ਅਨੁਸੂਚਿਤ ਜਾਤੀਆਂ ਲਈ ਚੋਣਾਂ ’ਚ ਮੁੱਦਾ ਨਹੀਂ ਬਣ ਸਕਿਆ ''ਰਾਖਵਾਂਕਰਨ''

06/15/2024 11:16:03 AM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਨੁਸੂਚਿਤ ਜਾਤੀ (SC) ਨਾਲ ਸਬੰਧਿਤ ਸੀਟਾਂ ’ਤੇ ਭਾਵੇਂ ਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਆਸਾਮ, ਓਡਿਸ਼ਾ, ਝਾਰਖੰਡ ਅਤੇ ਤ੍ਰਿਪੁਰਾ ਦੀਆਂ ਅਨੁਸੂਚਿਤ ਜਨਜਾਤੀ (ST) ਦੇ ਦਬਦਬੇ ਵਾਲੀਆਂ ਸੀਟਾਂ ’ਤੇ ਉਸ ਦੇ ਪ੍ਰਦਰਸ਼ਨ ’ਤੇ ਕੋਈ ਬਹੁਤਾ ਫਰਕ ਨਹੀਂ ਆਇਆ ਅਤੇ ਇਨ੍ਹਾਂ ਸੂਬਿਆਂ ’ਚ ਭਾਜਪਾ ਨੇ ਆਸਾਨੀ ਨਾਲ ST ਦੇ ਦਬਦਬੇ ਵਾਲੀਆਂ ਸੀਟਾਂ ਜਿੱਤ ਲਈਆਂ।

ਹੇਮੰਤ ਸੋਰੇਨ ਦੀ ਗ੍ਰਿਫਤਾਰੀ ਨਾਲ ਪੈਦਾ ਹੋਈ ਹਮਦਰਦੀ ਦੀ ਲਹਿਰ ਨੇ ਝਾਰਖੰਡ ਵਿਚ ਭਾਜਪਾ ਨੂੰ ਨੁਕਸਾਨ ਪਹੁੰਚਾਇਆ, ਨਹੀਂ ਤਾਂ ਪਾਰਟੀ ਉੱਥੇ ਵੀ ਕਲੀਨ ਸਵੀਪ ਕਰ ਸਕਦੀ ਸੀ। ਅਸਲ ’ਚ ਅਨੁਸੂਚਿਤ ਜਾਤੀ ਦੇ ਵੋਟਰਾਂ ਨੂੰ ਡਰ ਸੀ ਕਿ ਜੇਕਰ NDA ਦੁਬਾਰਾ ਸੱਤਾ ’ਚ ਆਉਂਦਾ ਹੈ ਤਾਂ ਇਹ ਰਾਖਵਾਂਕਰਨ ਖ਼ਤਮ ਕਰ ਦੇਵੇਗਾ। ਇਸ ਭਾਈਚਾਰੇ ਦੇ ਭਾਜਪਾ ਤੋਂ ਦੂਰ ਜਾਣ ਦਾ ਸਿਲਸਿਲਾ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।

ਹਾਲਾਂਕਿ, ਅਨੁਸੂਚਿਤ ਜਨਜਾਤੀ ਦੇ ਵੋਟਰਾਂ ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ। ਜੇਕਰ ਭਾਜਪਾ ਕੋਟੇ ਨੂੰ ਹਟਾਉਣ ਦਾ ਵਿਚਾਰ ਕਰਦੀ ਤਾਂ ਇਸ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲਿਆਂ ਦੋਵਾਂ ਨੂੰ ਬਰਾਬਰ ਦਾ ਨੁਕਸਾਨ ਹੋਣਾ ਸੀ ਪਰ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਉੱਤਰ ਪ੍ਰਦੇਸ਼ ਦੀਆਂ ਅਨੁਸੂਚਿਤ ਜਾਤੀਆਂ ਦੇ ਦਬਦਬੇ ਵਾਲੀਆਂ ਸੀਟਾਂ ’ਤੇ ਵੋਟਰਾਂ ਨੇ ਭਾਜਪਾ ਖਿਲਾਫ ਵੋਟਾਂ ਪਾਈਆਂ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਉਨ੍ਹਾਂ 22 ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਅਨੁਸੂਚਿਤ ਜਾਤੀਆਂ ਦੀ ਕੁੱਲ ਆਬਾਦੀ 20 ਫੀਸਦੀ ਤੋਂ ਵੱਧ ਹੈ।

