ਬਸੰਤ ਪੰਚਮੀ 'ਤੇ ਵਿਸ਼ੇਸ਼ : ਜ਼ਿੰਦਗੀ ਦੇ ਉਤਸ਼ਾਹ ਦਾ ਨਾਂ ਹੈ ‘ਬਸੰਤ’

Wednesday, Feb 14, 2024 - 05:07 AM (IST)

ਬਸੰਤ ਪੰਚਮੀ 'ਤੇ ਵਿਸ਼ੇਸ਼ : ਜ਼ਿੰਦਗੀ ਦੇ ਉਤਸ਼ਾਹ ਦਾ ਨਾਂ ਹੈ ‘ਬਸੰਤ’

ਸਾਡੇ ਦੇਸ਼ ’ਚ ਮੌਸਮ ਨੂੰ ਛੇ ਹਿੱਸਿਆਂ ’ਚ ਵੰਡਿਆ ਗਿਆ ਹੈ ਅਤੇ ਉਨ੍ਹਾਂ ’ਚ ਬਸੰਤ ਦਾ ਸਭ ਤੋਂ ਵੱਧ ਮਹੱਤਵ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ’ਚ ਕਹਿੰਦੇ ਹੈ ਕਿ ਰੁੱਤਾਂ ’ਚ ਬਸੰਤ ਮੈਂ ਹਾਂ। ਬਸੰਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਬਸੰਤ ਦੇ ਆਉਣ ਨਾਲ ਕੁਦਰਤ ਸਾਡੇ ਮਨ ਅਤੇ ਸਰੀਰ ਨੂੰ ਸ਼ੀਤਲਤਾ ਅਤੇ ਆਨੰਦ ਪ੍ਰਦਾਨ ਕਰਦੀ ਹੈ, ਸਰੀਰ ਵਿਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਸਰਦ ਰੁੱਤ ਦੀ ਜਕੜਨ ਤੋਂ ਮੁਕਤ ਹੋਏ ਸਰੀਰ ਨੂੰ ਇਕ ਨਵਾਂ ਅਹਿਸਾਸ ਹੁੰਦਾ ਹੈ।

ਬਸੰਤ ਆਉਂਦੇ ਹੀ ਕੁਦਰਤ ਦਾ ਕਣ-ਕਣ ਖਿੜ ਉੱਠਦਾ ਹੈ ਅਤੇ ਕੁਦਰਤ ਦੇ ਇਸ ਰੂਪ ਨੂੰ ਦੇਖ ਕੇ ਸਾਰੇ ਜੀਵ ਉਤਸ਼ਾਹ ਨਾਲ ਭਰ ਜਾਂਦੇ ਹਨ। ਸੁਹਾਵਣੇ ਸਮੇਂ ’ਚ ਹਰ ਪਾਸੇ ਸੁੰਦਰ ਦ੍ਰਿਸ਼, ਮਹਿਕਦੇ ਫੁੱਲ, ਹੌਲੀ-ਹੌਲੀ ਵਗਣ ਵਾਲੀ ਹਵਾ, ਫਲਾਂ ਦੇ ਦਰੱਖ਼ਤਾਂ ’ਤੇ ਖੁਸ਼ਬੂ, ਅੰਬ ਦੇ ਰੁੱਖਾਂ ’ਤੇ ਖੁਸ਼ਬੂ, ਜਲ ਨਾਲ ਭਰੇ ਸਰੋਵਰ, ਅੰਬ ਦੇ ਰੁੱਖਾਂ ’ਤੇ ਕੋਇਲ ਦੀ ਕੂਕ, ਇਹ ਸਭ ਸਾਡੇ ਜੀਵਨ ’ਚ ਉਤਸ਼ਾਹ ਭਰ ਦਿੰਦੇ ਹਨ।

