ਪੰਜਾਬ 'ਚ ਵੋਟਿੰਗ ਵਾਲੇ ਦਿਨ ਗਰਮੀ ਤੇ ਲੂ ਤੋਂ ਬਚਾਅ ਲਈ ਪਲਾਨਿੰਗ ਸ਼ੁਰੂ, ਨਹੀਂ ਹੋਵੇਗੀ ਕੋਈ ਪਰੇਸ਼ਾਨੀ

Wednesday, Apr 17, 2024 - 01:42 PM (IST)

ਪੰਜਾਬ 'ਚ ਵੋਟਿੰਗ ਵਾਲੇ ਦਿਨ ਗਰਮੀ ਤੇ ਲੂ ਤੋਂ ਬਚਾਅ ਲਈ ਪਲਾਨਿੰਗ ਸ਼ੁਰੂ, ਨਹੀਂ ਹੋਵੇਗੀ ਕੋਈ ਪਰੇਸ਼ਾਨੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 1 ਜੂਨ ਨੂੰ ਪੰਜਾਬ 'ਚ ਹੋਣ ਵਾਲੀ ਵੋਟਿੰਗ ਦੌਰਾਨ ਗਰਮੀ ਤੋਂ ਬਚਾਅ ਲਈ ਵਿਓਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਮੁੱਖ ਮੰਤਵ ਵੋਟਰਾਂ ਨੂੰ ਗਰਮੀ ਦੇ ਮੌਸਮ 'ਚ ਗਰਮੀ ਅਤੇ ਲੂ ਤੋਂ ਬਚਾਅ ਕੇ ਰੱਖਣਾ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਇਸ ਸਬੰਧੀ ਬੁਲਾਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਇੱਕ ਵੋਟਿੰਗ ਕੇਂਦਰ 'ਚ ਪੀਣ ਵਾਲੇ ਪਾਣੀ, ਟਾਇਲਟ, ਬਿਜਲੀ, ਪੱਖੇ ਅਤ ਕੂਲਰ ਦਾ ਪ੍ਰਬੰਧ, ਲੋੜ ਅਨੁਸਾਰ ਇਨਵਰਟਰ/ਜਰਨੇਟਰ ਦਾ ਪ੍ਰਬੰਧ, ਬਜ਼ੁਰਗ, ਵਿਸ਼ੇਸ ਲੋੜਾਂ ਵਾਲੇ ਅਤੇ ਔਰਤਾਂ ਲਈ ਵੇਟਿੰਗ ਹਾਲ, ਦਿਵਿਆਂਗਜਨਾਂ ਲਈ ਵ੍ਹੀਲ ਚੇਅਰ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਅਚਾਨਕ ਪਿਆ ਪੁਲਸ ਦਾ ਛਾਪਾ, ਮੌਕੇ 'ਤੇ ਫੜ੍ਹ ਲਈ ਕੁੜੀ

ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਵਿਧਾਨ ਸਭਾ ਖੇਤਰਾਂ 'ਚ ਲੋੜ ਮੁਤਾਬਕ ਇਨ੍ਹਾਂ ਚੀਜ਼ਾਂ ਦਾ ਪ੍ਰਬੰਧ ਰੱਖਣ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੇ ਸਕੂਲਾਂ 'ਚ ਵੋਟਿੰਗ ਕੇਂਦਰ ਬਣੇ ਹਨ, ਉਨ੍ਹਾਂ ਸਕੂਲਾਂ ਨੂੰ ਹਦਾਇਤ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਸਟਾਫ਼ ਨੂੰ ਚੰਗਾ ਫਰਨੀਚਰ ਮੁਹੱਈਆ ਕਰਵਾਇਆ ਜਾਵੇ। ਚੋਣਾਂ ਦੌਰਾਨ ਨੌਜਵਾਨਾਂ, ਖ਼ਾਸਕਰ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਵਧਾਉਣ ਲਈ ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ, ਐੱਨ. ਐੱਸ. ਐੱਸ. ਅਤੇ ਐੱਨ. ਸੀ. ਸੀ. ਵਾਲੰਟੀਅਰ, ਗੈਰ ਸਰਕਾਰ ਸੰਸਥਾਵਾਂ ਅਤੇ ਹੋਰਨਾਂ ਨੌਜਵਾਨਾਂ ਨੂੰ ਵਾਲੰਟੀਅਰ ਦੇ ਤੌਰ 'ਤੇ ਵੱਖ-ਵੱਖ ਵੋਟਿੰਗ ਕੇਂਦਰਾਂ ਵਿਖੇ ਤਾਇਨਾਤ ਕੀਤਾ ਜਾਵੇ।

ਇਹ ਵੀ ਪੜ੍ਹੋ : 35 ਸਾਲਾਂ ਤੋਂ ਸਾਧ ਬਣ ਕੇ ਘੁੰਮ ਰਿਹਾ ਸੀ ਕਾਤਲ, ਖ਼ੁਦ 9 ਮਹੀਨੇ ਸਾਧੂ ਬਣ ਪੁਲਸ ਨੇ ਇੰਝ ਨੱਪਿਆ

ਇਹ ਨੌਜਵਾਨ ਵੋਟਰਾਂ ਦੀ ਵੱਖ-ਵੱਖ ਥਾਂ 'ਤੇ ਮਦਦ ਕਰਨਗੇ ਅਤੇ ਨਾਲ ਹੀ ਜ਼ਿੰਦਗੀ ਦੇ ਅਹਿਮ ਪਹਿਲੂ ਬਾਰੇ ਸਿੱਖਣਗੇ। ਉਨ੍ਹਾਂ ਦੱਸਿਆ ਕਿ ਮਦਦ ਕਰਨ ਆਏ ਵਾਲੰਟੀਅਰ ਨੌਜਵਾਨਾਂ ਨੂੰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਜਾਣਗੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹਰ ਇੱਕ ਹਲਕੇ 'ਚ ਆਪਣੇ ਦੋ-ਦੋ ਮੋਬਾਇਲ ਵੈੱਨਾਂ ਤਾਇਨਾਤ ਕਰਨ ਅਤੇ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰ ਨਾਲ ਸੰਪਰਕ ਰੱਖਣ। ਸਿਹਤ ਵਿਭਾਗ ਨੂੰ ਨਾਲ ਹੀ ਹਦਾਇਤ ਕੀਤੀ ਗਈ ਕਿ ਮਤਦਾਨ ਕੇਂਦਰਾਂ ਵਿਖੇ ਜਿਹੜੀਆਂ ਸਿਹਤ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ 'ਚ ਵਧੇਰੇ ਓ. ਆਰ. ਐੱਸ. ਘੋਲ ਦੇ ਪੈਕਟ ਸ਼ਾਮਲ ਕੀਤੇ ਜਾਣ ਤਾਂ ਜੋ ਗਰਮੀ ਦੇ ਮੌਸਮ 'ਚ ਉਸ ਦਾ ਇਸਤਮਾਲ ਕੀਤਾ ਜਾ ਸਕੇ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੋਹਲ, ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸਤਵੰਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਤਪਾ ਡਾ. ਪੂਨਮਪ੍ਰੀਤ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਵਰਿੰਦਰ ਸਿੰਘ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਜਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਸੁੰਧਰਾ ਕਪਿਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਅਤੇ ਹੋਰ ਅਫ਼ਸਰ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News