ਚਿੜੀਆਂ ਦਾ ਜੇ ਘਰ ਨਹੀਂ ਤਾਂ ਚੰਬਾ ਕਾਹਦਾ

07/16/2023 3:52:37 AM

ਤਿੱਤਲੀਆਂ ਤੇ ਚਿੜੀਆਂ ਅੱਜ-ਕੱਲ੍ਹ ਕਈ ਰੰਗਾਂ ਵਿੱਚ ਵੇਖੀਆਂ ਜਾਂਦੀਆਂ ਹਨ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਮੇਰੇ ਖੇਤ ਤੇ ਘਰ ਵਿੱਚ ਆਮ ਤੌਰ 'ਤੇ ਤਿੱਤਲੀਆਂ ਵਿੱਚ ਲਾਲ ਰੰਗ ਜ਼ਿਆਦਾ ਹੋਣ ਕਾਰਨ ਉਹ ਲਾਲ ਰੰਗਾਂ ਦੀਆਂ ਲੱਗਦੀਆਂ ਸਨ ਤੇ ਦੂਜੇ ਕਈ ਰੰਗ ਹੋਣ ਕਾਰਨ ਭਾਵੇਂ ਉਹ ਥੋੜ੍ਹੇ ਘੱਟ ਹੋਣ ਪਰ ਇਸ ਤਰ੍ਹਾਂ ਫਿੱਟ ਕੀਤੇ ਹੋਏ ਸਨ ਕਿ ਉੱਡਦੀ ਤਿੱਤਲੀ ਦਾ ਸਾਊਪਣ ਡੁਲ੍ਹ-ਡੁਲ੍ਹ ਪੈਂਦਾ ਸੀ। ਹੁਣ ਕਈ ਰੰਗਾਂ ਦੀਆਂ ਤਿੱਤਲੀਆਂ ਵੇਖੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੁਣ ਚਿੜੀਆਂ ਵੀ ਕਈ ਰੰਗਾਂ ਦੀਆਂ ਵੇਖੀਆਂ ਜਾ ਸਕਦੀਆਂ ਹਨ। ਪਹਿਲੀਆਂ ਚਿੜੀਆਂ ਜਿਨ੍ਹਾਂ ਨੂੰ ਸਾਡੇ ਪਿੱਦੀ ਕਿਸਮ ਦੀਆਂ ਚਿੜੀਆਂ ਕਿਹਾ ਜਾਂਦਾ ਸੀ, ਆਮ ਮਿਲਦੀਆਂ ਸਨ ਪਰ ਹੁਣ ਇਹ ਪੰਛੀ ਭਾਰਤ ਸਮੇਤ ਸਮੂਹ ਦੇਸ਼ਾਂ ਵਿੱਚ ਪਾਇਆ ਤਾਂ ਜਾਂਦਾ ਹੈ ਪਰ ਤਦਾਦ ਖਾਸ ਤੌਰ 'ਤੇ ਪੰਜਾਬ ਵਿੱਚ ਘੱਟ ਹੋ ਗਈ ਹੈ।

