ਕਾਨੂੰਨ ਅਨੁਸਾਰ ਰਾਜ ਭਾਸ਼ਾ ਦੇ ਹੱਕ

02/21/2021 7:10:32 PM

ਮਿੱਤਰ ਸੇਨ ਮੀਤ

ਭਾਰਤੀ ਸੰਵਿਧਾਨ ਅਨੁਸਾਰ ਹਰ ਇਕ ਰਾਜ ਆਪਣੇ-ਆਪਣੇ ਖੇਤਰ ’ਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਂ-ਬੋਲੀ ਦਾ ਦਰਜਾ ਦੇ ਸਕਦਾ ਹੈ। ਸਰਕਾਰ ਦੀਆਂ ਕੰਮ ਕਰਨ ਵਾਲੀਆਂ ਤਿੰਨ ਇਕਾਈਆਂ-ਪੁਲਸ ਦਫ਼ਤਰ, ਪ੍ਰਸ਼ਾਸਨਿਕ ਦਫ਼ਤਰ, ਯੂਨੀਵਰਸਿਟੀਆਂ-ਕਾਲਜ ਆਦਿ, ਦੂਜੀ ਇਕਾਈ-ਅਦਾਲਤਾਂ ਅਤੇ ਤੀਜੀ ਇਕਾਈ ਵਿਧਾਨ ਸਭਾਵਾਂ ਹਨ। ਦਸੰਬਰ 1967 ਵਿਚ ਸਰਦਾਰ ਲਛਮਣ ਸਿੰਘ ਗਿੱਲ ਨੇ ਰਾਜ ਭਾਸ਼ਾ ਐਕਟ ਬਣਾਇਆ। ਇਸ ਐਕਟ ਤੋਂ ਬਾਅਦ ਸੂਬੇ ਦੀਆਂ ਕਈ ਇਕਾਈਆਂ ਵਿਚ ਪੰਜਾਬੀ ਲਾਗੂ ਹੋਈ ਪਰ ਹਰ ਥਾਂ ਨਾ ਹੋ ਸਕੀ। 5 ਨਵੰਬਰ 2008 ਵਿਚ ਮੁੜ ਇਸ ਐਕਟ ’ਚ ਸੋਧਾਂ ਹੋਈਆਂ ਅਤੇ ਰਾਜ ਭਾਸ਼ਾ ਐਕਟ ਪੂਰੀ ਤਰ੍ਹਾਂ ਮੁਕੰਮਲ ਹੋਇਆ। ਇਸੇ ਸਮੇਂ ਤੋਂ ਜ਼ਿਲ੍ਹਾ ਅਦਾਲਤਾਂ ’ਚ ਪੰਜਾਬੀ ਲਾਗੂ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਕੱਤਰੇਤ ਤਕ ਦੇ ਸਾਰੇ ਦਫ਼ਤਰਾਂ ’ਚ ਹਰ ਕੰਮਕਾਜ ਪੰਜਾਬੀ ਵਿਚ ਹੋਣ ਦੀ ਵਿਵਸਥਾ ਹੋ ਚੁੱਕੀ ਹੈ। 

ਵਿਧਾਨ ਸਭਾ ਦੀ ਕਾਰਵਾਈ ਵੀ ਪੰਜਾਬੀ ’ਚ ਹੋਣ ਦੀ ਵਿਵਸਥਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਨੂੰਨ ਬਣਨ ਦੀ ਸਥਿਤੀ ਅਨੁਸਾਰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਹੋਵੇ, ਇਸ ਸੰਬੰਧੀ ਨੋਟੀਫਿਕੇਸ਼ਨ ਹਾਲੇ ਤੱਕ ਵੀ ਨਹੀਂ ਹੋਈ। ਜ਼ਿਲ੍ਹਾ ਅਦਾਲਤਾਂ ’ਚ ਹਰ ਕੰਮਕਾਜ ਨੂੰ ਅੰਗਰੇਜ਼ੀ ਸਮੇਤ ਪੰਜਾਬੀ ਵਿਚ ਕਰਨ ਦੀ ਵਿਵਸਥਾ ਕੀਤੀ ਹੈ ਪਰ 12 ਸਾਲਾਂ ਤੋਂ ਇਹ ਵਿਵਸਥਾ ਵੀ ਲਾਗੂ ਨਹੀਂ ਹੋਈ। ਵਿਧਾਨ ਸਭਾ ’ਚ ਬਣਨ ਵਾਲੇ ਕਾਨੂੰਨ ਸਿਰਫ਼ ਅੰਗਰੇਜ਼ੀ ’ਚ ਬਣਦੇ ਹਨ ਅਤੇ ਕਾਨੂੰਨਾਂ ਦੀਆਂ ਨੋਟੀਫਿਕੇਸ਼ਨਾਂ ਵੀ ਅੰਗਰੇਜ਼ੀ ’ਚ ਹੀ ਆਉਂਦੀਆਂ ਹਨ।
 
