ਆਖਿਰ ਚੋਣਾਂ ’ਚ ਕਿਉਂ ਨਹੀਂ ਚੱਲ ਸਕਿਆ ਇਸ ਵਾਰ ਮੋਦੀ ਦਾ ਜਾਦੂ
Saturday, Jun 08, 2024 - 12:24 PM (IST)
ਨੈਸ਼ਨਲ ਡੈਸਕ- ਭਾਵੇਂ ਹੀ ਕੇਂਦਰ ’ਚ ਐੱਨ.ਡੀ.ਏ. ਤੀਸਰੀ ਵਾਰ ਸਰਕਾਰ ਬਣਾਉਣ ਜਾ ਰਿਹਾ ਹੈ ਪਰ ਇਸ ਵਾਰ ਚੋਣਾਂ ਵਿਚ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ, ਜਿਸ ਕਾਰਨ ਕੇਂਦਰ ’ਚ ਭਾਜਪਾ ਇਕੱਲੀ ਬਹੁਮਤ ਹਾਸਲ ਨਹੀਂ ਕਰ ਸਕੀ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਇਕ ਦਹਾਕੇ ਤੋਂ ਭਾਜਪਾ ਮੋਦੀ ਫੈਕਟਰ ਨੂੰ ਹੀ ਅੱਗੇ ਵਧਾਉਣ ’ਚ ਲੱਗੀ ਰਹੀ, ਜਿਸ ਦੇ ਸਿੱਟੇ ਵਜੋਂ ਆਮ ਲੋਕਾਂ ਦੇ ਮੁੱਦੇ ਭਾਜਪਾ ਦੀ ਸਿਆਸਤ ’ਤੇ ਭਾਰੀ ਪੈ ਗਏ। ਹਿੰਦੂ-ਮੁਸਲਿਮ, ਮੰਦਰ-ਮਸਜਿਦ ਦੀ ਸਿਆਸਤ ਬੇਰੁਜ਼ਗਾਰੀ, ਵਧਦੀ ਮਹਿੰਗਾਈ ਅਤੇ ਲੋਕਾਂ ਦੀ ਘਟਦੀ ਆਮਦਨ ਵਰਗੇ ਮੁੱਦਿਆਂ ’ਚ ਦੱਬ ਗਈ। ਇਹੀ ਕਾਰਨ ਹੈ ਕਿ 2014 ਅਤੇ 2019 ’ਚ ਭਾਰੀ ਲੋਕ ਫਤਵਾ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਵੀ ਆਪਣੇ ਦਮ ’ਤੇ ਬਹੁਮਤ ਹਾਸਲ ਨਹੀਂ ਕਰ ਸਕੀ। ਜਨਤਕ ਨੀਤੀ-ਸੀ. ਐੱਸ. ਡੀ. ਐੱਸ. ਦੇ ਇਕ ਸਰਵੇਖਣ ਮੁਤਾਬਕ ਘੱਟੋ-ਘੱਟ 30 ਫੀਸਦੀ ਵੋਟਰਾਂ ਨੇ ਕਿਹਾ ਕਿ ਉਹ ਮਹਿੰਗਾਈ ਨੂੰ ਲੈ ਕੇ ਚਿੰਤਤ ਹਨ, ਜੋ ਚੋਣਾਂ ਤੋਂ ਪਹਿਲਾਂ 20 ਫੀਸਦੀ ਤੋਂ ਵੀ ਜ਼ਿਆਦਾ ਹੈ। ਲੱਗਭਗ 32 ਫੀਸਦੀ ਵੋਟਰਾਂ ਦੀ ਮੁੱਖ ਚਿੰਤਾ ਬੇਰੁਜ਼ਗਾਰੀ ਸੀ। ਸਰਵੇਖਣ ਏਜੰਸੀ ਨੇ ਪੂਰੀ ਪੋਲਿੰਗ ਦੌਰਾਨ ਦੌਰਾਨ ਭਾਰਤ ਦੇ 28 ’ਚੋਂ 23 ਸੂਬਿਆਂ ਦੇ ਲੱਗਭਗ 20,000 ਵੋਟਰਾਂ ਨਾਲ ਗੱਲ ਕੀਤੀ ਹੈ।
ਚੋਣਾਂ ਤੋਂ ਬਾਅਦ ਹੋਏ ਸਰਵੇਖਣ ’ਚ ਭਾਜਪਾ ਦੀ ਸਥਿਤੀ ’ਚ ਹੋਇਆ ਸੁਧਾਰ
