ਅਕਾਲੀ ਦਲ ਦਾ ਹਰ ਵਾਰ ਕਰਤਾਰਪੁਰ ਤੋਂ ਉਮੀਦਵਾਰ ਬਦਲਣਾ ਪਾਰਟੀ ਨੂੰ ਮਜ਼ਬੂਤੀ ਨਹੀਂ ਦੇ ਸਕਿਆ

Saturday, Jun 08, 2024 - 07:05 PM (IST)

ਕਰਤਾਰਪੁਰ (ਸਾਹਨੀ) : ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਸਾਰੀਆਂ ਪਾਰਟੀਆਂ ਲਈ ਉਨ੍ਹਾਂ ਦੀ ਪਰਫਾਸਮੈਂਸ ਦੇ ਆਧਾਰ ’ਤੇ ਨਤੀਜੇ ਵੀ ਆ ਗਏ ਹਨ। ਇਸ ਵਾਰ ਦੀਆਂ ਚੋਣਾਂ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਪਾਰਟੀ ਬਦਲਣ ਦੀ ਵੱਡੀ ਹੱਲਾਸ਼ੇਰੀ ਵੀ ਵੇਖਣ ਨੂੰ ਮਿਲੀ, ਜੋ ਕਿ ਕਿਤੇ ਨਾ ਕਿਤੇ ਪਾਰਟੀ ਤੇ ਵਰਕਰਾਂ ਦੀ ਹੋਂਦ ’ਤੇ ਸਵਾਲੀਆ ਨਿਸ਼ਾਨ ਲਾ ਰਹੀ ਸੀ। ਲੋਕ ਸਭਾ ਹਲਕਾ ਜਲੰਧਰ ਅਧੀਨ ਵਿਧਾਨਸਭਾ ਹਲਕਾ ਕਰਤਾਰਪੁਰ 33 ਰਿਜ਼ਰਵ ਕਰੀਬ 50 ਸਾਲ ਤੱਕ ਕਾਂਗਰਸ ਦਾ ਅਭੇਦ ਕਿਲਾ ਰਿਹਾ, ਜਿੱਥੇ ਪਹਿਲਾ ਮਾਸਟਰ ਗੁਰਬੰਤਾ ਸਿੰਘ ਮੰਤਰੀ ਰਹੇ। ਉਨ੍ਹਾਂ ਦੇ ਪਰਿਵਾਰ ਤੋਂ ਉਨ੍ਹਾਂ ਦੇ ਵੱਡੇ ਪੁੱਤਰ ਚੌਧਰੀ ਜਗਜੀਤ ਸਿੰਘ ਨੇ 5 ਵਿਧਾਨ ਸਭਾ ਚੋਣਾਂ ਲਗਾਤਾਰ ਜਿੱਤੀਆਂ, ਜਿਸ ਨੂੰ 2007 ’ਚ ਪਹਿਲੀ ਵਾਰ ਅਕਾਲੀ-ਭਾਜਪਾ ਦੇ ਉਮੀਦਵਾਰ ਅਵਿਨਾਸ਼ ਚੰਦਰ ਨੇ 51 ਫੀਸਦੀ ਤੋਂ ਵੱਧ ਵੋਟਾਂ ਨਾਲ ਫਤਹਿ ਕੀਤਾ। ਅਵਿਨਾਸ਼ ਚੰਦਰ ਪਹਿਲਾ ਬਸਪਾ ਦੇ ਆਗੂ ਵੀ ਸਨ ਅਤੇ ਉਨ੍ਹਾਂ ਦਿਨਾਂ ’ਚ ਹੀ ਅਕਾਲੀ-ਭਾਜਪਾ ਨਾ ਜੁੜੇ ਸਨ। 2007 ’ਚ ਚੌਧਰੀ ਜਗਜੀਤ ਸਿੰਘ ਨੂੰ ਕਰੀਬ 11 ਹਜ਼ਾਰ ਦੀ ਲੀਡ ਨਾਲ ਹਰਾ ਕੇ ਉਹ ਵਿਧਾਨ ਸਭਾ ’ਚ ਗਏ ਅਤੇ ਪਾਰਲੀਮਾਨੀ ਸਕੱਤਰ ਵੀ ਬਣੇ ਪਰ 2012 ’ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇਸ ਕਰਤਾਰਪਰ ਹਲਕੇ ਤੋਂ ਉਮੀਦਵਾਰ ਮੁੜ ਬਦਲ ਦਿੱਤਾ ਅਤੇ ਫਿਲੌਰ ਤੋਂ ਕੈਬਿਨੇਟ ਮੰਤਰੀ ਰਹਿ ਚੁੱਕੇ ਸਰਵਨ ਸਿੰਘ ਫਿਲੌਰ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਪਰ ਇਸ ਵਾਰ ਚੌਧਰੀ ਜਗਜੀਤ ਸਿੰਘ ਨਾਲ ਸਰਵਨ ਸਿੰਘ ਫਿਲੌਰ ਨਾਲ ਜਿੱਤ ਦਾ ਫਰਕ ਘੱਟ ਕੇ ਸਿਰਫ਼ 823 ਵੋਟਾਂ ਦਾ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼ 