ਘਰੇਲੂ ਚਿੜੀ ਇਕ ਬਹੁਤ ਹੀ ਹੁਸ਼ਿਆਰ, ਖ਼ੂਬਸੂਰਤ ਤੇ ਛੋਟਾ ਪੰਛੀ ਹੈ। ਇਸ ਦੇ ਖ਼ੰਭ ਛੋਟੇ ਹੁੰਦੇ ਹਨ। ਇਸ ਦੀ ਚੁੰਝ ਪੀਲੀ ਅਤੇ ਪੈਰਾਂ ਦਾ ਰੰਗ ਭੂਰਾ ਹੁੰਦਾ ਹੈ। ਇਸ ਦਾ ਸਰੀਰ ਹਲਕਾ ਸਲੇਟੀ ਕਾਲਾ ਹੁੰਦਾ ਹੈ। ਗਰਦਨ 'ਤੇ ਆਮ ਤੌਰ 'ਤੇ ਕਾਲੇ ਧੱਬੇ ਹੁੰਦੇ ਹਨ। ਨਰ ਅਤੇ ਮਾਦਾ ਚਿੜੀਆਂ ਦੀ ਦਿੱਖ ਵੱਖਰੀ ਹੁੰਦੀ ਹੈ। ਨਰ ਚਿੜੀਆਂ ਮਾਦਾ ਨਾਲੋਂ ਜ਼ਿਆਦਾ ਆਕਰਸ਼ਕ ਹੁੰਦੀਆਂ ਹਨ। ਇਹ ਇਕ ਸਰਵਭੋਸ਼ੀ ਪੰਛੀ ਹੈ। ਬੀਜ, ਅਨਾਜ, ਫ਼ਲ, ਕੀੜੇ ਆਦਿ ਇਸ ਦੀ ਖੁਰਾਕ ਵਿੱਚ ਸ਼ਾਮਲ ਹਨ। ਚਿੜੀਆਂ ਆਮ ਤੌਰ ’ਤੇ ਘਰਾਂ ਦੀਆਂ ਛੱਤਾਂ, ਇਮਾਰਤਾਂ, ਪੁਲਾਂ ਅਤੇ ਦਰੱਖ਼ਤਾਂ ਦੀਆਂ ਖੋੜਾਂ ਤੇ ਝਾੜੀਆਂ ਵਿੱਚ ਆਪਣੇ ਆਲ੍ਹਣੇ ਬਣਾਉਂਦੀਆਂ ਹਨ। ਚਿੜੀਆਂ ਪੰਛੀਆਂ ਦੀ ਇਕ ਵੱਡੀ ਸ਼੍ਰੇਣੀ ਹੈ। ਇਹ ਕਈ ਰੰਗਾਂ ਤੇ ਕਈ ਆਕਾਰ ਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਗਾਉਣ ਵਾਲੇ ਪੰਛੀ ਵੀ ਆਖਿਆ ਜਾਂਦਾ ਹੈ। “ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀਂ”।

ਚਿੜੀਆਂ ਦੀ ਇਕ ਖ਼ਾਸੀਅਤ ਇਸ ਦੇ ਪੰਜਿਆਂ ਦਾ ਨਮੂਨਾ ਹੈ, ਤਿੰਨ ਉਂਗਲਾਂ ਅੱਗੇ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਇਕ ਨੂੰ ਪਿਛਾਂਹ ਵੱਲ। ਵਿਸ਼ਵ ਪੱਧਰ 'ਤੇ ਚਿੜੀਆਂ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ 5-6 ਇੰਚ ਆਕਾਰ ਦਾ ਇਕ ਛੋਟਾ ਪੰਛੀ ਹੈ, ਜੋ ਦਾਣੇ, ਕੀੜੇ-ਮਕੌੜੇ, ਬੀਜ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਨਾਲ ਕੁਝ ਕਿਸਾਨੀ ਸ਼ਗਨ ਵੀ ਜੁੜੇ ਹੋਏ ਹਨ। ਜੇ ਚਿੜੀਆਂ ਖੰਭ ਖਿਲਾਰਨ ਤਾਂ ਕਾਫ਼ੀ ਮੀਂਹ ਪੈਂਦਾ ਹੈ। ਚਿੜੀਆਂ ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ, ਝਾੜੀਆਂ 'ਚ ਛੋਟੇ-ਛੋਟੇ ਤਿਣਕਿਆਂ ਅਤੇ ਘਾਹ-ਫੂਸ ਨਾਲ ਆਲ੍ਹਣੇ ਬਣਾ ਕੇ ਰਹਿੰਦੀਆਂ ਹਨ ਪਰ ਅੱਜ ਜੇ ਗੱਲਾਂ ਨਾਲੋਂ ਕੁਝ ਕਰਨ ਦੀ ਇੱਛਾ ਹੋਵੇ ਤਾਂ ਪਿਛਲੇ ਸਮਿਆਂ ਨਾਲੋਂ ਅੱਜ ਬੜਾ ਸੌਖਾ ਤਰੀਕਾ ਹੈ ਇਨ੍ਹਾਂ ਪੰਛੀਆ ਨੂੰ ਬਚਾਉਣ ਦਾ।