ਉਂਝ ਤਾਂ ਮਾਘ ਮਹੀਨੇ ਦਾ ਪੂਰਾ ਮਹੀਨਾ ਉਤਸ਼ਾਹ ਦਾ ਸੰਚਾਰ ਕਰਨ ਵਾਲਾ ਹੈ ਪਰ ਫਿਰ ਵੀ ਮਾਘ ਸ਼ੁਕਲ ਦੀ ਪੰਚਮੀ ਭਾਵ ਬਸੰਤ ਪੰਚਮੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਮਾਘ ਮਹੀਨੇ ਨੂੰ ਯੱਗ, ਦਾਨ ਅਤੇ ਤਪ ਆਦਿ ਦੀ ਦ੍ਰਿਸ਼ਟੀ ਤੋਂ ਵੱਡਾ ਹੀ ਪੁੰਨ ਫਲਦਾਈ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਸੰਦੇਸ਼ ਵੀ ਦਿੰਦੀ ਹੈ ਕਿ ਦੁੱਖ ਤੋਂ ਬਾਅਦ ਸੁੱਖ ਦਾ ਆਗਮਨ ਵੀ ਹੁੰਦਾ ਹੈ। ਬਸੰਤ ਦੇ ਆਗਮਨ ’ਤੇ ਸੂਰਜ ਤੋਂ ਲੈ ਕੇ ਕੁਦਰਤ ਤਕ ਸਾਨੂੰ ਪੁਰਾਣੇ ਵਿਚਾਰਾਂ ਦਾ ਤਿਆਗ ਕਰ ਕੇ ਆਪਣੇ ਸਾਰੇ ਕਿਰਿਆਕਲਾਪਾਂ ’ਚ ਨਵੀਨਤਾ ਸ਼ਾਮਲ ਕਰਨ ਦੀ ਪ੍ਰੇਰਣਾ ਦਿੰਦੀ ਹੈ।

ਜੀਵਨ ’ਚ ਕਿਸੇ ਵੀ ਤਰ੍ਹਾਂ ਦੀ ਨਵੀਂ ਸ਼ੁਰੂਆਤ ਲਈ ਬਸੰਤ ਪੰਚਮੀ ਸਰਵਉੱਤਮ ਮਹੂਰਤ ਹੈ। ਬਸੰਤ-ਪੰਚਮੀ ਗਿਆਨ ਦੀ ਪ੍ਰਧਾਨ ਦੇਵੀ ਸਰਸਵਤੀ ਦਾ ਮਹਾ-ਉਤਸਵ ਹੈ, ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਹਰ ਦਿਨ ਨਵੇਂ ਦ੍ਰਿਸ਼ਟੀਕੋਣ, ਨਵੇਂ ਪ੍ਰਯੋਗ ਅਤੇ ਕਾਵਿਆਤਮਕ ਪ੍ਰਗਟਾਵੇ ਨਾਲ ਦਿਲਚਸਪ ਬਣਾਉਣਾ ਚਾਹੀਦਾ ਹੈ।  ਸਾਡੇ ਕੋਲ ਵਿਅਕਤੀ ਦੀ ਚੰਗਿਆਈ ਨੂੰ ਪਛਾਣਨ ਦੀ ਸਮਝ, ਉਸ ਦੀਆਂ ਕੁਸ਼ਲਤਾਵਾਂ ਨੂੰ ਸਮਝਣ ਦੀ ਸਮਝ ਹੋਣੀ ਚਾਹੀਦੀ ਹੈ।

ਅਸਲ ਵਿਚ ਕੁਦਰਤ ਦਾ ਹਰ ਪਹਿਲੂ, ਇਸ ਦੇ ਸਾਰੇ ਵਿਰੋਧਾਭਾਸ ਵਿਚ ਸਾਨੂੰ ਇਕ ਸਾਕਾਰਾਤਮਕ ਜੀਵਨ ਜਿਊਣ ਦਾ ਇਕ ਵਿਲੱਖਣ ਤਰੀਕਾ ਸਿਖਾਉਂਦਾ ਹੈ। ਮਿਸਾਲ ਦੇ ਤੌਰ ’ਤੇ ਜਿਸ ਤਰ੍ਹਾਂ ਗੁਲਾਬ ਦਾ ਫੁੱਲ-ਕੰਡਿਆਂ ਨਾਲ ਘਿਰਿਆ ਹੋਣ ਦੇ ਬਾਵਜੂਦ ਮੁਸਕਰਾਉਂਦਾ ਹੋਇਆ ਆਪਣੇ ਵਾਤਾਵਰਣ ਨੂੰ ਆਕਰਸ਼ਕ ਤੇ ਖੁਸ਼ਬੂਦਾਰ ਬਣਾਈ ਰੱਖਦਾ ਹੈ, ਠੀਕ ਇਸੇ ਤਰ੍ਹਾਂ ਸਾਨੂੰ ਵੀ ਪ੍ਰਤੀਕੂਲ ਸਥਿਤੀਆਂ ’ਚ ਆਪਣੀ ਨਿਮਰਤਾ, ਕਰੁਣਾ ਅਤੇ ਸਹਿਣਸ਼ੀਲਤਾ ਨੂੰ ਬਰਕਰਾਰ ਰੱਖਦੇ ਹੋਏ ਆਪਣੇ  ਚੌਗਿਰਦੇ ’ਚ ਸ਼ਾਂਤੀ, ਸੁਹਿਰਦਤਾ ਦੀ ਸੁੰਗਧ ਫੈਲਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। 