ਕਾਂਗਰਸ ਦੇ ਚੋਣ ਮਨੋਰਥ ਪੱਤਰ ਰਾਹੀਂ ਨੌਕਰੀਆਂ ਦੇਣ ਦਾ ਮੁੱਦਾ ਜਦੋਂ ਉੱਠਣ ਲੱਗਾ ਤਾਂ ਭਾਜਪਾ ਨੇ ਵੀ ਇਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਅਦੇ ਕਰ ਦਿੱਤੇ। ਇਸ ਤੋਂ ਬਾਅਦ ਇਹ ਅੰਕੜਾ 32 ਤੋਂ 27 ਫੀਸਦੀ ’ਤੇ ਆ ਗਿਆ। ਯਾਨੀ ਕਿ ਲੋਕਾਂ ਨੂੰ ਕੁਝ ਭਰੋਸਾ ਸੀ ਕਿ ਮੋਦੀ ਸਰਕਾਰ ਤੀਜੀ ਵਾਰ ਆਉਣ ’ਤੇ ਰੁਜ਼ਗਾਰ ਮੁਹੱਈਆ ਕਰਵਾਏਗੀ ਪਰ ਅਜਿਹੇ ਵੋਟਰਾਂ ਦਾ ਮਾਰਜਨ ਸਿਰਫ਼ 5 ਫ਼ੀਸਦੀ ਹੀ ਸੀ। ਸੀ. ਐੱਸ. ਡੀ. ਐੱਸ. ਲੋਕਨੀਤੀ ਸਰਵੇਖਣ ਦੇ ਅਨੁਸਾਰ ਘਟਦੀ ਆਮਦਨ, ਭ੍ਰਿਸ਼ਟਾਚਾਰ ਅਤੇ ਘਪਲਿਆਂ ਨਾਲ ਨਜਿੱਠਣ ਦਾ ਸਰਕਾਰ ਦਾ ਤਰੀਕਾ, ਵੋਟਰਾਂ ਨੂੰ ਚਿੰਤਤ ਕਰਨ ਵਾਲੇ ਹੋਰ ਮੁੱਦੇ ਸਨ। ਕੁੱਲ 21 ਫੀਸਦੀ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਭਾਜਪਾ ਦੇ ਯਤਨਾਂ ਲਈ ਭਾਜਪਾ ਨੂੰ ਚੁਣਿਆ, ਜਦਕਿ 20 ਫੀਸਦੀ ਨੇ ਮੋਦੀ ਦੀ ਅਗਵਾਈ ਨੂੰ ਚੁਣਿਆ ਹੈ, ਜੋ ਪ੍ਰੀ-ਪੋਲ ਸਰਵੇਖਣ ’ਚ 10 ਫੀਸਦੀ ਤੋਂ ਦੁੱਗਣਾ ਹੈ। ਸਰਵੇਖਣ ਵਿਚ ਯੂ. ਪੀ. ਦੇ ਅਯੁੱਧਿਆ ਸ਼ਹਿਰ ਵਿਚ ਵਿਸ਼ਾਲ ਮੰਦਰ ਦੀ ਉਸਾਰੀ ਨੂੰ ਮੋਦੀ ਅਤੇ ਭਾਜਪਾ ਸਰਕਾਰ ਦਾ ਸਭ ਤੋਂ ਪਸੰਦੀਦਾ ਕੰਮ ਦੱਸਿਆ ਗਿਆ। ਹਾਲਾਂਕਿ ਇਸ ਦੇ ਬਾਵਜੂਦ ਭਾਜਪਾ ਉਮੀਦਵਾਰ ਲੱਲੂ ਸਿੰਘ ਫੈਜ਼ਾਬਾਦ ਲੋਕ ਸਭਾ ਸੀਟ ਤੋਂ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ। ਇਹ ਲੱਲੂ ਸਿੰਘ ਹੀ ਸਨ, ਜਿਸ ਨੇ ਕਿਹਾ ਸੀ ਕਿ 400 ਪਾਰ ਤੋਂ ਬਾਅਦ ਸੰਵਿਧਾਨ ਨੂੰ ਬਦਲਣਾ ਜ਼ਰੂਰੀ ਹੈ। ਲਾਲੂ ਦੀ ਹਾਰ ਨੇ ਅਯੁੱਧਿਆ ’ਚ ਨਵਾਂ ਇਤਿਹਾਸ ਲਿਖ ਦਿੱਤਾ ਹੈ।