ਅੱਜ ਹਰ ਘਰ ਵਿੱਚ ਬਾਹਰ ਵਾਰ ਲਾਈਟਾਂ ਲੱਗੀਆਂ ਹੋਈਆਂ ਹਨ, ਜੇ ਇਨ੍ਹਾਂ ਦੇ ਕੁਨੈਕਸ਼ਨ ਕੱਟ ਕੇ ਲਾਈਟ ਨੂੰ ਥੱਲੇ ਕਰ ਦੇਈਏ ਤਾਂ ਪੰਛੀ ਅੰਦਰ ਆਲ੍ਹਣਾ ਬਣਾ ਸਕਦੇ ਹਨ। ਫਿਰ ਦੇਖੋ ਚਿੜੀਆਂ ਜਾਂ ਹੋਰ ਪੰਛੀ ਕਿਵੇਂ ਆਉਂਦੇ ਨੇ ਪਰ ਕੁਝ ਕਰਨ ਨਾਲੋਂ ਨਿਰੇ ਰੌਲ਼ੇ ਨਾਲ ਕੁਝ ਨਹੀਂ ਹੁੰਦਾ। ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14 ਤੋਂ 17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ, ਜੋ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ। ਜੇਕਰ ਇਸ ਪੰਛੀ ਦੀ ਪ੍ਰਜਾਤੀ ਖ਼ਤਮ ਹੋ ਗਈ ਤਾਂ ਭਵਿੱਖ ਦੀ ਪੀੜ੍ਹੀ ਚਿੜੀਆਂ ਨੂੰ ਫੋਟੋਆਂ ਵਿੱਚ ਹੀ ਦੇਖਿਆ ਕਰੇਗੀ ਪਰ ਨਹੀਂ, ਮੇਰੇ ਘਰ ਵਿੱਚ ਦੋ ਜੋੜਿਆਂ ਨੇ ਲਾਈਟਾਂ ਵਾਲੀ ਥਾਂ 'ਤੇ ਆਲ੍ਹਣੇ ਬਣਾ ਕੇ ਬੱਚੇ ਦਿੱਤੇ ਨੇ, ਮੇਰੇ ਪਰਿਵਾਰ ਨੂੰ ਪੱਖੇ ਤਾਂ ਬੰਦ ਕਰਨੇ ਪਏ ਪਰ ਉਹ ਚਿੜੀਆਂ ਦੇ ਜੋੜੇ ਸਹੀ-ਸਲਾਮਤ ਹਨ। ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਚਿੜੀ ਇਕ ਅਜਿਹਾ ਪੰਛੀ ਹੈ, ਜਿਸ ਦਾ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ। ਲੋਕ ਗੀਤਾਂ 'ਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ। ਚਿੜੀ ਇਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ। ਇਸੇ ਕਾਰਨ ਚਿੜੀ ਦੀ ਤੁਲਨਾ ਪੰਜਾਬੀ ਕੁੜੀ ਨਾਲ ਕੀਤੀ ਗਈ ਹੈ।

