RSS ਆਗੂ ਦੇ ਪੁੱਤਰ ਦੇ ਕਤਲ 'ਤੇ ਭਾਜਪਾ ਆਗੂ ਸੁਖਮਿੰਦਰਪਾਲ ਗਰੇਵਾਲ ਦਾ ਵੱਡਾ ਬਿਆਨ, ਦਿੱਤੀ ਚਿਤਾਵਨੀ
Sunday, Nov 16, 2025 - 10:15 AM (IST)
ਜਲੰਧਰ/ ਫਿਰੋਜ਼ਪੁਰ (ਵੈੱਬਡੈਸਕ) : ਫਿਰੋਜ਼ਪੁਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮੋਚੀ ਬਾਜ਼ਾਰ 'ਚ ਬੀਤੀ ਸ਼ਾਮ ਸੀਨੀਅਰ ਆਰ. ਐੱਸ. ਐੱਸ. ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਪੱਧਰ 'ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਲੁਧਿਆਣਾ ਤੋਂ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਪੁਲਸ ਨੂੰ 'ਨੋ ਮਰਸੀ, ਨੋ ਐਕਸਕਿਊਜ਼, ਜਸਟ ਐਕਸ਼ਨ' ਦੀ ਅਪੀਲ ਕੀਤੀ ਹੈ। ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਆਪਣੇ ਬਿਆਨ 'ਚ ਹਮਲਾਵਰਾਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਗੋਲੀਬਾਰੀ ਕਰਨ ਵਾਲੇ ਅਪਰਾਧੀਆਂ ਨੂੰ ਕਾਇਰ, 'ਗਟਰ-ਜੰਮੇ ਅਪਰਾਧੀ' ਅਤੇ 'ਰੀੜ੍ਹ ਦੀ ਹੱਡੀ ਤੋਂ ਬਿਨਾਂ ਗਲੀ ਦੇ ਚੂਹੇ' (spineless street-rats) ਦੱਸਿਆ। ਇਹ ਕਤਲ ਸ਼ਨੀਵਾਰ ਸ਼ਾਮ ਨੂੰ ਉਸ ਸਮੇਂ ਹੋਇਆ, ਜਦੋਂ ਨਵੀਨ ਅਰੋੜਾ (ਜੋ ਆਪਣੇ ਪਿਤਾ ਨਾਲ ਮੁੱਖ ਬਾਜ਼ਾਰ ਵਿੱਚ ਦੁਪੱਟਿਆਂ ਆਦਿ ਦੀ ਦੁਕਾਨ ਚਲਾਉਂਦਾ ਸੀ) ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ। ਯੂਕੋ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਰੇਵਾਲ ਨੇ ਕਿਹਾ ਕਿ ਜਦੋਂ ਗਵਾਹਾਂ ਨੇ ਦਹਿਸ਼ਤ ਦਾ ਮਾਹੌਲ ਦੇਖਿਆ, ਦੁਕਾਨਾਂ ਬੰਦ ਹੋ ਗਈਆਂ ਅਤੇ ਹਫੜਾ-ਦਫੜੀ ਫੈਲ ਗਈ। ਇਸ ਦੇ ਬਾਵਜੂਦ ਇਹ ਬੇਸ਼ਰਮ ਬਦਮਾਸ਼ ਇਸ ਤਰ੍ਹਾਂ ਚਲੇ ਗਏ, ਜਿਵੇਂ ਸ਼ਹਿਰ ਉਨ੍ਹਾਂ ਦਾ ਹੋਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਿੰਡਾਂ ਲਈ ਕੀਤਾ ਵੱਡਾ ਐਲਾਨ, ਦਸੰਬਰ ਦੇ ਅਖ਼ੀਰ ਤੱਕ ਜਾਰੀ ਹੋ ਜਾਵੇਗੀ...
ਕਾਨੂੰਨ ਵਿਵਸਥਾ 'ਤੇ ਸਵਾਲ
ਇਸ ਹਮਲੇ ਨੂੰ ਸਿਰਫ਼ ਇੱਕ ਅਪਰਾਧ ਨਹੀਂ, ਸਗੋਂ ਕਾਨੂੰਨ, ਵਿਵਸਥਾ, ਅਤੇ ਹਰ ਨਾਗਰਿਕ ਦੇ ਸੁਰੱਖਿਅਤ ਜੀਵਨ ਦੇ ਅਧਿਕਾਰ 'ਤੇ ਬੇਰਹਿਮੀ ਵਾਲਾ ਹਮਲਾ ਕਰਾਰ ਦਿੱਤਾ ਗਿਆ ਹੈ। ਬਿਆਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਨੇੜਲੇ ਸਾੜ੍ਹੀ ਬਾਜ਼ਾਰ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ ਸਨ। ਨਵੀਨ ਅਰੋੜਾ, ਸਵਰਗੀ ਦੀਨਾ ਨਾਥ ਅਰੋੜਾ ਦਾ ਪੋਤਾ ਸੀ, ਜੋ ਆਜ਼ਾਦੀ ਦੇ ਸਮੇਂ ਤੋਂ ਹੀ ਇੱਕ ਆਰ. ਐੱਸ. ਐੱਸ. ਮਹਾਰਥੀ ਸਨ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟ ਚੁੱਕੇ ਸਨ। ਇਸ ਲਈ ਗਰੇਵਾਲ ਨੇ ਕਿਹਾ ਕਿ ਨਵੀਨ ਦਾ ਕਤਲ ਸਿਰਫ਼ ਇੱਕ ਪਰਿਵਾਰ ਵਿਰੁੱਧ ਅਪਰਾਧ ਨਹੀਂ, ਸਗੋਂ ਸਾਡੇ ਸਮਾਜਿਕ ਤਾਣੇ-ਬਾਣੇ ਅਤੇ ਹਰ ਰਾਸ਼ਟਰਵਾਦੀ ਨਾਗਰਿਕ ਦੇ ਮਨੋਬਲ 'ਤੇ ਸਿੱਧਾ ਹਮਲਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਰੋੜਾਂ ਦੇ ਜਾਅਲੀ ਨੋਟ ਬਰਾਮਦ! ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼
ਡੀ. ਜੀ. ਪੀ. ਪੰਜਾਬ ਪੁਲਸ ਨੂੰ ਚਿਤਾਵਨੀ
ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਟੈਗ ਕਰਦੇ ਹੋਏ ਕਿਹਾ ਕਿ ਹੁਣ ਇਹ ਖੋਖਲੇ ਭਰੋਸੇ ਦੇਣੇ ਬੰਦ ਕਰੋ। ਉਨ੍ਹਾਂ ਨੇ ਪੁਲਸ ਨੂੰ ਨਤੀਜੇ ਦਿਖਾਉਣ ਲਈ ਕਿਹਾ ਅਤੇ ਸਭ ਤੋਂ ਸਖ਼ਤ, ਮਜ਼ਬੂਤ, ਸਮਝੌਤਾ ਰਹਿਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਗੰਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਜੇਲ੍ਹ ਵਿੱਚ ਸੁੱਟਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਉੱਥੇ ਹੀ ਸੜਨ। ਘਟਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਮਲਾਵਰਾਂ ਨੂੰ ਫੜ੍ਹਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਗੋਲੀਆਂ ਮਾਰਨ ਤੋਂ ਪਹਿਲਾਂ ਨਵੀਨ ਦੀ ਰੇਕੀ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