ਲੋਕਾਂ ਨੇ ਆਪਣੇ ਮੁੱਦਿਆਂ ਦੇ ਆਧਾਰ ’ਤੇ ਪਾਈਆਂ ਵੋਟਾਂ
ਭਾਜਪਾ ਨੂੰ ਖੇਤਰੀ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣੀ ਪੈ ਰਹੀ ਹੈ। ਸੀ. ਐੱਸ. ਡੀ. ਐੱਸ. ਲੋਕਨੀਤੀ ਸਰਵੇਖਣ ’ਚ ਕਿਹਾ ਗਿਆ ਕਿ ਜਨਤਾ ਨੇ ਆਪਣੇ ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਈਆਂ ਸਨ। 2024 ਦੀਆਂ ਚੋਣਾਂ ’ਚ ਭਾਜਪਾ ਅਤੇ ਐੱਨ. ਡੀ. ਏ. ਨੇ ਆਪਣੀ ਚੋਣ ਰਣਨੀਤੀ ਦੇ ਹਿੱਸੇ ਵਜੋਂ ਮੋਦੀ ਨੂੰ ਆਪਣੀ ਮੁਹਿੰਮ ਦਾ ਚਿਹਰਾ ਬਣਾਇਆ। ਇਕ ਮੀਡੀਆ ਰਿਪੋਰਟ ਮੁਤਾਬਕ ਮੋਦੀ ਖੁਦ ਵੀ ਇਹੀ ਚਾਹੁੰਦੇ ਸਨ ਅਤੇ ਇਸ ਰਣਨੀਤੀ ਤਹਿਤ ਐੱਨ. ਡੀ. ਏ. ਗੱਠਜੋੜ ਦੇ ਉਮੀਦਵਾਰਾਂ ਨੇ ਮੋਦੀ ਲਈ ਤੀਜੇ ਕਾਰਜਕਾਲ ਲਈ ਵੋਟਾਂ ਮੰਗੀਆਂ। ਮੋਦੀ ਨੇ ਕਿਹਾ ਕਿ ਤੁਸੀਂ ਲੋਕ ਸਿਰਫ਼ ਮੋਦੀ ਦੀ ਗਾਰੰਟੀ ਨੂੰ ਹੀ ਵੋਟ ਦਿਓ। ਮੋਦੀ ਨੇ ਦੇਸ਼ ਭਰ ’ਚ ਗੱਠਜੋੜ ਦੇ ਉਮੀਦਵਾਰਾਂ ਲਈ ਪ੍ਰਚਾਰ ਵੀ ਕੀਤਾ। ਵਿਰੋਧੀ ਗੱਠਜੋੜ ਨੇ ਇਸ ਚੋਣ ਨੂੰ ਲੀਡਰਸ਼ਿਪ ਮੁਕਾਬਲਾ ਨਾ ਬਣਾਉਣ ਵਿਚ ਸਿਆਣਪ ਦਿਖਾਈ ਅਤੇ ਜਾਣਬੁੱਝ ਕੇ ਕੋਈ ਚਿਹਰਾ ਅੱਗੇ ਨਹੀਂ ਰੱਖਿਆ। ਲੋਕਨੀਤੀ-ਸੀ. ਐੱਸ. ਡੀ. ਐੱਸ. ਦੇ ਅੰਕੜਿਆਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ 2024 ਦੇ ਚੋਣ ਨਤੀਜਿਆਂ ਨੂੰ ਜਨਤਕ ਮੁੱਦਿਆਂ ਨੇ ਆਕਾਰ ਦੇਣ ’ਚ ਮਦਦ ਕੀਤੀ। ਇਕ ਪਾਸੇ ਇਕ ਹੀ ਚਿਹਰਾ ਮੋਦੀ ਸੀ, ਜਦਕਿ ਦੂਜੇ ਪਾਸੇ ਸਿਰਫ਼ ਜਨਤਕ ਮੁੱਦੇ ਸਨ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਵਿਰੋਧੀ ਧਿਰ ’ਚ ਕੋਈ ਨੇਤਾ ਨਹੀਂ ਸੀ, ਸਮੂਹਿਕ ਅਗਵਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e