ਗੁਰਮਤਿ ਸੰਗੀਤ ’ਚ ਲੋਕ ਤੱਤ

08/16/2020 3:34:23 PM

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿਥੇ ਛੇ ਗੁਰੂ ਸਾਹਿਬਾਨ ਜੀ ਦੀ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਚਾਰ ਗੁਰਸਿੱਖਾਂ ਦੀ ਬਾਣੀ 31 ਰਾਗਾਂ ਵਿਚ ਅੰਕਿਤ ਹੈ ਅਤੇ ਹਰ ਸ਼ਬਦ ਦੀ ਆਰੰਭਤਾ ਵਿਚ ਰਾਗ ਅਤੇ ਘਰ (ਤਾਲ) ਵੀ ਅੰਕਿਤ ਹੈ। ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਦੇ ਹੋਏ ਇਕ ਮਹਾਨ ਪਰਉਪਕਾਰੀ ਕਾਰਜ ਰਾਹੀਂ, ਸੀਨਾ-ਬ-ਸੀਨਾ ਚੱਲੀਆਂ ਆ ਰਹੀਆਂ ਪੁਰਾਤਨ ਲੋਕ ਗਾਇਨ ਸ਼ੈਲੀਆਂ, ਰੀਤਾਂ, ਧੁਨਾਂ, ਵੰਨਗੀਆਂ ਅਤੇ ਬੰਦਿਸ਼ਾਂ ਨੂੰ ਵੀ ਢੁੱਕਵਾਂ ਸਥਾਨ ਦੇ ਕੇ ਜਿਥੇ ਗੁਰਮਤਿ ਸੰਗੀਤ ਨੂੰ ਹੋਰ ਸ਼ਾਨਾਮੱਤਾ ਸਥਾਨ ਦਿੱਤਾ। ਓਥੇ ਭਾਰਤੀ ਸ਼ਾਸਤਰੀ ਅਤੇ ਸੁਗਮ ਸੰਗੀਤ ਨੂੰ ਵੀ ਅਦੁਤੀ ਦੇਣ ਦਿੱਤੀ।

ਜਿਸ ਲਈ ਸਮੂਹ ਸੰਗੀਤ ਪ੍ਰੇਮੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। ਸ੍ਰੀ ਗੁਰੂ ਅਰਜਨ ਦੇਵ ਜੀ ਤੀਖਣ ਸੰਗੀਤਕ ਸੂਝ ਅਤੇ ਪ੍ਰਤਿਭਾ ਦੇ ਮਾਲਕ ਸਨ, ਜਿਨ੍ਹਾਂ ਨੇ ਜਿਥੇ ਆਪ ਕੀਰਤਨ ਕੀਤਾ, ਓਥੇ ਸਿੱਖ ਸੰਗਤਾਂ ਦੀ ਝੋਲੀ ਵਿਚ ਕੀਰਤਨ ਦੀ ਦਾਤ ਪਾਈ। ਆਪ ਜੀ ਦੀ ਕਿਰਪਾ ਸਦਕਾ ਹੀ ਸਾਧਾਰਨ ਸਿੱਖਾਂ ਨੂੰ ਵੀ ਕੀਰਤਨ ਗਾਇਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ਼ੁੱਧ 31 ਰਾਗਾਂ ਤੋਂ ਇਲਾਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲੋਕ ਅੰਗ ਦੀਆਂ ਵੱਖ-ਵੱਖ ਵੰਨਗੀਆਂ ਦੀ ਵਰਤੋਂ ਕੀਤੀ ਗਈ ਹੈ। ਅਜਿਹਾ ਕਰਦਿਆਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਅਧੀਨ ਲੋਕ ਕਾਵਿ ਵਿਧਾ ਨੂੰ ਇਕ, ਦੋ ਅਤੇ ਤਿੰਨ ਅੰਕ ਲਾ ਕੇ ਇਕ ਸੁੰਦਰ ਤਰਤੀਬ ਦਿੱਤੀ।

