ਕਿਸਾਨ-ਮਜ਼ਦੂਰ ਮੋਰਚੇ ਵਲੋਂ ਵੱਡੇ ਅੰਦੋਲਨ ਦਾ ਐਲਾਨ, ਸਰਵਣ ਸਿੰਘ ਪੰਧੇਰ ਨੇ ਦੱਸੀ ਅਗਲੀ ਰਣਨੀਤੀ
Thursday, Jan 08, 2026 - 03:56 PM (IST)
ਚੰਡੀਗੜ੍ਹ : ਕਿਸਾਨ-ਮਜ਼ਦੂਰ ਮੋਰਚੇ ਵਲੋਂ ਵੱਡੇ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵਲੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਗਿਆ। ਪੰਧੇਰ ਨੇ ਕਿਹਾ ਕਿ 13 ਜਨਵਰੀ ਨੂੰ ਬਿਜਲੀ ਸੋਧ ਬਿੱਲ-2025, ਬੀਜ ਕਾਨੂੰਨ-2025 ਅਤੇ ਵੀ. ਬੀ. ਗ੍ਰਾਮ ਯੋਜਨੇ ਦੇ ਸੋਧ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਦੇ ਪਿੰਡ ਪੱਧਰ 'ਤੇ ਲੋਹੜੀ ਦੇ ਭੁੱਗਿਆਂ 'ਚ ਸਾੜੀਆਂ ਜਾਣਗੀਆਂ। ਇਸ ਤੋਂ ਇਲਾਵਾ 18 ਜਨਵਰੀ ਦਿਨ ਐਤਵਾਰ ਨੂੰ ਮਜੀਠਾ ਵਿਖੇ ਵਿਸ਼ਾਲ ਰੈਲੀ ਦੌਰਾਨ ਉਹ ਉੱਥੇ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਮੰਗਾਂ ਸਬੰਧੀ ਸਵਾਲ ਪੁੱਛੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਸਬੰਧੀ ਸਵਾਲ ਕਰਾਂਗੇ। ਇਸੇ ਤਰ੍ਹਾਂ 21 ਅਤੇ 22 ਜਨਵਰੀ ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ 'ਚ ਦੂਜੇ ਦੌਰ ਹੇਠ ਜਮ੍ਹਾਂ ਕਰਵਾਏ ਜਾਣਗੇ। ਫਿਰ 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਅਤੇ ਖ਼ਨੌਰੀ-ਸ਼ੰਭੂ ਮੋਰਚੇ 'ਚ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਸਬੰਧੀ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉੁਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ-2025 ਦੇ ਖਰੜੇ ਸਬੰਧੀ ਅਸੀਂ ਚਾਹੁੰਦੇ ਸੀ ਕਿ ਪੰਜਾਬ ਵਿਧਾਨ ਸਭਾ 'ਚ ਮਤਾ ਪਾਇਆ ਜਾਵੇ ਪਰ ਇਸ 'ਤੇ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : ਜ਼ਿਲ੍ਹਾ ਮਾਲੇਰਕੋਟਲਾ 'ਚ 17 ਜਨਵਰੀ ਨੂੰ ਛੁੱਟੀ ਦਾ ਐਲਾਨ, ਵਿੱਦਿਅਕ ਅਦਾਰੇ ਅਤੇ ਦਫ਼ਤਰ ਰਹਿਣਗੇ ਬੰਦ
ਇਸ ਦੇ ਨਾਲ ਹੀ ਖੇਤੀ ਦਾ ਸੰਕਟ ਕੇਂਦਰ ਜਾਂ ਪੰਜਾਬ ਸਰਕਾਰ ਹੋਵੇ, ਕਿਸੇ ਕੋਲ ਇਸ ਸੰਕਟ ਲਈ ਕੋਈ ਨੀਤੀ ਨਹੀਂ ਹੈ। ਇਸ ਕਾਰਨ ਕਿਸਾਨ ਕਰਜ਼ਾਈ ਹੋ ਕੇ ਲਗਾਤਾਰ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਇਹ ਪੂਰੇ ਦੇਸ਼ 'ਚ ਹੋ ਰਿਹਾ ਹੈ। ਪੰਧੇਰ ਨੇ ਕਿਹਾ ਸਾਨੂੰ ਮੀਟਿੰਗ 'ਤੇ ਸੱਦ ਕੇ ਸਰਕਾਰ ਭੁੱਲ ਗਈ ਅਤੇ ਇਸ ਬਾਰੇ ਅਸੀਂ ਮੁੱਖ ਮੰਤਰੀ ਮਾਨ ਨੂੰ ਸਵਾਲ ਪੁੱਛਾਂਗੇ। ਉਨ੍ਹਾਂ ਕਿਹਾ ਕਿ ਗੰਨੇ ਦਾ ਵੀ ਬਕਾਇਆ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਅਤੇ ਹਰ ਵਾਰ ਬਕਾਇਆ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸਰਕਾਰ ਦੀ ਕਿਸਾਨਾਂ ਨਾਲ ਮੀਟਿੰਗ ਸੀ ਪਰ ਪੰਧੇਰ ਮੁਤਾਬਕ ਕੋਈ ਵੀ ਸਰਕਾਰੀ ਅਧਿਕਾਰੀ ਇਸ ਮੀਟਿੰਗ ਲਈ ਪੰਜਾਬ ਭਵਨ ਨਹੀਂ ਪੁੱਜਿਆ, ਸਗੋਂ ਇਹ ਮੀਟਿੰਗ ਫੋਨ 'ਤੇ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