ਭੂਗੋਲਿਕ ਦੂਰੀ ਕਾਰਨ ਪੱਛੜੇ ਆਦਿਵਾਸੀ

ਭਾਵੇਂ ਹੀ SC ਅਤੇ ST ਦੋਵਾਂ ਭਾਈਚਾਰਿਆਂ ਨੂੰ ਰਾਖਵੇਂਕਰਨ ਦਾ ਲਾਭ ਮਿਲਦਾ ਹੈ ਪਰ ਉਨ੍ਹਾਂ ਦੀ ਦੁਨੀਆ ਇਕੋ ਜਿਹੀ ਨਹੀਂ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਐੱਸ. ਟੀ. ਭਾਈਚਾਰੇ ਕੋਲ ਬਾਬਾ ਸਾਹਿਬ ਅੰਬੇਡਕਰ ਵਰਗਾ ਆਪਣਾ ਕੋਈ ਰਾਸ਼ਟਰੀ ਨਾਇਕ ਨਹੀਂ ਹੈ। ਇਕ ਜਵਾਬ ਇਹ ਵੀ ਹੈ ਕਿ ਗ਼ਰੀਬ ਅਤੇ ਇਤਿਹਾਸਕ ਤੌਰ ’ਤੇ ਵਾਂਝੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਮਾਜਿਕ ਪੱਛੜੇਪਨ ਦਾ ਕਾਰਨ ਅਜਿਹਾ ਕੰਮਾਂ ਕਾਰਨ ਨਹੀਂ ਹੈ ਜਿਸ ਨੂੰ ਅਛੂਤ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਪੱਛੜੇਪਨ ਦਾ ਕਾਰਨ ਭੂਗੋਲਿਕ ਦੂਰੀ ਹੈ। ਐੱਸ. ਟੀ. ਸਮਾਜ ਦੇ ਪੇਸ਼ੇ ਨੂੰ ਬੁਰਾ ਨਹੀਂ ਸਮਝਿਆ ਗਿਆ। ਅੱਜ ਵੀ 80 ਫੀਸਦੀ ਭਾਈਚਾਰਾ ਖੇਤੀ, ਬਾਗਬਾਨੀ, ਮੱਛੀ ਫੜਨ ਆਦਿ ਦਾ ਕੰਮ ਕਰਦਾ ਹੈ।

'ਇਹ ਆਮ ਆਬਾਦੀ ਦੇ 53 ਫੀਸਦੀ ਅੰਕੜੇ ਨਾਲੋਂ ਬਹੁਤ ਜ਼ਿਆਦਾ ਹੈ। ਆਧੁਨਿਕ ਯੁੱਗ ਤੋਂ ਪਹਿਲਾਂ ਕੁਝ ਕਬਾਇਲੀ ਸ਼ਾਸਕ ਸਨ, ਜਿਨ੍ਹਾਂ ਨੂੰ ਖੱਤਰੀ ਮੰਨਿਆ ਜਾਂਦਾ ਸੀ। ਇਨ੍ਹਾਂ ਵਿਚੋਂ ਕੁਝ ਅੱਜ ਵੀ ਹਨ, ਇਸ ਤੋਂ ਇਲਾਵਾ ਕੁਝ ਕਬੀਲਿਆਂ ਦੀਆਂ ਜੜ੍ਹਾਂ ਭਗਤੀ ਲਹਿਰ ਰਾਹੀਂ ਹਿੰਦੂਤਵ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਗੁਆਂਢੀ ਹਿੰਦੂ ਉਨ੍ਹਾਂ ਨੂੰ ਆਪਣੇ ਨਾਲੋਂ ਨੀਵਾਂ ਨਹੀਂ ਸਮਝਦੇ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਓਡਿਸ਼ਾ ਦੇ ਜਗਨਨਾਥ ਪੰਥ ਦਾ ਕਬਾਇਲੀ ਅਤੀਤ ਹੋ ਸਕਦਾ ਹੈ। ਇਹ ਇਤਿਹਾਸਕ ਵਿਸ਼ੇਸ਼ਤਾਵਾਂ ਦੱਸਦੀਆਂ ਹਨ ਕਿ ਉਹ ਰਾਖਵੇਂਕਰਨ ਦੇ ਮੁੱਦੇ ’ਤੇ ਚੁੱਪ ਕਿਉਂ ਰਹੇ।