ਕਾਰਨ ਇਹ ਹੈ ਕਿ ਹਾਈ ਕੋਰਟ 2000 ਦੇ ਲਗਭਗ ਪੰਜਾਬੀ ’ਚ ਕੰਮ ਕਰਨ ਵਾਲੇ ਮੁਲਾਜ਼ਮ ਭਰਤੀ ਕਰਨ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਵਲੋਂ ਇਹ ਭਰਤੀ ਨਹੀਂ ਕੀਤੇ ਜਾ ਰਹੇ। ਇਸ ਸੰਬੰਧੀ ਹਾਈ ਕੋਰਟ ’ਚ ਪਾਈ ਪਟੀਸ਼ਨ ’ਤੇ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਪੰਜਾਬੀ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਘਾਟ ਕਾਰਨ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ’ਚ ਸਾਰਾ ਕੰਮ ਅੰਗਰੇਜ਼ੀ ’ਚ ਹੀ ਹੁੰਦਾ ਹੈ।

ਗੌਰਤਲਬ ਹੈ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਵਿਚ ਇਹ ਕਾਨੂੰਨ 50 ਸਾਲਾਂ ਤੋਂ ਲਾਗੂ ਹੈ ਤੇ ਉੱਥੇ ਹਿੰਦੀ ’ਚ ਵੀ ਹਾਈ ਕੋਰਟ ਦੇ ਫ਼ੈਸਲੇ ਮਿਲਦੇ ਹਨ। ਹਰਿਆਣਾ ਸਰਕਾਰ ਨੇ ਮਾਣਯੋਗ ਰਾਜਪਾਲ ਜੀ ਦੁਆਰਾ ਰਾਸ਼ਟਰਪਤੀ ਕੋਲ ਮਤੇ ਭੇਜੇ ਹਨ ਕਿ ਹਾਈ ਕੋਰਟ ’ਚ ਹਿੰਦੀ ਲਾਗੂ ਹੋਵੇ। 

ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ
ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਵੱਡੇ ਪੱਧਰ ’ਤੇ ਹੰਭਲਾ ਮਾਰਨ ਦੀ ਲੋੜ ਹੈ। ਕਿਸੇ ਮੌਕੇ ਬੀ. ਏ. ਪਾਸ ਲਈ ਉਮਰ ਭਰ ਦੀਆਂ ਰੋਟੀਆਂ ਦਾ ਜੁਗਾੜ ਹੋ ਜਾਂਦਾ ਸੀ ਪਰ ਅੱਜ ਪੰਜਾਬੀ ਵਿਸ਼ੇ ’ਚ ਪੀ. ਐੱਚ. ਡੀ. ਅਧਿਆਪਕ ਨੂੰ ਆਰਥਿਕਤਾ ਪੱਖੋਂ ਕਈ ਕਾਲਜ-ਯੂਨੀਵਰਸਿਟੀਆਂ ਦੇ ਚੱਕਰ ਕੱਢਣੇ ਪੈਂਦੇ ਹਨ। ਇਕ ਅਨੁਮਾਨ ਅਨੁਸਾਰ ਜੇਕਰ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ’ਚ ਹੀ ਪੰਜਾਬੀ ਭਾਸ਼ਾ ਲਾਗੂ ਹੋ ਜਾਵੇ ਤਾਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ। ਜੇਕਰ ਹਾਈ ਕੋਰਟ ’ਚ ਵੀ ਪੰਜਾਬੀ ਲਾਗੂ ਹੋ ਜਾਵੇ ਤਾਂ ਇੱਥੇ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਨਾਲ ਨਵੇਂ ਅਨੁਵਾਦਕ ਆਉਣਗੇ, ਨਵੇਂ ਪੰਜਾਬੀ ਸਾਫ਼ਟਵੇਅਰ ਬਣਨਗੇ, ਨੌਕਰੀਆਂ ਲੈਣ ਲਈ ਪੰਜਾਬੀ ਪਾੜ੍ਹਿਆਂ ਦੀ ਗਿਣਤੀ ਵੀ ਵਧੇਗੀ।

 

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਂਦੇ 50 ਸਾਲਾਂ ਵਿਚ ਪੰਜਾਬੀ ਭਾਸ਼ਾ ਦਾ ਵਜੂਦ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਹਨ। ਸਵ. ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋਂ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਕੁਝ ਸਿਆਣਿਆਂ ਨੇ ਰਿਪੋਰਟਾਂ ਫਰੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਆਪਣੇ ਘਰ ਤੋਂ ਰੋਜ਼ਗਾਰ ਤਕ ਦੇ ਸਫ਼ਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ੀਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਂ ਕਿਸ ਭਾਸ਼ਾ ਵਿਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ? ਤੁਹਾਡਾ ਬੱਚਾ ਟੀ. ਵੀ. ਚੈਨਲ ’ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ। ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ’ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। 

ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ। ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੋਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸ਼ੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ। ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਾਧਾਰਨ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਹਿਰੀਆਂ, ਮਾਲ ਮਹਿਕਮੇ ਦੇ ਦਸਤਾਵੇਜ਼ਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ ਹਾਂ।

ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿਚ। ਜੇਕਰ ਅਸੀਂ ਆਪਣੇ ਨਾਨਕਿਆਂ, ਦਾਦਕਿਆਂ, ਭੂਆ, ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। 

ਪ੍ਰੋ. ਗੁਰਭਜਨ ਗਿੱਲ


rajwinder kaur

Content Editor

Related News