ਕਿਸਾਨ ਕਣਕ ਅਤੇ ਵਿਸਾਖੀ
Monday, Jul 16, 2018 - 10:09 AM (IST)
ਅਤੀਤ ਤੋਂ ਵਰਤਮਾਨ ਤਕ ਕਿਸਾਨ, ਕਣਕ ਅਤੇ ਵਿਸਾਖੀ ਦਾ ਗੁੜ੍ਹਾ ਸੰਬੰਧ ਹੈ। ਵਿਸਾਖੀ ਕਣਕ ਦੇ ਜਰੀਏ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਹੈ।ਕਣਕ ਦੀ ਫਸਲ ਦੀ ਆਮਦ ਵਿਚ ਖੁਸ਼ ਹੋਇਆ ਕਿਸਾਨ ਵਿਸਾਖੀ ਦੇ ਮੇਲੇ ਜਾਣ ਲਈ ਤੱਤਪਰ ਹੁੰਦਾ ਹੈ।ਕਣਕ ਪਰਿਵਾਰ ਨੂੰ ਛੇ ਮਹੀਨੇ ਦੀ ਉਡੀਕ ਤੋਂ ਬਾਅਦ ਗੁਰਬਤ ਵਿਚੋਂ ਬਾਹਰ ਕੱਢਦੀ ਹੈ।ਇਸ ਕਣਕ ਦੀ ਆਮਦ ਨਾਲ ਹੀ ਕਿਸਾਨੀ ਪਰਿਵਾਰਾਂ ਵਲਂੋ ਝੱਗੇ ਚਾਦਰੇ ਅਤੇ ਨਵਂੇ ਕੱਪੜੇ ਸਿਵਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਕਣਕ ਦੀ ਫਸਲ ਦੀ ਆਮਦ ਤੋਂ ਇਕੱਤਰ ਪੈਸਾ ਹੀ ਕਿਸਾਨ ਦੀ ਜੇਬ ਨੂੰ ਹਰੀ ਕਰ ਕੇ ਵਿਸਾਖੀ ਜਾਣ ਦਾ ਚਾਅ ਚੜਾਉਂਦਾ ਹੈ।
ਹਰੀਕ੍ਰਾਂਤੀ ਤੋਂ ਪਹਿਲਾ ਕਣਕ ਦਾ ਚਾਅ ਵਧ ਸੀ ਪਰ ਤੋਰ ਤਰੀਕੇ ਮੱਠੇ ਸਨ। ਮਨੁੱਖੀ ਸ਼ਕਤੀ ਵਧ ਅਤੇ ਕਣਕ ਦੀ ਫਸਲ ਘੱਟ ਹੁੰਦੀ ਸੀ। ਬਿਨਾ ਪਾਣੀ ਤੋਂ ਕਣਕ ਦੀ ਫਸਲ ਹੁੰਦੀ ਸੀ ਜੋ ਕਿ ਵਿਸਾਖੀ ਤੋਂ ਪਹਿਲਾ ਹੀ ਕੱਟਣ ਲਈ ਤਿਆਰ ਹੋ ਜਾਂਦੀ ਸੀ।ਉਸ ਸਮੇਂ ਤੂੜੀ ਕੁੱਪਾਂ ਵਿਚ ਅਤੇ ਕਣਕ ਕੋਠੀਆਂ ਵਿਚ ਪਾ ਕੇ ਵਿਹਲਾਂ ਹੋਇਆ ਪੰਜਾਬੀ ਕਿਸਾਨ ਵਿਸਾਖੀ ਦੇ ਮੇਲੇ ਜਾਣ ਦੀ ਤਿਆਰੀ ਖਿੱਚਦਾ ਸੀ।ਅਠਾਰਵੀਂ ਸਦੀ ਵਿਚ ਲਾਲਾ ਧਨੀ ਰਾਮ ਚਾਤਰਿਕ ਨੇ ਕਿਸਾਨ ਅਤੇ ਵਿਸਾਖੀ ਦਾ ਨਕਸ਼ਾ ਇਉਂ ਕਲਮਬੰਦ ਕੀਤਾ ਸੀ:_
ʽʽਤੂੜੀ ਤੰਦ ਹਾੜੀ ਸਾਭ ਵੇਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ''
ʽʽਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ''
ਕਣਕ ਦੀ ਸੁਨਹਿਰੀ ਫਸਲ ਉੱਤੇ ਧਾਵਾ ਬੋਲ ਕੇ ਸਮੁੱਚੀ ਕਣਕ ਕੱਟੀ ਜਾਂਦੀ ਹੈ ਅਤੇ ਦਿਨਾਂ ਵਿਚ ਹੀ ਧਰਤੀ ਆਪਣੇ ਰੰਗ ਵਿਚ ਰੰਗੀ ਜਾਂਦੀ ਹੈ। ਵਿਹਲਾ ਜੱਟ ਕਣਕ ਦੇ ਥਕੇਂਵੇ ਤੋਂ ਤਰੋਤਾਜ਼ਾ ਹੋ ਕੇ ਵਿਸਾਖੀ ਦੇ ਮੇਲੇ ਨੂੰ ਜਾਂਦਾ ਹੈ।