ਚੋਣਾਂ ’ਚ ਓਡਿਸ਼ਾ ’ਚ ਕਿੰਨਾ ਕਾਰਗਰ ਸਾਬਿਤ ਹੋਵੇਗਾ ‘ਉੜੀਆ ਅਸਮਿਤਾ’ ਦਾ ਮੁੱਦਾ!

05/31/2024 11:13:13 AM

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਓਡਿਸ਼ਾ ’ਚ ਭਾਜਪਾ ਦਾ ਫੋਕਸ ਬੀਜੂ ਜਨਤਾ ਦਲ (ਬੀਜਦ) ਸਰਕਾਰ ਦੇ ਖਿਲਾਫ ਨਾ ਤਾਂ ਭਾਈਚਾਰਕਵਾਦ ਅਤੇ ਨਾ ਹੀ ਵਿਕਾਸ ਦੇ ਵਾਅਦੇ ’ਤੇ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਇਸ ਵਾਰ ਸੂਬੇ ’ਚ ‘ਉੜੀਆ ਅਸਮਿਤਾ’ ਦਾ ਮੁੱਦਾ ਹੀ ਪ੍ਰਮੁੱਖਤਾ ਨਾਲ ਉਠਾਇਆ ਹੈ, ਜੋ ਕਿ ਉੱਚ-ਮੱਧ ਵਰਗ ਤੱਕ ਸੀਮਤ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਨੂੰ ਉਖਾੜ ਸੁੱਟਣਾ ਭਾਜਪਾ ਲਈ ਇੰਨਾ ਸੌਖਾ ਨਹੀਂ ਹੈ।

ਇਸ ਲਈ ਉਹ ਇਸ ਮੁਹਿੰਮ ਤਹਿਤ ਮੁੱਖ ਮੰਤਰੀ ਪਟਨਾਇਕ ਦੇ ਸਭ ਤੋਂ ਭਰੋਸੇਮੰਦ ਸਹਿਯੋਗੀ ਨੌਕਰਸ਼ਾਹ ਤੋਂ ਨੇਤਾ ਬਣੇ ਵੀ. ਕੇ. ਪਾਂਡੀਅਨ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹ ਤਾਮਿਲਨਾਡੂ ਦੇ ਰਹਿਣ ਵਾਲੇ ਇਕ ਆਈ. ਐੱਸ. ਅਧਿਕਾਰੀ ਸਨ ਅਤੇ ਮੁੱਖ ਮੰਤਰੀ ਤੋਂ ਬਾਅਦ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਸਟਾਰ ਪ੍ਰਚਾਰਕ ਬਣ ਚੁੱਕੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਦੀ ਸਾਰੀ ਪ੍ਰਚਾਰ ਮੁਹਿੰਮ ‘ਅਸਮਿਤਾ’ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਨਤੀਜੇ ਵਜੋਂ ਉਹ ਨੌਜਵਾਨਾਂ ਅਤੇ ਔਰਤਾਂ ਨੂੰ ਆਕਰਸ਼ਿਤ ਕਰਨ ’ਚ ਅਸਫਲ ਰਹੀ।

ਉੜੀਆ ਅਸਮਿਤਾ ਦਾ ਮੁੱਖ ਚੋਣ ਮੁੱਦਾ ਬਣਨ ਤੋਂ ਪਹਿਲਾਂ ਬੀਜਦ ਅਤੇ ਭਾਜਪਾ ਦਰਮਿਆਨ ਦੋਸਤੀ ਜੱਗਜ਼ਾਹਿਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਸਮਾਂ ਪਹਿਲਾਂ ਰੈਲੀ ’ਚ ਮੁੱਖ ਮੰਤਰੀ ਪਟਨਾਇਕ ਨੂੰ ਆਪਣਾ ਪਿਆਰਾ ਮਿੱਤਰ ਦੱਸਿਆ ਸੀ। ਦੋਵੇਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਨ ਲਈ ਤਿਆਰ ਸਨ ਪਰ ਕਿਸੇ ਕਾਰਨ ਇਹ ਗੱਠਜੋੜ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਸਿਆਸੀ ਮੈਦਾਨ ’ਚ ਆ ਗਈਆਂ।

