ਪ੍ਰਤਾਪ ਸਿੰਘ ਬਾਜਵਾ ਨੇ ''ਆਪ'' ਅਤੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਦਿੱਤਾ ਬਿਆਨ

Saturday, Jan 10, 2026 - 02:14 PM (IST)

ਪ੍ਰਤਾਪ ਸਿੰਘ ਬਾਜਵਾ ਨੇ ''ਆਪ'' ਅਤੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਦਿੱਤਾ ਬਿਆਨ

ਰਾਜਪੁਰਾ : ਇੱਥੇ 'ਮਨਰੇਗਾ ਬਚਾਓ ਸੰਗਰਾਮ' ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ 'ਆਪ' ਨੇ ਕਿਹਾ ਸੀ ਕਿ ਪਿੰਡਾਂ ਦੀਆਂ ਸੱਥਾਂ ਅਤੇ ਗਲੀਆਂ 'ਚੋਂ ਸਰਕਾਰਾਂ ਚੱਲਣਗੀਆਂ ਅਤੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਸੀ ਕਿ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚਾਰ ਸਾਲ ਪੂਰੇ ਹੋਣ ਨੂੰ ਹਨ ਪਰ ਪਾਰਟੀ ਆਪਣੇ ਵਾਅਦਿਆਂ 'ਤੇ ਖ਼ਰੀ ਨਹੀਂ ਉਤਰ ਸਕੀ। ਬਾਜਵਾ ਨੇ ਕਿਹਾ ਕਿ ਸਾਡੀ ਪਾਰਟੀ 'ਚ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਬੁਨਿਆਦੀ ਹੱਕ ਪੰਜਾਬੀਆਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਤਹਿਤ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕੋਈ ਤੁਹਾਨੂੰ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ।

ਬਾਜਵਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੌਰਾਨ ਕਰੀਬ 42 ਲੱਖ ਲੋਕਾਂ ਨੂੰ ਅਸੀਂ ਕਣਕ ਮੁਹੱਈਆ ਕਰਵਾਈ ਅਤੇ 12 ਲੱਖ ਕਾਰਡ ਹੁਣ ਕੱਟ ਲਏ ਗਏ ਹਨ। ਜਿੱਥੇ ਪ੍ਰਤੀ ਵਿਅਕਤੀ 30 ਕਿੱਲੋ ਕਣਕ ਅਸੀਂ ਦਿੰਦੇ ਸਨ, ਉੱਥੇ ਮੋਦੀ ਸਰਕਾਰ ਨੇ ਇਸ ਨੂੰ ਕੱਟ ਕੇ 5 ਕਿੱਲੋ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਤਹਿਤ ਮੋਦੀ ਸਰਕਾਰ ਨੇ ਇਕ ਪਾਸੇ ਕਿਹਾ ਕਿ ਅਸੀਂ 100 ਦਿਨਾਂ ਦੀ ਬਜਾਏ 125 ਦਿਨ ਕੰਮ ਦੇਵਾਂਗਾ ਅਤੇ ਕੇਂਦਰ ਦਾ ਹਿੱਸਾ 90 ਤੋਂ 60, ਜਦੋਂ ਕਿ ਸੂਬੇ ਦਾ ਹਿੱਸਾ 10 ਤੋਂ 40 ਕਰ ਦਿੱਤਾ। ਅੱਜ ਜਿਸ ਕਿਸਮ ਦੇ ਹਾਲਾਤ ਹਨ, 'ਆਪ' ਕੋਲੋ ਪੈਸੇ ਨਹੀਂ ਹਨ ਤਾਂ ਮਨਰੇਗਾ ਮਜ਼ਦੂਰਾਂ ਨੂੰ ਸੂਬਾ ਕਿੱਥੋਂ ਪੈਸੇ ਦੇਵੇਗਾ।

ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਇਜਲਾਸ ਦੌਰਾਨ ਮੁੱਖ ਮੰਤਰੀ ਮਾਨ ਅੱਗੇ ਗਰੀਬ ਲੋਕਾਂ ਬਾਰੇ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਸ਼ਬਦ ਨਹੀਂ ਬੋਲਿਆ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਔਰਤਾਂ ਨੂੰ 1000 ਰੁਪਿਆ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਔਰਤ ਨੂੰ ਇਕ ਰੁਪਿਆ ਨਹੀਂ ਦਿੱਤਾ ਗਿਆ। ਭਾਜਪਾ 'ਤੇ ਰਗੜੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਹਰ ਪਾਸਿਓਂ ਸਾਡੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਅਤੇ ਮਜ਼ਦੂਰ ਖ਼ੁਸ਼ਹਾਲ ਹੋਣ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ।


author

Babita

Content Editor

Related News