ਜਿਸ ਤਰ੍ਹਾਂ ਫਲਦਾਰ ਰੁੱਖ ਪੱਥਰ ਦੀ ਸੱਟ ਸਹਿਣ ਕਰ ਕੇ ਵੀ ਸਾਨੂੰ ਮਿੱਠੇ ਫਲ ਦਿੰਦਾ ਹੈ, ਠੀਕ ਉਸੇ ਤਰ੍ਹਾਂ ਸਾਨੂੰ ਵੀ ਧੀਰਜ ਅਤੇ ਸਹਿਣ-ਸ਼ਕਤੀ ਰੱਖਦੇ ਹੋਏ ਆਪਣੀ ਜ਼ਿੰਦਗੀ ’ਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਮਿਹਨਤ ਨਾਲ ਆਪਣੀ ਜ਼ਿੰਦਗੀ ’ਚ ਨਵੇਂ-ਨਵੇਂ ਮੁਕਾਮ ਹਾਸਲ ਕਰਨੇ ਚਾਹੀਦੇ ਹਨ। ਮਾਂ ਸਰਸਵਤੀ ਦਾ ਸਰੂਪ ਬਹੁਤ ਪ੍ਰੇਰਣਾਦਾਇਕ ਹੈ। ਮਾਂ ਸਰਸਵਤੀ ਨੂੰ ਬਾਗੇਸ਼ਵਰੀ, ਭਗਵਤੀ ਸ਼ਾਰਦਾ, ਵੀਣਾਵਾਦਨੀ ਅਤੇ ਵਾਗਦੇਵੀ ਸਣੇ ਕਈ ਨਾਵਾਂ ਨਾਲ ਪੂਜਿਆ ਜਾਂਦਾ ਹੈ। ਸੰਗੀਤ ਦੀ ਉਤਪਤੀ ਕਰਨ ਕਾਰਨ ਉਹ ਸੰਗੀਤ ਦੀ ਦੇਵੀ ਵੀ ਹੈ। ਉਨ੍ਹਾਂ ਨੂੰ ਵਿੱਦਿਆ ਦੀ ਦੇਵੀ ਵੀ ਮੰਨਿਆ ਜਾਂਦਾ ਹੈ।

ਬਸੰਤ ਪੰਚਮੀ ਦੇ ਦਿਨ ਨੂੰ ਇਨ੍ਹਾਂ ਦੇ ਜਨਮ ਉਤਸਵ ਦੇ ਰੂਪ ਵਿਚ ਮਨਾਉਂਦੇ ਹਨ। ਇਸ ਦਿਨ ਸਰਸਵਤੀ ਜਯੰਤੀ, ਸ਼੍ਰੀ ਪੰਚਮੀ ਆਦਿ ਤਿਉਹਾਰ ਵੀ ਹੁੰਦੇ ਹਨ। ਦੇਵੀ ਭਾਗਵਤ ਵਿਚ ਵਰਣਨ ਹੈ ਕਿ ਮਾਘ ਸ਼ੁਕਲ ਪੱਖ ਦੀ ਪੰਚਮੀ ਨੂੰ ਹੀ ਸੰਗੀਤ, ਕਵਿਤਾ, ਕਲਾ, ਸ਼ਿਲਪ, ਰਸ, ਛੰਦ, ਸ਼ਬਦ ਅਤੇ ਸ਼ਕਤੀ ਦੀ ਪ੍ਰਾਪਤੀ ਜੀਵ ਨੂੰ ਹੋਈ ਸੀ। ਮਾਂ ਸਰਸਵਤੀ ਨੂੰ ਕੁਦਰਤੀ ਦੀ ਦੇਵੀ ਦੀ ਉਪਾਧੀ ਵੀ ਪ੍ਰਾਪਤ ਹੈ। ਮਾਂ ਸਰਸਵਤੀ ਦੇ ਸਫੈਦ ਵਸਤਰਾਂ ਦੇ ਦੋ ਸੰਕੇਤ ਹਨ। ਪਹਿਲਾ ਇਹ ਕਿ ਸਾਡਾ ਗਿਆਨ ਨਿਰਮਲ ਹੋਵੇ, ਵਿਕ੍ਰਿਤ ਨਹੀਂ, ਉਹ ਸਾਕਾਰਾਤਮਕ ਹੋਵੇ। ਦੂਸਰਾ ਕੋਈ ਦੁਰਗੁਣ ਸਾਡੇ ਚਰਿੱਤਰ ਵਿਚ ਨਾ ਹੋਵੇ। 