ਗੁਰਬਾਣੀ ਵਿਚ ਛੰਤ, ਅਲਾਹੁਣੀਆਂ, ਘੋੜੀਆਂ, ਵਾਰਾਂ, ਮੁੰਦਾਵਣੀ, ਅੰਜੁਲੀ, ਰਾਮਕਲੀ ਸਦ ਆਦਿ ਪ੍ਰਚਲਿਤ ਸੰਗੀਤਕ ਵਿਧਾਵਾਂ ਦੀ ਗਾਇਨ ਪ੍ਰੰਪਰਾ ਨੂੰ ਸਥਾਪਤ ਕੀਤਾ ਹੈ। ਅਜਿਹਾ ਕਰਦੇ ਸਮੇਂ ਜਨ ਸਾਧਾਰਨ ਦੇ ਮਨੋ ਭਾਵਾਂ ਨੂੰ ਸੰਪੂਰਨ ਤੌਰ ਉੱਤੇ ਧਿਆਨ ਵਿਚ ਰੱਖਿਆ ਗਿਆ ਹੈ। ਨਾਲ ਹੀ ਲੋਕ ਗਾਇਨ ਸ਼ੈਲੀ ਦੇ ਇਨ੍ਹਾਂ ਰੂਪਾਂ ਨੂੰ ਰਾਗ, ਧੁਨ ਅਤੇ ਰਹਾਓ ਦੀ ਟੇਕ ਵੀ ਦਿੱਤੀ ਗਈ ਹੈ ਤਾਂ ਕਿ ਇਨ੍ਹਾਂ ਦੀ ਮਰਿਆਦਾ ਅਤੇ ਨਿਯਮਬੱਧਤਾ ਨੂੰ ਹਰ ਹਾਲ ਕਾਇਮ ਰੱਖਿਆ ਜਾ ਸਕੇ । ਹੁਣ ਇਨ੍ਹਾਂ ਲੋਕ ਸੰਗੀਤ ਦੇ ਗਾਇਨ ਅੰਗਾਂ ਦਾ ਕੁੱਝ ਜ਼ਿਕਰ ਕਰਦੇ ਹਾਂ।

1. ਛੰਤ : 
ਛੰਤ ਦਾ ਮੁੱਢਲਾ ਨਾਂ ਛੰਦ ਹੈ। ਇਹ ਗਾਇਨ ਵਿਧਾ ਵਿਆਹਾਂ ਸ਼ਾਦੀਆਂ ਆਦਿ ਖੁਸ਼ੀ ਦੇ ਮੌਕਿਆਂ ਨਾਲ ਜੁੜੀ ਹੋਈ ਹੈ। ਜਦੋਂ ਬਾਰਾਤਾਂ ਆਉਂਦੀਆਂ ਸਨ ਤਾਂ ਪਿੰਡ ਦੀਆਂ ਤ੍ਰਿਮਤਾਂ ਜਾਂਝੀਆਂ ਨੂੰ ਛੰਦ ਸੁਣਾਉਣ ਲਈ ਵੰਗਾਰ ਕੇ ਬਾਰਾਤ ਨੂੰ ਬੰਨ੍ਹ ਦਿੰਦੀਆਂ ਸਨ। ਛੰਦ ਸੁਣਨ ਤੋਂ ਬਾਅਦ ਹੀ ਬਾਰਾਤ ਨੂੰ ਅੱਗੇ ਪੈਰ ਧਰਨ ਦਿੱਤਾ ਜਾਂਦਾ ਸੀ ।  ਬਜ਼ੁਰਗਾਂ ਦੇ ਦੱਸਣ ਮੁਤਾਬਕ ਆਮ ਤੌਰ ਉਤੇ ਵਿਆਹ ਮੌਕੇ ਲਾੜਾ ਆਪਣੀਆਂ ਸਾਲੀਆਂ ਨੂੰ ਖੁਦ ਛੰਦ ਸੁਣਾਉਂਦਾ ਸੀ। ਇਕ ਪੁਰਾਣੀ ਵੰਨਗੀ ਅਨੁਸਾਰ ਛੰਦ ਇਸ ਤਰ੍ਹਾਂ ਸ਼ੁਰੂ ਹੁੰਦਾ ਸੀ । 

