ਦੋ ਧੀਆਂ ਦੀਆਂ ਕਿਡਨੀਆਂ ਖ਼ਰਾਬ! ਗਰੀਬ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

Monday, Sep 22, 2025 - 02:11 PM (IST)

ਦੋ ਧੀਆਂ ਦੀਆਂ ਕਿਡਨੀਆਂ ਖ਼ਰਾਬ! ਗਰੀਬ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਮਹਿਲ ਕਲਾਂ (ਹਮੀਦੀ): ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਵਿਖੇ ਇਕ ਬਹੁਤ ਗਰੀਬ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਧੀਆਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਪਰਿਵਾਰ ਮੁਖੀ ਦਲਵਾਰਾ ਸਿੰਘ ਦੀਆਂ ਦੋਨੋਂ ਧੀਆਂ ਵੱਡੀ ਹਰਪ੍ਰੀਤ ਕੌਰ (23 ਸਾਲ) ਅਤੇ ਛੋਟੀ ਜੋਤੀ ਕੌਰ (18 ਸਾਲ) — ਕਿਡਨੀ ਦੀ ਗੰਭੀਰ ਬਿਮਾਰੀ ਨਾਲ ਪੀੜਤ ਹਨ। ਦੋਨੋਂ ਦੀ ਚਾਰ-ਚਾਰ ਦਿਨਾਂ ਬਾਅਦ ਡਾਇਲਸਿਸ ਹੁੰਦੀ ਹੈ ਜਿਸ ਨਾਲ ਪਰਿਵਾਰ ਦੇ ਸਾਹਮਣੇ ਜੀਵਨ-ਮੌਤ ਦੀ ਸਥਿਤੀ ਬਣ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਵੱਡੇ ਲੀਡਰ ਦੇ ਭਰਾ ਖ਼ਿਲਾਫ਼ ਐਕਸ਼ਨ! ਜਾਣੋ ਪੂਰਾ ਮਾਮਲਾ

ਇਸ ਮੌਕੇ ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮੇ ਨੇ ਦੱਸਿਆ ਕਿ ਦਲਵਾਰਾ ਸਿੰਘ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦਾ ਹੈ, ਪਰ ਘਰ ਦੀਆਂ ਛੱਤਾਂ ਵੀ ਟੁੱਟੀਆਂ ਹੋਈਆਂ ਹਨ ਅਤੇ ਕੋਈ ਪੱਕਾ ਆਰਥਿਕ ਸਾਧਨ ਨਹੀਂ। ਇਲਾਜ ਦਾ ਭਾਰ ਪਰਿਵਾਰ ਲਈ ਸੰਭਾਲਣਾ ਮੁਸ਼ਕਲ ਬਣ ਗਿਆ ਹੈ। ਬਠਿੰਡਾ ਦੇ ਹਸਪਤਾਲ ਵਿੱਚ ਚੱਲ ਰਹੇ ਇਲਾਜ ਅਨੁਸਾਰ ਇੱਕ ਵਾਰ ਦੀ ਡਾਇਲਸਿਸ ਸਮੇਤ ਐਂਬੂਲੈਂਸ, ਦਵਾਈਆਂ ਅਤੇ ਖੂਨ ਦੀਆਂ ਬੋਤਲਾਂ ਦਾ ਖਰਚਾ ਲਗਭਗ 15 ਤੋਂ 20 ਹਜ਼ਾਰ ਰੁਪਏ ਤੱਕ ਆ ਜਾਂਦਾ ਹੈ, ਜੋ ਇਕ ਦਿਹਾੜੀਦਾਰ ਲਈ ਚੁਕਾਉਣਾ ਸੰਭਵ ਨਹੀਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ ਗੁਰਮ, ਰਾਜ ਸਿੰਘ, ਸੂਰਤ ਰਾਮ ਗੁਰਮੁ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ ਬਸੰਤ ਸਿੰਘ ਅਤੇ ਹੈਪੀ ਸਿੰਘ ਸਮੇਤ ਕਈ ਸਮਾਜ ਸੇਵਕ ਵੀ ਹਾਜ਼ਰ ਸਨ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀਆਂ ਧੀਆਂ ਦੇ ਇਲਾਜ ਲਈ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਪਰਿਵਾਰ ਵੱਲੋਂ ਦਾਨੀ ਵੀਰਾਂ ਨੂੰ ਹੱਥ ਜੋੜ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਧੀਆਂ ਦੀ ਜ਼ਿੰਦਗੀ ਬਚਾਉਣ ਵਿਚ ਸਹਿਯੋਗ ਕਰਨ। ਕੋਈ ਵੀ ਸੱਜਣ ਐਂਬੂਲੈਂਸ ਦਾ ਤੇਲ, ਦਵਾਈਆਂ ਜਾਂ ਖੂਨ ਦੀਆਂ ਬੋਤਲਾਂ ਦਾ ਖਰਚਾ ਚੁਕਾ ਕੇ ਵੀ ਸਿੱਧੀ ਮਦਦ ਕਰ ਸਕਦਾ ਹੈ। ਦਾਨੀ ਸੱਜਣ ਪਰਿਵਾਰ ਦੇ ਨੰਬਰ : 70876-93558 'ਤੇ ਸੰਪਰਕ ਕਰ ਸਕਦੇ ਹਨ। ਪਰਿਵਾਰ ਨੇ ਕਿਹਾ ਕਿ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੀ ਉਹ ਆਪਣੀਆਂ ਧੀਆਂ ਦੀ ਜ਼ਿੰਦਗੀ ਬਚਾ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News