ਦਵਾਈ ਲੈਣ ਗਈ ਸੀ ਔਰਤ ਪਿੱਛੋਂ ਚੋਰ ਘਰ ''ਚ ਕਰ ਗਏ ਕਾਰਾ, ਸੋਨਾ, ਨਕਦੀ ਤੇ ਹੋਰ ਸਾਮਾਨ ਲੈ ਕੇ ਹੋਏ ਫਰਾਰ
Saturday, Nov 29, 2025 - 07:45 PM (IST)
ਮਾਛੀਵਾੜਾ ਸਾਹਿਬ, (ਟੱਕਰ)- ਨੇੜ੍ਹਲੇ ਪਿੰਡ ਬੁਰਜ ਪਵਾਤ ਵਿਖੇ ਚੋਰਾਂ ਨੇ ਇੱਕ ਘਰ ਵਿਚ ਉਸ ਸਮੇਂ ਕਾਰਾ ਕਰ ਦਿੱਤਾ ਜਦੋਂ ਮਾਲਕਣ ਦਵਾਈ ਲੈਣ ਗਈ ਸੀ ਤਾਂ ਪਿੱਛੋਂ ਚੋਰ ਸੋਨਾ, ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਘਰ ਦੀ ਮਾਲਕਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਵਿਦੇਸ਼ ਰਹਿੰਦਾ ਹੈ ਅਤੇ ਉਹ ਸਵੇਰੇ 11 ਵਜੇ ਘਰੋਂ ਮਾਛੀਵਾੜਾ ਵਿਖੇ ਦਵਾਈ ਲੈਣ ਲਈ ਆਈ ਪਰ ਜਦੋਂ ਸ਼ਾਮ ਨੂੰ 4 ਵਜੇ ਵਾਪਸ ਪਰਤੀ ਤਾਂ ਉਸਨੇ ਦੇਖਿਆ ਕਿ ਘਰ ਦੇ ਮੇਨ ਦਰਵਾਜੇ ਦਾ ਤਾਲ੍ਹਾ ਲੱਗਾ ਹੋਇਆ ਸੀ ਪਰ ਅੰਦਰ ਸਾਰੇ ਕਮਰਿਆਂ ਦੇ ਤਾਲ੍ਹੇ ਟੁੱਟੇ ਹੋਏ ਸਨ। ਜਸਵਿੰਦਰ ਕੌਰ ਅਨੁਸਾਰ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਦਰਵਾਜੇ ਤੋੜ ਕੇ ਅੰਦਰ ਪਏ ਸਾਰੇ ਸਮਾਨ ਦੀ ਫਰੌਲਾ-ਫਰਾਲੀ ਕੀਤੀ।
ਉਸਨੇ ਦੱਸਿਆ ਕਿ ਚੋਰ ਘਰ ’ਚੋਂ ਸੋਨੇ ਦਾ ਕੜਾ, 2 ਜੋੜੇ ਵਾਲੀਆਂ, 30 ਹਜ਼ਾਰ ਰੁਪਏ ਨਕਦੀ ਅਤੇ ਕੁਝ ਚਾਂਦੀ ਦਾ ਸਮਾਨ ਚੋਰੀ ਕਰਕੇ ਲੈ ਗਏ। ਜਸਵਿੰਦਰ ਕੌਰ ਅਨੁਸਾਰ ਉਸਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਹੈ। ਉਸਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਸਦੇ ਘਰ ’ਚੋਂ 20 ਹਜ਼ਾਰ ਰੁਪਏ ਨਕਦੀ ਚੋਰੀ ਹੋਈ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਮਾਛੀਵਾੜਾ ਪੁਲਸ ਥਾਣਾ ਵਿਖੇ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਸ ਅਧਿਕਾਰੀ ਮੌਕਾ ਦੇਖਣ ਵੀ ਆਏ ਸਨ। ਜਸਵਿੰਦਰ ਕੌਰ ਨੇ ਪੁਲਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
