ਹਾਈ ਕੋਰਟ ਦਾ ਵੱਡਾ ਫੈਸਲਾ, ਪਿਆਰ ’ਚ ਨਾਕਾਮ ਪ੍ਰੇਮੀ ਖ਼ੁਦਕੁਸ਼ੀ ਕਰੇ ਤਾਂ ਪ੍ਰੇਮਿਕਾ ਜ਼ਿੰਮੇਵਾਰ ਨਹੀਂ
Thursday, Apr 18, 2024 - 04:32 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ 2 ਵਿਅਕਤੀਆਂ ਨੂੰ ਪੇਸ਼ਗੀ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਜੇ ਕੋਈ ਵਿਅਕਤੀ ‘ਪਿਆਰ ‘ਚ ਨਾਕਾਮ’ ਰਹਿਣ ਕਾਰਨ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਂਦਾ ਹੈ ਤਾਂ ਉਸ ਦੀ ਪ੍ਰੇਮਿਕਾ ਨੂੰ ‘ਖੁਦਕੁਸ਼ੀ ਲਈ ਉਕਸਾਉਣ’ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਅਦਾਲਤ ਨੇ ਕਿਹਾ ਕਿ ਕਮਜ਼ੋਰ ਅਤੇ ਮਾੜੀ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਲਏ ਗਏ ਗਲਤ ਫੈਸਲੇ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਅਮਿਤ ਮਹਾਜਨ ਨੇ ਕਿਹਾ ਕਿ ਜੇ ਕੋਈ ਪ੍ਰੇਮੀ ਪਿਆਰ ’ਚ ਨਾਕਾਮ ਹੋਣ ਕਾਰਨ ਖੁਦਕੁਸ਼ੀ ਕਰ ਲੈਂਦਾ ਹੈ, ਜੇ ਕੋਈ ਵਿਦਿਆਰਥੀ ਪ੍ਰੀਖਿਆ 'ਚ ਮਾੜੀ ਕਾਰਗੁਜ਼ਾਰੀ ਕਾਰਨ ਖ਼ੁਦਕੁਸ਼ੀ ਕਰਦਾ ਹੈ, ਜੇ ਕੋਈ ਮੁਵੱਕਿਲ ਕੇਸ ਖਾਰਜ ਹੋਣ ਕਾਰਨ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਕ੍ਰਮਵਾਰ ਪ੍ਰੇਮਿਕਾ, ਪ੍ਰੀਖਿਆਰਥੀ ਅਤੇ ਵਕੀਲ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਅਦਾਲਤ ਨੇ ਇਹ ਹੁਕਮ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਜ਼ਮਾਨਤ ਦਿੰਦੇ ਹੋਏ ਦਿੱਤਾ। 2023 ’ਚ ਦੋਹਾਂ ਖਿਲਾਫ ਇਕ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।