ਸਮਾਜਿਕ ਵਿਤਕਰੇ ਕਾਰਨ ਮੁੱਦਾ ਬਣਿਆ ਰਾਖਵਾਂਕਰਨ

ਜੇਕਰ ਐੱਸ. ਸੀ ਸਮਾਜ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦੀ ਸਥਿਤੀ ਐੱਸ. ਟੀ. ਦੇ ਮੁਕਾਬਲੇ ਬਿਲਕੁਲ ਵੱਖਰੀ ਸੀ। ਉਹ ਲੋਕ ਹਿੰਦੂ ਸਮਾਜ ਦੇ ਅੰਦਰ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਅਜਿਹੇ ਪੇਸ਼ੇ ਅਪਣਾਉਣੇ ਪੈਂਦੇ ਸਨ, ਜਿਨ੍ਹਾਂ ਨੂੰ ਸਮਾਜਿਕ ਤੌਰ ’ਤੇ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਂਦਾ ਸੀ। ਇਸ ਭਾਈਚਾਰੇ ਲਈ ਸਮਾਜ ’ਚ ਅੱਗੇ ਵਧਣ ਦਾ ਰਾਹ ਸਿੱਖਿਆ ਅਤੇ ਨੌਕਰੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਲਈ ਰਾਖਵਾਂਕਰਨ ਇੰਨਾ ਮਹੱਤਵਪੂਰਨ ਕਿਉਂ ਹੈ। ਇਸੇ ਤਰ੍ਹਾਂ ਦੇ ਸੰਘਰਸ਼ਾਂ ਦੇ ਬਾਵਜੂਦ ਜੇਕਰ ਐੱਸ. ਟੀ. ਅਤੇ ਐੱਸ. ਸੀ. ਭਾਈਚਾਰਿਆਂ ਦੀ ਸਾਂਝੀ ਲੀਡਰਸ਼ਿਪ ਨਹੀਂ ਬਣ ਸਕੀ ਤਾਂ ਇਸ ਦਾ ਕਾਰਨ ਇਹੀ ਮੂਲ ਅੰਤਰ ਹੈ। ਹਾਲਾਂਕਿ ਇਹ ਵਿਡੰਬਨਾ ਹੈ ਕਿ ਭਾਵੇਂ ਐੱਸ. ਟੀ. ਭਾਈਚਾਰੇ ਨੂੰ ਐੱਸ. ਸੀ. ਦੀ ਤਰ੍ਹਾਂ ਘੱਟ ਨਹੀਂ ਸਮਝਿਆ ਜਾਂਦਾ ਪਰ ਵਿਕਾਸ ਦੇ ਸਾਰੇ ਮਾਪਦੰਡਾਂ ’ਤੇ ਉਹ ਬਹੁਤ ਪਿੱਛੇ ਹਨ। ਜੇਕਰ ਇਸ ਚੋਣ ਵਿਚ ਰਾਖਵਾਂਕਰਨ ਇਕ ਪ੍ਰਭਾਵੀ ਮੁੱਦਾ ਨਹੀ ਬਣਦਾ ਤਾਂ ਸ਼ਾਇਦ ਅਸੀਂ ਐੱਸ. ਟੀ. ਅਤੇ ਐੱਸ. ਸੀ. ਦੇ ਅੰਤਰ ਨੂੰ ਨਜ਼ਰਅੰਦਾਜ਼ ਕਰ ਦਿੰਦੇ।


Tanu

Content Editor

Related News