ਅਗਲੇ 7 ਦਿਨ ਲਈ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਯੈਲੋ ਅਲਰਟ
Monday, Jan 12, 2026 - 12:47 PM (IST)
ਚੰਡੀਗੜ੍ਹ (ਸ਼ੀਨਾ) : ਕੁੱਝ ਦਿਨਾਂ ਦੀ ਧੁੱਪ ਤੋਂ ਬਾਅਦ ਐਤਵਾਰ ਨੂੰ ਮੌਸਮ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਠੰਡੀਆਂ ਹਵਾਵਾਂ ਅਤੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ’ਚ ਲੈ ਲਿਆ। ਐਤਵਾਰ ਨੂੰ ਨਿਕਲੀ ਧੁੱਪ ਨੇ ਕੁੱਝ ਰਾਹਤ ਦਿੱਤੀ ਪਰ ਇਸ ਦੇ ਨਾਲ ਸਵੇਰ-ਸ਼ਾਮ ਸੀਤ ਲਹਿਰ ਵੀ ਚੱਲਦੀ ਰਹੀ। ਠੰਡ ਦੇ ਬਾਵਜੂਦ ਧੁੱਪ ਨੇ ਸੈਕਟਰ 17 ਪਲਾਜ਼ਾ, ਸੁਖਨਾ ਝੀਲ, ਰਾਕ ਗਾਰਡਨ ਅਤੇ ਰੋਜ਼ ਗਾਰਡਨ ’ਚ ਰੌਣਕ ਲਿਆਂਦੀ।
ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.4 ਡਿਗਰੀ ਘੱਟ ਹੈ। ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਨਾਲੋਂ ਲਗਭਗ 2 ਡਿਗਰੀ ਘੱਟ ਹੈ। ਸ਼ਨੀਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਸੀ। ਲਗਾਤਾਰ ਡਿੱਗ ਰਹੇ ਤਾਪਮਾਨ ਤੇ ਤੇਜ਼ ਠੰਡੀਆਂ ਹਵਾਵਾਂ ਨੇ ਠੰਡ ਨੂੰ ਵਧਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਸੱਤ ਦਿਨਾਂ ਤੱਕ ਠੰਡ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ। ਟ੍ਰਾਈਸਿਟੀ ’ਚ ਅਗਲੇ ਹਫ਼ਤੇ ਤੱਕ ਸੀਤ ਲਹਿਰ ਤੇ ਸੰਘਣੀ ਧੁੰਦ ਰਹਿ ਸਕਦੀ ਹੈ। ਇਸ ਦੇ ਮੱਦੇਨਜ਼ਰ ਸੱਤ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਕਾਰਨ ਸਵੇਰ-ਰਾਤ ਦੇ ਸਮੇਂ ਦਿਸਣ ਹੱਦ ਹੋਰ ਘੱਟ ਸਕਦੀ ਹੈ।
