ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟਣ ਕਾਰਨ 12 ਉਡਾਣਾਂ ਰੱਦ ਅਤੇ ਕਈ 3 ਤੋਂ 7 ਘੰਟੇ ਲੇਟ

Thursday, Jan 15, 2026 - 11:45 AM (IST)

ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟਣ ਕਾਰਨ 12 ਉਡਾਣਾਂ ਰੱਦ ਅਤੇ ਕਈ 3 ਤੋਂ 7 ਘੰਟੇ ਲੇਟ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਉਡਾਣਾਂ ਦੀ ਆਪਰੇਟਿੰਗ ਪ੍ਰਭਾਵਿਤ ਹੋਈ। ਆਮ ਤੌਰ ’ਤੇ ਸਵੇਰੇ 5:20 ਵਜੇ ਤੋਂ ਉਡਾਣਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ ਹੈ ਪਰ ਬੁੱਧਵਾਰ ਨੂੰ ਕਰੀਬ 10 ਵਜੇ ਤੱਕ ਵਿਜ਼ੀਬਿਲਟੀ 500 ਮੀਟਰ ਤੋਂ ਵੀ ਘੱਟ ਸੀ। ਇਸ ਨਾਲ ਲੈਂਡਿੰਗ ਤੇ ਟੇਕ-ਆਫ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਵਿਜ਼ੀਬਿਲਟੀ ’ਚ ਥੋੜ੍ਹਾ ਸੁਧਾਰ ਹੋਣ ਤੋਂ ਬਾਅਦ ਉਡਾਣਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਬੁੱਧਵਾਰ ਨੂੰ ਪਹਿਲੀ ਉਡਾਣ ਸਵੇਰੇ 10:57 ਵਜੇ ਲੈਂਡ ਹੋਈ ਜਦਕਿ ਦੁਪਹਿਰ 12:50 ਵਜੇ ਪਹਿਲੀ ਨੇ ਉਡਾਣ ਭਰੀ।
25 ਉਡਾਣਾਂ ਤਿੰਨ ਤੋਂ ਸੱਤ ਘੰਟੇ ਤੱਕ ਦੇਰੀ ਨਾਲ ਹੋਈਆਂ ਰਵਾਨਾ
ਕੁੱਲ 19 ਉਡਾਣਾਂ ਤੈਅ ਸਮੇਂ ਤੋਂ ਕਰੀਬ ਢਾਈ ਤੋਂ ਲੈ ਕੇ 7 ਘੰਟੇ ਤੱਕ ਦੀ ਦੇਰੀ ਨਾਲ ਲੈਂਡ ਕਰ ਸਕੀਆਂ। 25 ਉਡਾਣਾਂ ਤਿੰਨ ਤੋਂ ਸੱਤ ਘੰਟੇ ਤੱਕ ਦੀ ਦੇਰੀ ਨਾਲ ਰਵਾਨਾ ਹੋਈਆਂ। ਧੁੰਦ ਕਾਰਨ ਕੁਝ ਉਡਾਣਾਂ ਪੂਰੀ ਤਰ੍ਹਾਂ ਰੱਦ ਵੀ ਕਰ ਦਿੱਤੀਆਂ ਗਈਆਂ। ਰੱਦ ਉਡਾਣਾਂ ’ਚ ਪੁਣੇ, ਜੈਪੁਰ, ਧਰਮਸ਼ਾਲਾ, ਦਿੱਲੀ ਦੀਆਂ ਦੋ, ਲਖਨਊ, ਮੁੰਬਈ, ਅਹਿਮਦਾਬਾਦ, ਬੈਂਗਲੁਰੂ ਤੇ ਹੈਦਰਾਬਾਦ ਦੀਆਂ ਦੋ ਉਡਾਣਾਂ ਸ਼ਾਮਲ ਸਨ। ਰਵਾਨਗੀ ਵਾਲੀਆਂ ਰੱਦ ਕੀਤੀਆਂ ਗਈਆਂ ਉਡਾਣਾਂ ’ਚ ਮੁੰਬਈ ਦੀਆਂ ਦੋ, ਦਿੱਲੀ, ਲਖਨਊ, ਕੋਲਕਾਤਾ, ਜੈਪੁਰ, ਬੈਂਗਲੁਰੂ ਤੇ ਅਹਿਮਦਾਬਾਦ ਦੀਆਂ ਉਡਾਣਾਂ ਸ਼ਾਮਲ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਬਰ ਰੱਖਣ ਅਤੇ ਉਡਾਣ ਅਪਡੇਟਸ ਲਈ ਏਅਰਲਾਈਨਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ’ਚ ਵੀ ਧੁੰਦ ਦੀ ਸੰਭਾਵਨਾ ਜਤਾਈ ਹੈ। ਇਸ ਲਈ ਯਾਤਰੀਆਂ ਨੂੰ ਵਾਧੂ ਸਮਾਂ ਲੈ ਕੇ ਹਵਾਈ ਅੱਡੇ ’ਤੇ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।


author

Babita

Content Editor

Related News