ਪਹਿਲੇ ਪਹਿਲ ਕਿਸਾਨ ਕੋਠੀ ਵਿਚੋਂ ਕਣਕ ਕੱਢ ਕੇ ਮਹਿਮਾਨ ਨਿਵਾਜੀ ਲਈ ਆਟਾ ਪਿਸਾਉਂਦਾ ਸੀ। ਕਿਸਾਨ ਦੇ ਬੱਚੇ ਵੀ ਕਣਕ ਦੀ ਰੋਟੀ ਨੂੰ ਦਿਨ ਤਿਉਹਾਰ ਤੇ ਹੀ ਖਾਂਦੇ ਸੀ।ਹਰੀਕ੍ਰਾਂਤੀ ਨੇ ਕਿਸਾਨ ਦੇ ਘਰ ਬਾਹਰ ਖੁਸ਼ਹਾਲੀ ਲਿਆ ਕੇ ਕਣਕ ਦੇ ਭੰਡਾਰ ਭਰ ਦਿੱਤੇ। ਨਤੀਜਾ ਕਿਸਾਨ ਆਤਮ ਨਿਰਭਰ ਹੋਇਆ ਅਤੇ ਕੇਂਦਰੀ ਪੂਲ ਵਿਚ ਪੰਜਾਬੀ ਕਿਸਾਨ ਦਾ ਵੱਡਾ ਹਿੱਸਾ ਕਣਕ ਜਾਂਦੀ ਹੈ।ਅੱਜ ਕਿਸਾਨ ਦੀ ਜ਼ਿਆਦਾ ਆਰਥਿਕਤਾ ਕਣਕ ਉੱਤੇ ਖੜ੍ਹੀ ਹੈ।ਇਸੀ ਹੁਲਾਰੇ ਵਿਚੋਂ ਵਿਸਾਖੀ ਦਾ ਚਾਅ ਉਪਜਦਾ ਹੈ।ਗੁਰਬਤ ਦੇ ਚੰਬੇ ਨੂੰ ਸਕੂਨ ਵੀ ਮਿਲਦਾ ਹੈ।ਭਾਵੇਂ ਸਮਾਂ ਬੀਤਣ ਤੋਂ ਬਹੁਤਾ ਕੁਝ ਬਦਲ ਜਾਂਦਾ ਹੈ ਪਰ ਕਣਕ ਕਿਸਾਨ ਅਤੇ ਵਿਸਾਖੀ ਦਾ ਆਪਸੀ ਰਿਸ਼ਤਾ ਅੱਜ ਵੀ ਸਮੇਂ ਦਾ ਹਾਣੀ ਹੈ।ਸਾਹਿਤਕ ਪੱਖ ਵੀ ਤਿੰਨਾਂ ਦੇ ਸੁਮੇਲ ਅਤੇ ਸਹਿਯੋਗ ਨੂੰ ਜੋੜ ਕੇ ਰੱਖਦਾ ਹੈ।
ਅਠਾਰਵੀਂ ਸਦੀ ਤੋਂ ਹੁਣ ਤਕ ਇਕ ਫਰਕ ਜ਼ਰੂਰ ਹੈ ਉਦੋਂ ਬਿਨ੍ਹਾਂ ਪਾਣੀ ਤੋਂ ਮਾਰੂ ਕਣਕ ਹੁੰਦੀ ਸੀ ਜੋ ਕਿ ਘੱਟ ਅਤੇ ਅਗੇਤੀ ਪੱਕਦੀ ਸੀ। ਸਮੇਂ ਦੇ ਨਾਲ ਖੋਜਾਂ, ਤਕਨੀਕਾਂ ਅਤੇ ਸਾਧਨਾਂ ਨੇ ਬਦਲਾਅ ਲਿਆਉਂਦਾ ਹੈ।ਹੁਣ ਕਈ ਵਾਰ ਵਿਸਾਖੀ ਵਾਲੇ ਦਿਨ ਹੀ ਕਣਕ ਦੀ ਕਟਾਈ ਲਈ ਦਾਤੀ ਨੂੰ ਘੁੰਗਰੂ ਲੱਗਦੇ ਹਨ।ਘੋਲ, ਕਬੱਡੀਆਂ, ਜਲੇਬੀਆਂ ਅਤੇ ਮੇਲਣਾ ਦੀ ਤੋਰ ਦੇਖਣ ਵਾਲੀਆਂ ਵੰਨਗੀਆਂ ਨੇ ਵੀ ਰੁੱਖ ਬਦਲੇ ਹਨ।ਕਿਸਾਨ ਦੇ ਕਣਕ ਅਤੇ ਵਿਸਾਖੀ ਦੇ ਮੇਲੇ ਨਾਲ ਸੁਨੇਹ ਨੂੰ ਬਹੁਤਾ ਫਰਕ ਨਹੀਂ ਪਿਆ। ਕਾਰਨ ਇਹ ਹੈ ਜੇ ਕਿਸਾਨ ਹੈ ਤਾਂ ਕਣਕ ਹੈ, ਜੇ ਕਣਕ ਹੈ ਤਾਂ ਕਿਸਾਨ ਹੈ। ਇਸ ਲਈ ਇਸ ਨੂੰ ਪੱਕਣ ਦਾ ਵੇਲਾ ਵੀ ਵਿਸਾਖੀ ਉੱਤੇ ਟਿਕਿਆ ਹੋਇਆ ਹੈ।ਕਣਕ ਕਿਸਾਨ ਅਤੇ ਵਿਸਾਖੀ ਦਾ ਆਪਸੀ ਰਿਸ਼ਤਾ ਭਵਿੱਖ ਵਿਚ ਵੀ ਪੂਰੀ ਤਰ੍ਹਾਂ ਕਾਇਮ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਤਿੰਨੇ ਇਕ-ਦੂਜੇ ਦੇ ਪੂਰਕ ਹਨ। ਇਹਨਾਂ ਦੀ ਆਪਸੀ ਨਿਰੰਤਰਤਾ ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਨੂੰ ਜੋੜ ਕੇ ਰੱਖੇਗੀ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੌ: 9878111445
