ਊਧਵ ਠਾਕਰੇ ਬੋਲੇ- ਜੇ BJP ਮੇਰੇ ਲਈ ਦਰਵਾਜ਼ੇ ਖੋਲ੍ਹ ਦੇਵੇ ਤਾਂ ਵੀ ਵਾਪਸ ਨਹੀਂ ਜਾਵਾਂਗਾ
Monday, May 06, 2024 - 05:12 PM (IST)
ਅਲੀਬਾਗ- ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਜੇਕਰ ਭਾਜਪਾ ਉਨ੍ਹਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਵੀ ਦੇਵੇ, ਤਾਂ ਵੀ ਉਹ ਆਪਣੇ ਸਾਬਕਾ ਸਹਿਯੋਗੀ ਪਾਰਟੀ ਕੋਲ ਨਹੀਂ ਪਰਤਣਗੇ। ਉਨ੍ਹਾਂ ਨੇ ਭਾਜਪਾ 'ਤੇ 2022 ਵਿਚ ਵਿਸ਼ਵਾਸਘਾਤ ਕਰ ਕੇ ਉਨ੍ਹਾਂ ਦੀ ਸਰਕਾਰ ਨੂੰ ਡਿਗਾਉਣ ਦਾ ਦੋਸ਼ ਲਾਇਆ ਪਰ ਇਸ ਦੇ ਨਾਲ ਹੀ ਠਾਕਰੇ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਜੇਕਰ ਜਨਤਾ ਮੋਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਤੋਂ ਖੁਸ਼ ਹੈ ਤਾਂ ਉਹ ਉਨ੍ਹਾਂ ਲਈ ਪ੍ਰਚਾਰ ਕਰਨ ਨੂੰ ਤਿਆਰ ਹਨ। ਠਾਕਰੇ ਨੇ ਦਾਅਵਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਭਾਜਪਾ ਜਿੱਤੀ ਤਾਂ ਭਾਰਤ ਦੇ ਨਾਲ-ਨਾਲ ਚੀਨ ਵਿਚ ਵੀ ਪਟਾਕੇ ਚਲਾਏ ਜਾਣਗੇ, ਕਿਉਂਕਿ ਦਿੱਲੀ 'ਚ ਇਕ ਕਮਜ਼ੋਰ ਸਰਕਾਰ ਹੋਵੇਗੀ।
ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਉਤਸੁਕ ਹਨ। ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਸਾਬਕਾ ਸਹਿਯੋਗੀ ਪਾਰਟੀ ਚੋਣਾਂ ਦੌਰਾਨ ਪਾਕਿਸਤਾਨ ਦਾ ਨਾਂ ਲੈ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ। ਪੁੰਛ ਵਿਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਨਹੀਂ ਜਾਣਗੇ, ਸਗੋਂ ਉਨ੍ਹਾਂ ਨੂੰ ਬਰਬਾਦ ਕਰਨ ਲਈ ਮਹਾਰਾਸ਼ਟਰ ਆਉਣਗੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਹਵਾਈ ਫ਼ੌਜ ਦੇ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ ਵਿਚ 4 ਫ਼ੌਜੀ ਜਵਾਨ ਜ਼ਖ਼ਮੀ ਹੋ ਗਏ ਸਨ।
ਠਾਕਰੇ ਨੇ ਭਾਜਪਾ ਦੀਆਂ 400 ਸੀਟ ਦੇ ਦਾਅਵੇ 'ਤੇ ਕਿਹਾ ਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਅਤੇ ਭੁੱਖ ਨਹੀਂ ਮਿਟ ਰਹੀ ਹੈ। ਭਾਜਪਾ ਪ੍ਰਚੰਡ ਬਹੁਮਤ ਨਾਲ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਬਾਲ ਠਾਕਰੇ ਦੇ ਪੁੱਤਰ ਦੇ ਨਾਅਤੇ ਊਧਵ ਠਾਕਰੇ ਦਾ ਆਦਰ ਕਰਦੇ ਹਨ ਅਤੇ ਮੁਸੀਬਤ ਦੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਕਰਨ ਵਾਲੇ ਉਹ ਪਹਿਲੇ ਵਿਅਕਤੀ ਹੋਣਗੇ।