ਇਸ ਦੌਰਾਨ 2015 ’ਚ ਚੌਧਰੀ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਸਮੇਂ ਦੇ ਨਾਲ 2017 ਦੀਆਂ ਚੋਣਾਂ ਆਈਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਫਿਰ ਤੋਂ ਉਮੀਦਵਾਰ ਬਦਲ ਕੇ ਕਾਂਗਰਸ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਤਪਾਲ ਮੱਲ ਨੂੰ ਇਸ ਹਲਕੇ ਤੋਂ ਚੋਣ ਲੜਾਈ ਪਰ ਇਸ ਵਾਰ ਚੌਧਰੀ ਸੁਰਿੰਦਰ ਸਿੰਘ ਨੇ 6 ਹਜ਼ਾਰ ਤੋਂ ਵੱਧ ਦੀ ਲੀਡ ਨਾਲ ਹਲਕਾ ਕਾਂਗਰਸ ਦਾ ਝੰਡਾ ਬੁਲੰਦ ਕਰ ਦਿੱਤਾ। ਸਮੇਂ ਦੇ ਨਾਲ 2022 ਦੀਆਂ ਚੋਣਾਂ ਫਿਰ ਆਈਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਉਮੀਦਵਾਰ ਬਦਲਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਸੱਤਪਾਲ ਮੱਲ ਦੀ ਥਾਂ ਬਸਪਾ ਨਾਲ ਹੋਏ ਸਮਝੌਤੇ ’ਤੇ ਬਸਪਾ ਵੱਲੋਂ ਬਲਵਿੰਦਰ ਕੁਮਾਰ ਨੂੰ ਇਸ ਹਲਕੇ ਤੋ ਉਮੀਦਵਾਰ ਐਲਾਨ ਦਿੱਤਾ, ਜੋ ਕਿ 2022 ਦੀ ‘ਆਪ’ ਦੀ ਲਹਿਰ ’ਚ ਇਹ ਪਾਰਟੀ ਤੀਸਰੇ ਨੰਬਰ ’ਤੇ ਆਈ ਸੀ। ਇਸ ਸਾਰੇ ਘਟਨਾਕ੍ਰਮ ’ਚ ਪਾਰਟੀ ਵੱਲੋਂ ਇਸ ਹਲਕੇ ਨੂੰ ਪੱਕੇ ਤੌਰ ’ਤੇ ਆਗੂ ਨਾ ਦੇਣਾ ਤੇ ਪਾਰਟੀ ਆਗੂਆਂ ਦੀ ਆਪਸੀ ਖਿੱਚੋਤਾਣ ਨੇ ਪਾਰਟੀ ਦੇ ਵੱਕਾਰ ਨੂੰ ਕਮਜ਼ੋਰ ਕਰ ਦਿੱਤਾ। ਦੱਸਣਯੋਗ ਹੈ ਕਿ 2007 ਤੋਂ 2017 ਤੱਕ ਕਾਂਗਰਸ ਦਾ ਹਲਕੇ ਦਾ ਵੋਟ ਫੀਸਦੀ ਪਹਿਲਾਂ 43, ਫਿਰ 41 ਤੇ ਫਿਰ 37 ਫੀਸਦੀ ਤੱਕ ਗਿਆ, ਜਦਕਿ ਅਕਾਲੀ ਦਲ ਦਾ ਪਹਿਲਾਂ 51, ਫਿਰ 41 ਅਤੇ ਫਿਰ 32 ਫੀਸਦੀ ਤੱਕ ਆ ਗਿਆ ਸੀ, ਜੋ ਕਿ ਬਾਅਦ ’ਚ 2022 ਦੀਆਂ ਚੋਣਾਂ ’ਚ ਘੱਟ ਕੇ ਕਾਂਗਰਸ ਦਾ ਕਰੀਬ 30 ਫੀਸਦੀ, ਅਕਾਲੀ-ਬਸਪਾ ਦਾ 27 ਫੀਸਦੀ ਤੇ ‘ਆਪ’ ਦਾ 33 ਫੀਸਦੀ ਤੋਂ ਵੀ ਵੱਧ ਗਿਆ, ਜਿਸ ਦਾ ਸਿੱਧਾ ਅਸਰ ਹਰ ਪਾਰਟੀ ਵਰਕਰ ’ਤੇ ਪੈਂਦਾ ਰਿਹਾ।