ਦੋਸਤੋ, ਸਾਨੂੰ ਸਭ ਨੂੰ ਰਲ-ਮਿਲ ਕੇ ਚਿੜੀਆਂ ਦੀ ਸੰਭਾਲ ਕਰਨੀ ਚਾਹੀਦੀ ਹੈ, ਜਦੋਂ ਤੋਂ ਮਨੁੱਖ ਨੇ ਜੰਗਲਾਂ 'ਚੋਂ ਨਿਕਲ ਕੇ ਸਮਾਜ 'ਚ ਪ੍ਰਵੇਸ਼ ਕੀਤਾ ਹੈ, ਉਦੋਂ ਤੋਂ ਹੀ ਇਹ ਚਿੜੀਆਂ ਮਨੱਖਾਂ ਦੀਆਂ ਹਮਸਫਰ ਬਣੀਆਂ ਹਨ। ਅੱਜ ਇਹ ਚਿੜੀਆਂ ਬਹੁਤ ਵੱਡੀ ਗਿਣਤੀ 'ਚ ਅਲੋਪ ਹੋ ਚੁੱਕੀਆ ਹਨ। ਇਨ੍ਹਾਂ ਦੀ ਸੰਭਾਲ ਲਈ ਹੀ 20 ਮਾਰਚ ਦਾ ਦਿਨ ਚਿੜੀਆ ਦੇ ਨਾਂ ਕੀਤਾ ਗਿਆ ਹੈ। ਜਦੋਂ ਕੱਚੇ ਵਰਾਂਡੇ ਹੁੰਦੇ ਸਨ ਤਾਂ ਇਹ ਚਿੜੀਆਂ ਛਤੀਰਾਂ ਅਤੇ ਕਾਨਿਆਂ ਦੇ ਨਾਲ ਦੀ ਖੁੱਡ ਵਿੱਚ ਆਲ੍ਹਣਾ ਪਾਉਂਦੀ ਸਨ। ਕਈ ਵਾਰ ਇਹ ਰੌਸ਼ਨਦਾਨ 'ਚ ਵੀ ਆਲ੍ਹਣਾ ਪਾ ਲੈਂਦੀਆਂ ਸਨ ਪਰ ਅੱਜ ਕੱਚੇ ਘਰ ਨਾ ਹੋਣ ਕਾਰਨ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਪੁਰਾਣੇ ਸਮਿਆਂ ਵਿੱਚ ਜਿਵੇਂ ਚਿੜੀਆਂ ਨੂੰ ਘਰ ਦਾ ਮੈਂਬਰ ਸਮਝਿਆ ਜਾਂਦਾ ਸੀ, ਉਵੇਂ ਦਾ ਵਿਵਹਾਰ ਇਨ੍ਹਾਂ ਨਾਲ ਅੱਜ ਕਰਨ ਦੀ ਲੋੜ ਹੈ। ਇਹ ਪ੍ਰੇਮ, ਪਿਆਰ ਤੇ ਸਾਂਝੀ ਬੋਲੀ ਦੀਆਂ ਪ੍ਰਤੀਕ ਹਨ। ਇਨ੍ਹਾਂ ਦਾ ਵਿਗਿਆਨਕ ਨਾਂ ‘ਪਾਸਰ ਡੋਮੈਸਟਿਕਸ’ ਹੈ। ਲੈਟਿਨ ਭਾਸ਼ਾ ਵਿੱਚ ਇਸ ਦਾ ਅਰਥ ਹੈ- ਘਰੇਲੂ ਚਿੜੀ। ਦੁਨੀਆ ਵਿੱਚ ਚਿੜੀਆਂ ਦੀਆਂ ਕਈ ਪ੍ਰਜਾਤੀਆਂ ਮਿਲਦੀਆਂ ਹਨ। ਵਿਸ਼ਵ ਭਰ 'ਚ ਘਰੇਲੂ ਚਿੜੀਆਂ ਦੀ ਘੱਟ ਰਹੀ ਜਨਸੰਖਿਆ ਦੇ ਮੱਦੇਨਜ਼ਰ ਇਸ ਨੂੰ ‘ਲਾਲ ਸੂਚੀ’ ਵਿੱਚ ਸ਼ਾਮਲ ਕੀਤਾ ਗਿਆ ਹੈ।

-ਅਮੀਰ ਸਿੰਘ ਜੋਸਨ


Mukesh

Content Editor

Related News