'ਛੰਦ ਪਰਾਗੇ ਆਈਏ ਜਾਈਏ...' ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਦ ਕਾਵਿ ਨੂੰ ਛੰਤ ਕਿਹਾ ਜਾਂਦਾ ਹੈ । ਸੰਤ ਕਵੀ ਡਾ. ਭਾਈ ਵੀਰ ਸਿੰਘ ਦੇ ਕਥਨ ਅਨੁਸਾਰ ਛੰਤ ਪ੍ਰਭੂ ਦੀ ਵਡਿਆਈ ਅਤੇ ਉਸਤਤ ਵਿਚ ਗਾਇਨ ਕੀਤਾ ਜਾਣ ਵਾਲਾ ਗੀਤ ਹੀ ਹੈ ।
'ਨਾਨਕ ਭਉਜਲ, ਪਾਰਿ ਪਰੈ, ਜਉ ਗਾਵੈ ,ਪ੍ਰਭ ਕੇ ਗੀਤ' (ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਗੁਰਬਾਣੀ ਵਿਚ ਦਰਜ ਛੰਤ ਮੂਲ ਲੋਕ ਕਾਵਿ ਕਲਾ ਦੀ ਸ਼ਬਦਾਵਲੀ, ਬਿੰਬਾਂ ਅਤੇ ਪ੍ਰਤੀਕਾਂ ਉਤੇ ਆਧਾਰਤ ਹੈ। ਸਿੱਖ ਪੰਥ ਵਿਚ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਸੁੱਖ ਆਸਨ ਕਰਨ ਸਮੇਂ ਮਰਿਆਦਾ ਮੁਤਾਬਕ ਇਸ ਛੰਤ ਦਾ ਗਾਇਨ ਕੀਤਾ ਜਾਂਦਾ ਹੈ ।
'ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ'

ਇਸ ਨੂੰ ਸੰਗਤਾਂ ਰਲ-ਮਿਲ ਕੇ ਗਾਉਂਦੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਵਲੋਂ ਰਚੇ ਗਏ ਅਨੇਕ ਛੰਤਾਂ ਦਾ ਆਸਾ ਜੀ ਦੀ ਵਾਰ ਵਿਚ ਰੋਜ਼ਾਨਾ ਗਾਇਨ ਹੁੰਦਾ ਹੈ। ਛੰਤ ਦੇ ਚਾਰ ਬੰਦ ਹੁੰਦੇ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ, ਇਨ੍ਹਾਂ ਚਾਰ ਗੁਰੂ ਸਾਹਿਬਾਨ ਜੀ ਦੀ ਬਾਣੀ ਵਿਚ ਛੰਤ, ਗਉੜੀ ਪੂਰਬੀ, ਆਸਾ, ਵਡਹੰਸ, ਧਨਾਸਰੀ ਅਤੇ ਬਿਲਾਵਲ ਦੱਖਣੀ ਰਾਗਾਂ 'ਚ ਹਨ। ਭਾਰਤੀ ਸੰਗੀਤ ਵਿਚ ਛੰਤ ਨੂੰ ਆਮ ਕਰਕੇ ਪੀਲੂ ਅਤੇ ਖਮਾਜ ਰਾਗਾਂ ਵਿਚ ਗਾਇਨ ਕੀਤਾ ਜਾਂਦਾ ਹੈ।

