ਦਰਦਨਾਕ ਹਾਦਸਾ! ਕਾਰ ਦੀ ਅਚਾਨਕ ਖਿੜਕੀ ਖੋਲ੍ਹਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ, PRTC ਬੱਸ ਨੇ ਕੁਚਲਿਆ
Tuesday, Jan 20, 2026 - 08:00 PM (IST)
ਰਾਜਪੁਰਾ (ਜ.ਬ.) : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਕਾਕਾ ਢਾਬੇ ਨੇੜੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ 72 ਸਾਲਾ ਬਜ਼ੁਰਗ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਰੋਤਾਂ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸੈਣੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਘਰੋਂ ਰਾਜਪੁਰਾ ਦੇ ਗਿਆਨ ਚੌਕ ਨੇੜੇ ਕਰਿਆਨੇ ਦਾ ਸਾਮਾਨ ਲੈਣ ਲਈ ਗਏ ਸਨ। ਜਦੋਂ ਉਹ ਕਾਕਾ ਢਾਬੇ ਕੋਲੋਂ ਲੰਘ ਰਹੇ ਸਨ, ਤਾਂ ਸੜਕ ਕਿਨਾਰੇ ਖੜ੍ਹੀ ਇੱਕ ਕਾਰ ਦੇ ਡਰਾਈਵਰ ਨੇ ਅਚਾਨਕ ਗੱਡੀ ਦੀ ਖਿੜਕੀ ਖੋਲ੍ਹ ਦਿੱਤੀ।
ਖਿੜਕੀ ਖੁੱਲ੍ਹਣ ਕਾਰਨ ਗੁਰਚਰਨ ਸਿੰਘ ਆਪਣੇ ਮੋਟਰਸਾਈਕਲ ਤੋਂ ਸੰਤੁਲਨ ਗੁਆ ਬੈਠੇ ਅਤੇ ਸੜਕ 'ਤੇ ਡਿੱਗ ਪਏ। ਉਸੇ ਸਮੇਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪੀ.ਆਰ.ਟੀ.ਸੀ. (PRTC) ਦੀ ਬੱਸ ਦਾ ਟਾਇਰ ਉਨ੍ਹਾਂ ਦੇ ਸਿਰ ਉੱਪਰੋਂ ਲੰਘ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੀਸੀਟੀਵੀ (CCTV) ਫੁਟੇਜ ਆਈ ਸਾਹਮਣੇ
ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਾਦਸਾ ਹੁੰਦਾ ਸਾਫ਼ ਦਿਖਾਈ ਦੇ ਰਿਹਾ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਅਤੇ ਗਿਆਨ ਚੌਕ ਦੇ ਕੈਮਰਿਆਂ ਦੀ ਮਦਦ ਨਾਲ ਕਾਰ ਸਵਾਰ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
