ਚਾਈਨਾ ਡੋਰ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
Wednesday, Jan 07, 2026 - 02:10 PM (IST)
ਖਰੜ (ਸ਼ਸ਼ੀ ਪਾਲ ਜੈਨ) : ਖਰੜ ਅਤੇ ਹੋਰ ਕਈ ਇਲਾਕਿਆਂ 'ਚ ਬਹੁਤ ਸਾਰੀਆਂ ਦੁਕਾਨਾਂ ਅਤੇ ਚਾਈਨਾ ਡੋਰ ਦਾ ਖੁੱਲ੍ਹ ਕੇ ਵਪਾਰ ਹੋ ਰਿਹਾ ਹੈ। ਜਦੋਂ ਤੋਂ ਇਹ ਚਾਈਨਾ ਡੋਰ ਬਾਜ਼ਾਰ ਵਿਚ ਆਈ ਹੈ, ਉਦੋਂ ਤੋਂ ਕਈ ਲੋਕਾਂ ਦਾ ਸਰੀਰਕ ਨੁਕਸਾਨ ਹੋਇਆ ਹੈ ਕਿਉਂਕਿ ਇਹ ਡੋਰ ਜਦੋਂ ਕਿਸੇ ਦੇ ਹੱਥ, ਪੈਰ ਜਾਂ ਗਲ ਵਿੱਚ ਫਸ ਜਾਂਦੀ ਹੈ ਤਾਂ ਫਿਰ ਉਸ ਡੋਰ ਨੂੰ ਕੱਢਦੇ ਹੋਏ ਵੱਡੇ ਕੱਟ ਲੱਗਦੇ ਹਨ ਅਤੇ ਉਸ ਕੱਟ 'ਤੇ ਕਈ ਟਾਂਕੇ ਲੱਗਦੇ ਹਨ। ਕਈ ਵਾਰੀ ਤਾਂ ਅੱਖ, ਕੰਨ ਜਾਂ ਵਿਅਕਤੀ ਦਾ ਚਿਹਰਾ ਹੀ ਟਾਂਕੇ ਲੱਗਣ ਕਾਰਨ ਖ਼ਰਾਬ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਤਾਂ ਲੋਕਾਂ ਨੇ ਚਾਈਨਾ ਡੋਰ ਕਾਰਨ ਆਪਣੀਆਂ ਜਾਨਾਂ ਵੀ ਗਵਾਈਆਂ ਹਨ।
ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਭਾਜਪਾ ਖਰੜ ਦੇ ਸਾਬਕਾ ਪ੍ਰਧਾਨ ਅਤੇ ਸਮਾਜਿਕ ਕਾਰਕੁਨ ਸੁਭਾਸ਼ ਅਗਰਵਾਲ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਪ੍ਰੀਤ ਕੰਵਲ ਸਿੰਘ ਐਡਵੋਕੇਟ ਨੇ ਕਿਹਾ ਕਿ ਚਾਈਨਾ ਡੋਰ ਦਾ ਨਾਂ ਹੀ ਚਾਈਨਾ ਡੋਰ ਹੈ ਪਰ ਇਹ ਬਣਦੀ ਲੁਧਿਆਣੇ, ਦਿੱਲੀ ਤੇ ਗਾਜ਼ੀਆਬਾਦ ਵਿਚ ਹੈ। ਜੇਕਰ ਪ੍ਰਸ਼ਾਸਨ ਦੀ ਮਨਸ਼ਾ ਸਹੀ ਹੋਵੇ ਤਾਂ ਇਹ ਜਾਨਲੇਵਾ ਡੋਰ ਬਣਨ ਹੀ ਕਿਉਂ ਦਿੱਤੀ ਜਾਵੇ? ਇਸ ਡੋਰ ਨਾਲ ਪੂਰੇ ਭਾਰਤ ਵਿਚ 3600 ਕਰੋੜ ਰੁਪਏ ਦਾ ਧੰਦਾ ਹੁੰਦਾ ਹੈ। ਇਸ ਲਈ ਇਸ ਡੋਰ ਨੂੰ ਬਣਾਉਣ ਵਾਲੇ, ਵੇਚਣ ਵਾਲੇ ਅਤੇ ਵਿਕਣ ਦੇਣ ਵਾਲੇ ਸਭ ਦੋਸ਼ੀ ਹਨ। ਇੱਕ ਗੱਟੂ 20-25 ਰੁਪਏ ਵਿੱਚ ਤਿਆਰ ਹੁੰਦਾ ਹੈ ਤੇ ਬਾਜ਼ਾਰ ਵਿੱਚ 750 ਤੋਂ 1500 ਰੁਪਏ ਤੱਕ ਵਿਕਦਾ ਹੈ।
ਜਿਹੜੀ ਚੀਜ਼ ਵਿੱਚ ਇੰਨਾ ਮੁਨਾਫ਼ਾ ਹੋਵੇ, ਉਹ ਕਿਵੇਂ ਬੰਦ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਬਸੰਤ ਆਉਣ ਤੋਂ 6-7 ਮਹੀਨੇ ਪਹਿਲਾਂ ਹੀ ਇਹ ਡੋਰ ਬਜ਼ਾਰ ਦਾ ਸ਼ਿੰਗਾਰ ਬਣ ਜਾਂਦੀ ਹੈ। ਜਿਹੜੇ ਲੋਕ ਇਸ ਡੋਰ ਨੂੰ ਬਣਾਉਣ ਅਤੇ ਵਿਕਰੀ ਨਾਲ ਜੁੜੇ ਹਨ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਸੜਕਾਂ 'ਤੇ ਘੁੰਮਦੇ ਹਨ। ਮੌਤ ਦਾ ਰੂਪ ਇਹ ਡੋਰ ਉਨ੍ਹਾਂ ਨੂੰ ਵੀ ਨਿਗਲ ਸਕਦੀ ਹੈ। ਲੋੜ ਹੈ ਕਿ ਲੋਕ ਖ਼ੁਦ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਨੂੰ ਵਰਤਣ ਤੋਂ ਰੋਕਣ।
ਇਸ ਸਬੰਧੀ ਅਖ਼ਬਾਰਾਂ ਜਾਂ ਟੀ. ਵੀ. 'ਤੇ ਕਈ ਖ਼ਬਰਾਂ ਪੜ੍ਹਨ ਜਾਂ ਸੁਣਨ ਨੂੰ ਹਰ ਸਾਲ ਮਿਲ ਜਾਂਦੀਆਂ ਹਨ ਪਰ ਕਾਰਵਾਈ ਦੇ ਨਾਮ ਤੇ ਛੋਟੇ ਦੁਕਾਨਦਾਰ ਜਾਂ ਡੋਰ ਵਰਤਣ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾਂਦੀ ਹੈ। ਵੱਡੇ ਮਗਰਮੱਛ ਤਾਂ ਹਮੇਸ਼ਾਂ ਸਫ਼ੈਦ ਕਾਲਰ ਨਾਲ ਲੋਕਾਂ ਵਿੱਚ ਤੇ ਪ੍ਰਸ਼ਾਸਨ ਵਿੱਚ ਵਿਚਰਦੇ ਰਹਿੰਦੇ ਹਨ। ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਅੱਜ ਤੋਂ ਹੀ ਚਾਈਨਾ ਡੋਰ ਵੇਚਣ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਛਾਪੇਮਾਰੀ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਤੇ ਨਕੇਲ ਕਸੀ ਜਾਵੇ ਤਾਂ ਕਿ ਹੋਰ ਲੋਕਾਂ ਦੀ ਜਾਨ ਬਚ ਸਕੇ।
