PM (IST)

ਸੰਗਰੂਰ (ਸਿੰਗਲਾ) : ਸੂਬੇ ’ਚ ਇਸ ਗਰਮੀ ਦੇ ਮੌਸਮ ਦੌਰਾਨ ਦਿਨ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ, ਇਸ ਮੌਸਮ ’ਚ ਸਭ ਤੋਂ ਵੱਡੀ ਸਮੱਸਿਆ ਹੈ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਬੀਮਾਰੀਆਂ। ਇਸ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਕੁੱਝ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦਾ ਹੈ।

ਇਹ ਵੀ ਪੜ੍ਹੋ : ਪਿਆਰ ਸਿਰੇ ਚੜ੍ਹਦਾ ਨਾ ਦੇਖ ਹੋਸ਼ ਗੁਆ ਬੈਠੀ ਕੁੜੀ, ਪ੍ਰੇਮੀ ਸਾਹਮਣੇ ਖ਼ੁਦ ਨੂੰ ਲਾ ਲਈ ਅੱਗ

ਉਨ੍ਹਾਂ ਕਿਹਾ ਕਿ ਨਵ ਜਨਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ’ਤੇ ਬੀਮਾਰ ਲੋਕਾਂ , ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਆਦਿ ਨੂੰ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੜਕਦੀ ਧੁੱਪ ’ਚ ਨਾ ਨਿਕਲਿਆ ਜਾਵੇ, ਇਸ ਲਈ ਸਾਨੂੰ ਬਾਹਰਲੇ ਕੰਮ ਸਵੇਰੇ ਸ਼ਾਮ ਕਰਨੇ ਚਾਹੀਦੇ ਹਨ , ਹਰ ਅੱਧੇ ਘੰਟੇ ਬਾਅਦ ਭਾਵੇਂ ਪਿਆਸ ਨਾ ਵੀ ਹੋਵੇ ਪਾਣੀ ਪੀਣਾ ਚਾਹੀਦਾ ਹੈ ਪਰ ਮਿਰਗੀ ਜਾਂ ਦਿਲ ਦੀ ਬੀਮਾਰੀ, ਗੁਰਦੇ ਜਾਂ ਜਿਗਰ ਦੀ ਬੀਮਾਰੀ ਵਾਲੇ ਵਿਅਕਤੀ ਜੋ ਤਰਲ ਪਦਾਰਥਾਂ ਦੀ ਸੀਮਿਤ ਖੁਰਾਕ ’ਤੇ ਹਨ ਨੂੰ ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Headphone ਲਾ ਕੇ ਗੱਲਾਂ ਕਰਨ ਤੇ ਗਾਣੇ ਸੁਣਨ ਵਾਲੇ ਹੋ ਜਾਣ Alert, ਫ਼ਿਕਰਾਂ 'ਚ ਪਾ ਦੇਵੇਗੀ ਇਹ ਖ਼ਬਰ

ਉਨ੍ਹਾਂ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੋਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ, ਨੰਗੇ ਪੈਰ ਧੁੱਪ ’ਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ’ਚ ਕੰਮ ਕਰਦੇ ਹਨ ਉਹ ਸਰੀਰ ਦਾ ਤਾਪਮਾਨ 37 ਡਿਗਰੀ ਰੱਖਣ ਲਈ ਥੋੜ੍ਹੀ ਦੇਰ ਬਾਅਦ ਛਾਵੇਂ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ’ਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ।

ਉਨ੍ਹਾਂ ਕਿਹਾ ਕਿ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ’ਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ਦੌਰਾਨ ਸਾਨੂੰ ਓ. ਆਰ. ਐੱਸ., ਨਿੰਬੂ ਪਾਣੀ, ਲੱਸੀ, ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਅਤੇ ਆਪਣੀ ਚਮੜੀ ਦੀ ਰੱਖਿਆ ਲਈ ਸੰਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਕਾਲੇ ਚਸਮੇ ਪਹਿਨੋ , ਥੋੜਾ ਖਾਣਾ ਖਾਓ ਅਤੇ ਜ਼ਿਆਦਾ ਵਾਰ ਖਾਓ, ਠੰਢੇ ਪਾਣੀ ’ਚ ਨਹਾਓ , ਸੂਤੀ ਕੱਪੜੇ ਤੋਂ ਬਣੇ ਹਲਕੇ ਰੰਗ ਦੇ ਮਾਸਕ ਪਹਿਨੋ, ਜੇ ਕਸਰਤ ਕਰਦੇ ਹੋ ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਹੌਲੀ-ਹੌਲੀ ਵਧਾਓ ਤਾਂ ਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੋਵੇ।

ਰਵਾਇਤੀ ਇਲਾਡ ਜਿਵੇਂ ਪਿਆਜ਼ ਦਾ ਸਲਾਦ, ਕੱਚਾ ਅੰਬ ਦੇ ਨਾਲ ਨਮਕ ਅਤੇ ਜੀਰਾ ਖਾਓ ਇਹ ਗਰਮੀ ਦੇ ਦੌਰੇ ਤੋਂ ਬਚਾ ਸਕਦੇ ਹਨ। ਆਪਣੇ ਘਰ ਨੂੰ ਹਵਾਦਾਰ ਅਤੇ ਠੰਡਾ ਰੱਖੋ, ਕਮਰੇ ਦੀ ਹਵਾ ਨੂੰ ਠੰਡਾ ਕਰਨ ਲਈ ਕਮਰੇ ’ਚ ਗਿੱਲੇ ਤੋਲੀਏ ਟੰਗ ਦਿਓ ਅਤੇ ਹੇਠਲੀ ਮੰਜ਼ਿਲ ’ਤੇ ਰਹਿਣ ਦੀ ਕੋਸ਼ਿਸ਼ ਕਰੋ। ਗਰਮੀ ਦੇ ਸਿਖਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕਰੋ ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੀਆਂ ਰੱਖੋ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕਾਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ ਅਤੇ ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News