2. ਵਾਰ: 
ਇਹ ਪੰਜਾਬ ਦੇ ਲੋਕ ਸੰਗੀਤ ਦਾ ਇਕ ਬਹੁਮੁੱਲਾ, ਪੁਰਾਤਨ ਅਤੇ ਅਭਿੰਨ ਅੰਗ ਹੈ। ਇਸ ਦਾ ਗਾਇਨ ਮੈਦਾਨ-ਏ-ਜੰਗ ਵਿਚ ਯੋਧਿਆਂ ਅੰਦਰ ਸੂਰਬੀਰਤਾ ਭਰਨ ਲਈ ਕੀਤਾ ਜਾਂਦਾ ਹੈ। ਇਸ ਦੇ ਗਾਇਕਾਂ ਨੂੰ ਢਾਡੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਵਾਰਾਂ ਦਾ ਮਕਸਦ ਪ੍ਰਾਣੀ ਨੂੰ ਪੰਜ ਵਿਕਾਰਾਂ ਦਾ ਟਕਰਾ ਕਰਨ ਲਈ ਆਤਮਿਕ ਤੌਰ ਉਤੇ ਸੂਰਮਗਤੀ ਨਾਲ ਬਲਵਾਨ ਬਣਾਉਣਾ ਹੈ। ਇਹ ਵਾਰਾਂ ਗੁਸਾਈਂ ਦੇ ਪਹਿਲਵਾਨੜੇ ਦੀ ਕੰਡ ਉਤੇ ਗੁਰ ਪੂਰੇ ਦਾ ਥਾਪੜਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 22 ਵਾਰਾਂ, ਇਨ੍ਹਾਂ ਰਾਗਾਂ ਵਿਚ ਦਰਜ ਹਨ- ਸਿਰੀ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਸੂਹੀ, ਬਿਲਾਵਲ, ਬੰਸਤ, ਸਾਰੰਗ, ਮਲਹਾਰ, ਕਾਨ੍ਹੜਾ। ਇਸ ਤੋਂ ਇਲਾਵਾ ਇਕ ਇਕ ਵਾਰ ਗਉੜੀ-ਗੂਜਰੀ ਵਿਚ ਦੋ ਮਾਰੂ ਰਾਗ ਵਿਚ ਅਤੇ ਤਿੰਨ ਰਾਮਕਲੀ ਰਾਗ ਵਿਚ ਦਰਜ ਹਨ। ਸਭ ਤੋਂ ਵੱਧ ਮਹੱਤਵਪੂਰਨ ਆਸਾ ਦੀ ਵਾਰ, ਜੋ ਕੀਰਤਨ ਦਾ ਅਨਿੱਖੜ੍ਹਵਾਂ ਅੰਗ ਹੈ। ਸਿੱਖਾਂ ਵਿਚ 'ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ'  ਦੇ ਸਿਰਲੇਖ ਹੇਠ ਇਕ ਵਾਰ ਰਾਮਕਲੀ ਵਾਰ ਵਿਚ ਅੰਕਿਤ ਹੈ।

3. ਅਲਾਹੁਣੀਆ: 
ਇਹ ਰੁਦਰ ਸੰਗੀਤ ਦਾ ਬਿਹਤਰੀਨ ਨਮੂਨਾ ਹੈ। ਕਿਸੇ ਪ੍ਰਾਣੀ ਦੇ ਚਲਾਣਾ ਕਰ ਜਾਣ ਉਤੇ ਬੀਬੀਆਂ ਵੈਣ ਪਾਉਂਦੀਆਂ ਸਨ। ਗੁਰਮਤਿ ਨੇ ਇਸ ਤੋਂ ਮਨਾ ਕਰਦਿਆਂ ਜੀਵ ਆਤਮਾ ਦੇ ਪ੍ਰਭੂ ਨਾਲ ਮਿਲਾਪ ਲਈ ਵਿਰਲਾਪ ਕਰਨ ਵਾਸਤੇ ਇਸ ਸੋਗਮਈ ਵਿਧਾ ਦਾ ਪ੍ਰਚਲਨ ਸ਼ੁਰੂ ਕੀਤਾ। ਗੁਰਬਾਣੀ ਸੰਗੀਤ ਵਿਚ ਅਲਾਹੁਣੀ ਦੇ ਚਾਰ ਬੰਦ ਅਤੇ ਹਰੇਕ ਬੰਦ ਦੀਆਂ ਛੇ ਤੁਕਾਂ ਹੁੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 9 ਅਲਾਹੁਣੀਆਂ ਹਨ, ਜਿਨ੍ਹਾਂ ਵਿਚੋਂ 5 ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਤੇ ਚਾਰ ਸ੍ਰੀ ਗੁਰੂ ਅਮਰ ਦਾਸ ਜੀ ਵੱਲੋਂ ਉਚਾਰੀਆਂ ਗਈਆਂ ਹਨ ।  ਇਸੇ ਤਰ੍ਹਾਂ ਬਾਬਾ ਸੁੰਦਰ ਜੀ ਦੀ ਰਚਨਾ ਰਾਮਕਲੀ ਸਦ ਦਾ ਵੀ ਮ੍ਰਿਤਕ ਦੇ ਭੋਗ ਸਮੇਂ ਪਾਠ ਕੀਤਾ ਜਾਂਦਾ ਹੈ ।