ਓਡਿਸ਼ਾ ਭਾਸ਼ਾ ਦੇ ਆਧਾਰ ’ਤੇ ਬਣਨ ਵਾਲਾ ਪਹਿਲਾ ਸੂਬਾ ਸੀ। ਇਸ ਨੂੰ ਵਿਲੱਖਣ ਪਛਾਣ ਇਕ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਮਹੱਤਵਪੂਰਨ ਇਤਿਹਾਸਕ ਵਿਰਸੇ ਤੋਂ ਮਿਲੀ ਹੈ। ਭਾਜਪਾ ਨੇ ਵੀ. ਕੇ. ਪਾਂਡੀਅਨ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਮੁਹਿੰਮ ਚਲਾਈ ਕਿ ਜੇਕਰ ਲੋਕ ਬੀ. ਜੇ. ਡੀ. ਨੂੰ ਮੁੜ ਰਾਜ ਕਰਨ ਦੀ ਇਜਾਜ਼ਤ ਦਿੰਦੇ ਹਨ ਤਾਂ ਉੜੀਆ ਦੇ ਲੋਕਾਂ ਦੇ ਸਵੈ-ਮਾਣ ਨੂੰ ਹੋਰ ਠੇਸ ਪਹੁੰਚੇਗੀ ਕਿਉਂਕਿ ਵਾਗਡੋਰ ਇਕ ਗੈਰ-ਉੜੀਆ ਵਿਅਕਤੀ ਭਾਵ ਪਾਂਡੀਅਨ ਦੇ ਹੱਥਾਂ ’ਚ ਹੋਵੇਗੀ। ਹਾਲਾਂਕਿ, ਓਡਿਸ਼ਾ ’ਚ ਬੀ. ਜੇ. ਪੀ. ਦਾ ਮੁਕਾਬਲਾ ਕਰਨ ਲਈ ਬੀਜਦ ਨੇ ਵੋਟਰਾਂ ਨਾਲ ਭਾਵਨਾਤਮਕ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਭਾਜਪਾ ਦਾ ਚੋਣ ਪ੍ਰਚਾਰ ਭਰਮਾਉਣ ਵਾਲਾ

ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਓਡਿਸ਼ਾ ’ਚ ਭਾਜਪਾ ਦਾ ਚੋਣ ਪ੍ਰਚਾਰ ਭਰਮਾਉਣ ਵਾਲਾ ਲੱਗ ਰਿਹਾ ਹੈ। ਪਾਰਟੀ ਦਾ ਉਦੇਸ਼ ਦੋ ਦਹਾਕੇ ਪੁਰਾਣੀ ਸਰਕਾਰ ਨੂੰ ਡੇਗਣਾ ਹੈ, ਫਿਰ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀਆਂ ’ਚ ਜ਼ੋਰ ਦੇ ਰਹੇ ਹਨ ਕਿ ਭਾਜਪਾ ਨੂੰ ਪਟਨਾਇਕ ਨਾਲ ਕੋਈ ਖਾਸ ਸਮੱਸਿਆ ਨਹੀਂ ਹੈ ਪਰ ਸਿਰਫ ਬਾਹਰੀ ਅਧਿਕਾਰੀ ਨਾਲ ਹੈ। ਸਿਆਸੀ ਮਾਹਿਰ ਕਹਿੰਦੇ ਹਨ ਕਿ ਭਗਵਾਨ ਜਗਨਨਾਥ ਨੂੰ ਸਭ ਤੋਂ ਵੱਧ ਮਹੱਤਵ ਦੇਣ ਵਾਲੇ ਸੂਬੇ ’ਚ ਅਸਮਿਤਾ ਕਥਾ ’ਚ ਰਾਮ ਮੰਦਰ ਚਰਚਾ ਨੂੰ ਸ਼ਾਮਲ ਕਰਨਾ ਭਗਵਾ ਪਾਰਟੀ ਦੀ ਗਲਤ ਰਣਨੀਤੀ ਦੀ ਇਕ ਹੋਰ ਉਦਾਹਰਣ ਹੈ।

ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਓਡਿਸ਼ਾ ’ਚ ਭਾਜਪਾ ਸਿਰਫ਼ ਅਸਮਿਤਾ ਦੇ ਬਿਰਤਾਂਤ ’ਤੇ ਭਰੋਸਾ ਕਰ ਕੇ ਧਾਰਨਾ ਦੀ ਲੜਾਈ ਜਿੱਤਦੀ ਨਜ਼ਰ ਨਹੀਂ ਆ ਰਹੀ ਹੈ। ਅਸਮਿਤਾ ਸ਼ਬਦ ਦੀ ਵਰਤੋਂ ਉੜੀਆ ਲੋਕ ਆਮ ਤੌਰ ’ਤੇ ਨਹੀਂ ਕਰਦੇ। ਪਾਰਟੀ ਇੰਨੀ ਰਚਨਾਤਮਕ ਨਹੀਂ ਸੀ ਕਿ ਉਹ ਅਜਿਹਾ ਸ਼ਬਦ ਬਣਾ ਸਕੇ, ਜੋ ਆਸਾਨੀ ਨਾਲ ਉੜੀਆ ਵੋਟਰਾਂ ਨੂੰ ਸਮਝ ’ਚ ਆ ਜਾਵੇ।


Harinder Kaur

Content Editor

Related News