ਮਾਨ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਨੇ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਮਧੋਲੀ : ਗਰਗ
Friday, Jan 16, 2026 - 05:03 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ 'ਪੰਜਾਬ ਕੇਸਰੀ ਗਰੁੱਪ' ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਨੇ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਅਤੇ ਸੂਬੇ ਅੰਦਰ ਪ੍ਰਸ਼ਾਸਨ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿਚ ਨਿਰਾਸ਼ਾਜਨਕ ਸਥਿਤੀ 'ਚ ਹੈ, ਉੱਥੇ ਹੀ 'ਆਪ' ਸਰਕਾਰ ਆਪਣੀਆਂ ਸਵਿੰਧਾਨਕ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਲੋਕਤੰਤਰਿਕ ਅਧਿਕਾਰਾਂ ਨੂੰ ਡੰਡਾ ਤੰਤਰ ਰਾਹੀਂ ਕੁਚਲਣ ਦੇ ਯਤਨ ਕਰ ਰਹੀ ਹੈ।
ਗਰਗ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣ ਵਾਲੇ ਆਰਟੀਆਈ ਐਕਟੀਵਿਸਟਾਂ ਅਤੇ ਪੱਤਰਕਾਰਾਂ ਖਿਲਾਫ਼ ਪਰਚੇ ਦਰਜ ਕਰਨ ਮਗਰੋਂ ਭਗਵੰਤ ਮਾਨ ਦੀ ਸਰਕਾਰ ਹੁਣ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਦੇਸ਼ ਦੇ ਨਾਮੀ ਅਖਬਾਰ 'ਪੰਜਾਬ ਕੇਸਰੀ ਸਮੂਹ' ਵਰਗੇ ਅਦਾਰਿਆਂ ਦੇ ਦਫਤਰਾਂ ਅਤੇ ਸਬੰਧਤ ਕਾਰੋਬਾਰੀ ਠਿਕਾਣਿਆਂ ਨੂੰ ਪੰਜਾਬ ਪੁਲਸ ਅਤੇ ਏਜੰਸੀਆਂ ਵਲੋਂ ਨਿਸ਼ਾਨਾ ਬਣਾਉਣ ਦੇ ਕੋਝੇ ਹਥਕੰਡੇ ਵਰਤ ਕੇ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਕੋਝੀ ਚਾਲ ਨੂੰ ਸਫਲ ਨਹੀਂ ਹੋਣ ਦੇਣਗੇ। ਗਰਗ ਨੇ ਸਰਕਾਰ ਨੂੰ ਅਜਿਹੀਆਂ ਗੈਰ-ਲੋਕਤੰਤਰੀ ਕਾਰਵਾਈਆਂ ਤੋਂ ਗੁਰੇਜ਼ ਕਰਨ ਦੀ ਤਾੜਨਾ ਕੀਤੀ।