4. ਮੁੰਦਾਵਣੀ:  
ਮੁੰਦਾਵਣੀ ਪੋਠੋਹਾਰ ਦਾ ਇਕ ਗੀਤ ਹੈ। ਇਸ ਦਾ ਸ਼ਬਦੀ ਅਰਥ ਬੁਝਾਰਤ ਹੈ। ਇਸ ਰਾਹੀਂ ਥਾਲ ਵਿਚ ਪਈਆਂ ਤਿੰਨ ਵਸਤਾਂ ਸਤ, ਸੰਤੋਖ ਅਤੇ ਅੰਮ੍ਰਿਤ ਰੂਪੀ ਨਾਮ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ ਗਈ ਹੈ। ਗੁਰਬਾਣੀ ਦੀ ਮੁੰਦਾਵਣੀ ਰੂਹਾਨੀ ਬੁਝਾਰਤ ਹੈ 'ਜੋ ਬੁਝ ਗਿਆ ਸੋ ਤਰ ਗਿਆ'।

5. ਅੰਜੁਲੀ:  
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮਾਰੂ ਰਾਗ ਵਿਚ ਦੋ ਅੰਜੁਲੀਆਂ ਦਰਜ ਹਨ, ਜਿਨ੍ਹਾਂ ਵਿਚ ਦਰੱਖਤ ਦੇ ਸਰੂਪ ਤੋਂ ਲੈ ਕੇ ਸੰਸਾਰ ਦੀ ਨਾਸ਼ਵਾਨਤਾ ਤੱਕ ਦਾ ਜ਼ਿਕਰ ਹੈ। ਅੰਜੁਲੀ ਦਾ ਸ਼ਬਦੀ ਅਰਥ ਡੰਡਉਤ ਬੰਦਨਾ ਹੁੰਦਾ ਹੈ।

6. ਘੋੜੀਆਂ : 
ਘੋੜੀਆਂ ਵੀ ਛੰਤ ਵਾਂਗ ਖੁਸ਼ੀ ਖਾਸ ਤੌਰ ਉਤੇ ਸ਼ਗਨਾਂ ਵੇਲੇ ਗਾਈ ਜਾਣ ਵਾਲੀ ਸੰਗੀਤਕ ਵਿਧਾ ਹੈ। ਗੁਰਬਾਣੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਦੀ ਵਰਤੋਂ ਕੀਤੀ ਹੈ। ਆਪ ਜੀ ਦੀਆਂ ਰਾਗ ਵਡਹੰਸ ਵਿਚ ਦੋ ਘੋੜੀਆਂ ਦਰਜ ਹਨ। ਇਸ ਨੂੰ ਬਹੁਤ ਹੀ ਸਹਿਜ, ਰਸ ਭਰਪੂਰ ਅਤੇ ਲੰਮੇਰੀ ਹੇਕ ਨਾਲ ਲਮਕਾ ਕੇ ਗਾਇਨ ਕੀਤਾ ਜਾਵੇ ਤਾਂ ਅਲੌਕਿਕ ਸਮਾਂ ਬੱਝ ਜਾਂਦਾ ਹੈ। ਮੌਜੂਦਾ ਕੀਰਤਨਕਾਰਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੰਗੀਤ ਆਚਾਰੀਆ ਅਤੇ ਪ੍ਰਸਿੱਧ ਕੀਰਤਨਕਾਰ ਡਾ. ਜਸਬੀਰ ਕੌਰ ਨੂੰ ਇਸ ਸੰਗੀਤਕ ਵਿਧਾ ਵਿਚ ਬਹੁਤ ਨਿਪੁੰਨਤਾ ਹਾਸਲ ਹੈ। ਪੰਥ ਦੇ ਮਹਾਨ ਰਾਗੀ ਸਚਖੰਡ ਵਾਸੀ ਭਾਈ ਦੇਵਿੰਦਰ ਸਿੰਘ ਗੁਰਦਾਸਪੁਰੀ ਅਤੇ ਗੁਰਮਤਿ ਸੰਗੀਤ ਦੇ ਧੁਰੰਤਰ ਵਿਦਵਾਨ ਡਾ. ਗੁਰਨਾਮ ਸਿੰਘ ਸਾਬਕਾ ਮੁਖੀ, ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਇਨ੍ਹਾਂ ਸਾਰੀਆਂ ਸੰਗੀਤਕ ਵਿਧਾਵਾਂ ਵਿਚ ਮੁਹਾਰਤ ਹਾਸਲ ਹੈ। 

ਮੈਂਬਰ, ਕੀਰਤਨ ਸਬ ਕਮੇਟੀ, 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅੰਮ੍ਰਿਤਸਰ, 98154-61710


rajwinder kaur

Content Editor

Related News