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਹਾਰਨ ਵਾਲੇ ਪੰਜਾਬ ਦੇ ਨੇਤਾਵਾਂ ’ਚੋਂ ਸਿਰਫ਼ ਚੰਨੀ ਨੂੰ ਮਿਲੀ ਲੋਕ ਸਭਾ ’ਚ ਐਂਟਰੀ

2024 ਦੀਆਂ ਚੋਣਾਂ ’ਚ ਕਾਂਗਰਸ ਆਪਣੇ ਵੋਟ ਬੈਂਕ ਤੱਕ ਮੁੜ ਪਹੁੰਚ ਗਈ ਹੈ। ਲੋਕ ਸਭਾ ਚੋਣਾਂ ਦੇ 2019 ਦੇ ਨਤੀਜਿਆਂ ’ਚ ਕਾਂਗਰਸ ਦਾ ਵੋਟ ਕਰੀਬ 37 ਫੀਸਦੀ ਸੀ, ਜੋ ਕਿ 2023 ਦੀ ਲੋਕ ਸਭਾ ਦੀ ਉਪ ਚੋਣ ’ਚ ਕਾਂਗਰਸ ਨੂੰ 24061 ਵੋਟ ਪਈਆਂ, ਅਕਾਲੀ-ਬਸਪਾ ਨੂੰ 27269 ਵੋਟਾਂ, ‘ਆਪ’ ਨੂੰ 37951 ਵੋਟ, ਜਦਕਿ ਲੋਕ ਸਭਾ ’ਚ ਪਹਿਲੀ ਵਾਰ ਇੱਕਲੇ ਚੋਣ ਲੜ ਰਹੀ ਭਾਜਪਾ ਨੂੰ 8354 ਵੋਟਾਂ ਮਿਲੀਆਂ ਸਨ, ਜਦਕਿ ਸਿਰਫ ਇਕ ਸਾਲ ਬਾਅਦ ਮੁੜ ਲੋਕ ਸਭਾ ਚੋਣਾਂ ’ਚ ਇਹ ਗ੍ਰਾਫ਼ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਉੱਪਰ ਹੇਠਾਂ ਕਰ ਗਿਆ, ਜਿਸ ’ਚ ਕਾਂਗਰਸ ਨੇ ਲੰਬੀ ਛਲਾਂਗ ਲਗਾਉਦਿਆਂ 45158 ਵੋਟਾਂ, ਅਕਾਲੀ ਦਲ ਨੇ ਵੀ ਇਕੱਲਿਆਂ ਚੋਣ ਲੜਦਿਆਂ ਪਹਿਲੀ ਵਾਰ 8233 ਵੋਟਾਂ (10 ਹਜ਼ਾਰ ਤੋਂ ਹੇਠਾਂ), ਜੋ ਕਿ ਮੁੱਖ ਰਾਜਨੀਤਕ ਪਾਰਟੀਆਂ ’ਚ ਸਭ ਤੋ ਘੱਟ ਵੇਖਣ ਨੂੰ ਮਿਲੀਆਂ, ‘ਆਪ’ ਨੂੰ 29106 ਵੋਟਾਂ ਮਿਲੀਆਂ, ਜਦਕਿ ਭਾਜਪਾ 11856 ਵੋਟਾਂ ਨਾਲ ਤੀਸਰੇ ਨੰਬਰ ’ਤੇ ਬਸਪਾ 11851 ਵੋਟਾਂ ਨਾਲ ਚੌਥੇ ਨੰਬਰ ’ਤੇ ਆਈ। ਇਨ੍ਹਾਂ ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਪਾਰਟੀ ਦੀ ਸਥਿਰਤਾ ਲਈ ਪਾਰਟੀ ਅਤੇ ਲੋਕ ਪੱਖੀ ਸੋਚ ਵਾਲੇ ਜੁਝਾਰੂ ਵਰਕਰ, ਸਥਾਈ ਆਗੂਆਂ ਦੀ ਸਥਿਰਤਾ ਵੀ ਜ਼ਰੂਰੀ ਹੈ, ਜਿਸ ਨਾਲ ਹੀ ਪਾਰਟੀ ਨੂੰ ਮਜ਼ਬੂਤੀ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ : 1,17,346 ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵਲੋਂ ਜਾਰੀ ਹੋਈ ਸਕਾਲਰਸ਼ਿਪ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News