ਐੱਸ.ਸੀ.ਕਮਿਸ਼ਨ ਵਲੋਂ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ ਤਲਬ

Wednesday, Jan 07, 2026 - 05:47 PM (IST)

ਐੱਸ.ਸੀ.ਕਮਿਸ਼ਨ ਵਲੋਂ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ ਤਲਬ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੋ ਵੱਖ-ਵੱਖ ਮਾਮਲਿਆਂ ਵਿਚ ਪਟਿਆਲਾ ਦੇ ਐੱਸ.ਪੀ.  ਅਤੇ ਡੀ.ਐੱਸ.ਪੀ ਸਿਟੀ 1 ਨੂੰ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਰਾਮ ਪ੍ਰਸ਼ਾਦ ਪੁੱਤਰ ਵਾਸਦੇਵ ਉਮਰ 70 ਸਾਲ ਵਾਸੀ ਪਿੰਡ ਬਲਬੇੜਾ ਜ਼ਿਲ੍ਹਾ ਅਤੇ ਤਹਿਸੀਲ ਪਟਿਆਲਾ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਗੁਰਤੇਜ ਸਿੰਘ ਦੁਕਾਨ 'ਤੇ ਕੰਮ ਕਰਦਾ ਅਤੇ ਮਿਤੀ 13-12-2025 ਨੂੰ ਉਹ ਕੰਮ 'ਤੇ ਗਿਆ ਅਤੇ ਉਨ੍ਹਾਂ ਨੂੰ ਉਸੇ ਦਿਨ ਸਵੇਰੇ 11 ਵਜੇ ਫੋਨ ਆਇਆ ਕਿ ਗੁਰਤੇਜ ਸਿੰਘ ਦੀ ਮੌਤ ਹੋ ਗਈ ਹੈ। ਪੁਲਸ ਨੇ ਮ੍ਰਿਤਕ ਦੇਹ ਮੋਰਚੂਰੀ ਵਿਚ ਰਖਵਾ ਦਿੱਤੀ ਸੀ। ਥਾਣਾ ਸਿਵਲ ਲਾਈਨ ਪਟਿਆਲਾ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਉਲਟਾ 174 ਦੀ ਕਾਰਵਾਈ ਕਰਕੇ ਸਾਨੂੰ ਕਿਹਾ ਕਿ ਇਨ੍ਹਾਂ ਦਾ ਸਸਕਾਰ ਕਰ ਦਿਓ। ਜਦੋ ਅਸੀਂ ਆਪ ਲੜਕੇ ਦੀ ਮ੍ਰਿਤਕ ਦੇਹ ਨੂੰ ਦੇਖਿਆ ਤਾਂ ਉਹ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਸੀ। 

ਇਸ ਮਾਮਲੇ ਵਿਚ ਕਮਿਸ਼ਨ ਵਲੋਂ ਪਟਿਆਲਾ ਪੁਲਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਪ੍ਰੰਤੂ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਸਬੰਧੀ ਕਾਰਵਾਈ ਕਰਦਿਆਂ ਡੀ.ਐੱਸ.ਪੀ ਸਿਟੀ 1 ਪਟਿਆਲਾ ਸਤਨਾਮ ਸਿੰਘ ਨੂੰ ਮਿਤੀ 14 ਜਨਵਰੀ 2026 ਨੂੰ ਤਲਬ ਕੀਤਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਧਾਮੋ ਮਾਜਰਾ ਪਟਿਆਲਾ ਵਲੋਂ ਥਾਣੇਦਾਰ ਬਲਜੀਤ ਸਿੰਘ ਖਿਲਾਫ ਪੁਲਸ ਕੋਲ ਦਰਜ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਕਾਰਵਾਈ ਅਮਲ ਵਿਚ ਨਾ ਲਿਆਉਣ ਦੇ ਮਾਮਲੇ ਵਿਚ ਪਟਿਆਲਾ ਜ਼ਿਲ੍ਹੇ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਐਸ.ਪੀ. ਸਵਰਨਜੀਤ ਕੌਰ ਨੂੰ 14 ਜਨਵਰੀ 2026 ਨੂੰ ਤਲਬ ਕੀਤਾ ਹੈ।


author

Gurminder Singh

Content Editor

Related News