ਮਾਂ ਸਰਸਵਤੀ ਦੇ ਇਕ ਹੱਥ ’ਚ ਪੁਸਤਕ ਇਹ ਸੰਦੇਸ਼ ਦਿੰਦੀ ਹੈ ਕਿ ਸਾਡਾ ਲਗਾਅ ਪੁਸਤਕਾਂ ਅਤੇ ਸਾਹਿਤ ਪ੍ਰਤੀ ਹੋਣਾ ਚਾਹੀਦਾ ਹੈ। ਇਕ ਹੱਥ ਵਿਚ ਮਾਲਾ ਦੱਸਦੀ ਹੈ ਕਿ ਸਾਨੂੰ ਹਮੇਸ਼ਾ ਚਿੰਤਨ ’ਚ ਰਹਿਣਾ ਚਾਹੀਦਾ ਹੈ। ਜੋ ਗਿਆਨ ਅਰਜਿਤ ਕਰ ਰਹੇ ਹਾਂ, ਉਸ ਦਾ ਲਗਾਤਾਰ ਮਨਨ ਕਰਦੇ ਰਹੋ। ਇਸ ਨਾਲ ਸਾਡੀ ਸਦਬੁੱਧੀ ਬਣੀ ਰਹੇਗੀ। ਮਾਂ ਸਰਸਵਤੀ ਦੇ ਦੋਹਾਂ ਹੱਥਾਂ ’ਚ ਵੀਣਾ ਦਾ ਵਾਦਨ, ਇਹ ਸੰਕੇਤ ਕਰਦਾ ਹੈ ਕਿ ਵਿਦਿਆਰਥੀ ਜੀਵਨ ’ਚ ਹੀ ਸੰਗੀਤ ਵਰਗੀਆਂ ਲਲਿਤ ਕਲਾਵਾਂ ਪ੍ਰਤੀ ਵੀ ਸਾਡੀ ਰੁਚੀ ਹੋਣੀ ਚਾਹੀਦੀ ਹੈ। ਮਾਂ ਦੇ ਚਿੱਤਰ ਵਿਚ ਦੇਵੀ ਸਰਸਵਤੀ ਨਦੀ ਕੰਢੇ ਇਕਾਂਤ ’ਚ ਬੈਠੀ ਹੋਈ ਦਿਖਾਈ ਦਿੰਦੀ ਹੈ, ਇਹ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਵਿੱਦਿਆ ਪ੍ਰਾਪਤ ਕਰਨ ਲਈ ਇਕਾਂਤ ਵੀ ਜ਼ਰੂਰੀ ਹੈ। 

ਮਾਂ ਸਰਸਵਤੀ ਦੇ ਪਿੱਛੇ ਸੂਰਜ ਵੀ ਉੱਗਦਾ ਦਿਖਾਈ ਦਿੰਦਾ ਹੈ, ਇਹ ਦੱਸਦਾ ਹੈ ਕਿ ਪੜ੍ਹਾਈ ਲਈ ਸਵੇਰ ਦਾ ਸਮਾਂ ਹੀ ਉੱਤਮ ਹੁੰਦਾ ਹੈ। ਮਾਂ ਸਰਸਵਤੀ ਦੇ ਸਾਹਮਣੇ ਦੋ ਹੰਸ ਹਨ, ਜੋ ਬੁੱਧੀ ਦੇ ਪ੍ਰਤੀਕ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਸਾਡੀ ਬੁੱਧੀ ਰਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਦੋਵੇਂ ਤਰ੍ਹਾਂ ਦੀ ਹੋਣੀ ਚਾਹੀਦੀ ਹੈ।

—ਪ੍ਰੀਤਿਉੂਸ਼ ਸ਼ਰਮਾ


author

rajwinder kaur

Content Editor

Related News