ਬਰਨਾਲਾ ''ਚ ਨਿਯਮਾਂ ਦੀ ਅਣਦੇਖੀ: ਸੀਲਿੰਗ ਦੇ ਬਾਵਜੂਦ ਫਿਰ ਚੱਲ ਪਏ ਹੋਟਲ, ਪ੍ਰਸ਼ਾਸਨ ''ਤੇ ਉੱਠੇ ਸਵਾਲ

Thursday, Sep 11, 2025 - 05:55 PM (IST)

ਬਰਨਾਲਾ ''ਚ ਨਿਯਮਾਂ ਦੀ ਅਣਦੇਖੀ: ਸੀਲਿੰਗ ਦੇ ਬਾਵਜੂਦ ਫਿਰ ਚੱਲ ਪਏ ਹੋਟਲ, ਪ੍ਰਸ਼ਾਸਨ ''ਤੇ ਉੱਠੇ ਸਵਾਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਸ਼ਹਿਰ ਵਿਚ ਹੋਟਲ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਇਨ੍ਹਾਂ ਹੋਟਲਾਂ ਦੀ ਵਧਦੀ ਗਿਣਤੀ ਪ੍ਰਸ਼ਾਸਨਿਕ ਲਾਪਰਵਾਹੀ ਦਾ ਆਇਨਾ ਵੀ ਦਿਖਾ ਰਹੀ ਹੈ। ਸਥਿਤੀ ਇਹ ਹੈ ਕਿ ਸ਼ਹਿਰ ਵਿਚ ਥਾਂ-ਥਾਂ ਅਮਰ ਬੇਲਾਂ ਵਾਂਗ ਹੋਟਲ ਖੁੱਲ੍ਹ ਰਹੇ ਹਨ। ਇਨ੍ਹਾਂ 'ਤੇ ਵਾਰ-ਵਾਰ ਸ਼ਿਕਾਇਤਾਂ ਦਰਜ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਹਾਲ ਹੀ ਵਿਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੇ ਕੁਝ ਹੋਟਲਾਂ ਨੂੰ ਸੀਲ ਕੀਤਾ ਸੀ, ਕਿਉਂਕਿ ਉਨ੍ਹਾਂ ਕੋਲ ਸੀ.ਏ.ਐਲ.ਯੂ. (ਚੇਂਜ ਆਫ ਲੈਂਡ ਯੂਜ਼) ਅਤੇ ਫਾਇਰ ਐੱਨ.ਓ.ਸੀ. ਵਰਗੇ ਜ਼ਰੂਰੀ ਦਸਤਾਵੇਜ਼ ਨਹੀਂ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੁਝ ਹੀ ਦਿਨਾਂ ਬਾਅਦ ਉਹੀ ਹੋਟਲ ਦੁਬਾਰਾ ਖੁੱਲ੍ਹ ਗਏ।

ਇੰਦਰਲੋਕ ਕਾਲੋਨੀ ਨਿਵਾਸੀਆਂ ਦੀ ਪਹਿਲ

ਇਹ ਮਾਮਲਾ ਉਦੋਂ ਸੁਰਖੀਆਂ ਵਿਚ ਆਇਆ ਜਦੋਂ ਇੰਦਰਲੋਕ ਕਾਲੋਨੀ ਦੇ ਨਿਵਾਸੀਆਂ ਨੇ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਹੋਟਲ ਨਾ ਸਿਰਫ਼ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਹਨ ਬਲਕਿ ਆਸ-ਪਾਸ ਦੇ ਇਲਾਕਿਆਂ ਵਿੱਚ ਅਸੁਰੱਖਿਆ ਅਤੇ ਅਵਿਵਸਥਾ ਦਾ ਮਾਹੌਲ ਵੀ ਪੈਦਾ ਕਰ ਰਹੇ ਹਨ। ਵਾਰ-ਵਾਰ ਸ਼ਿਕਾਇਤਾਂ ਦੇ ਦਬਾਅ ਵਿੱਚ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਹੋਟਲਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਪਾਇਆ ਗਿਆ ਕਿ ਹੋਟਲ ਮਾਲਕਾਂ ਕੋਲ ਨਾ ਤਾਂ ਫਾਇਰ ਸੇਫਟੀ ਦੀ ਮਨਜ਼ੂਰੀ ਸੀ ਅਤੇ ਨਾ ਹੀ ਸੀ.ਏ.ਐਲ.ਯੂ. ਦੇ ਦਸਤਾਵੇਜ਼। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੀਲ ਕਰ ਦਿੱਤਾ।

ਸੀਲਿੰਗ ਤੋਂ ਬਾਅਦ ਵੀ ਫਿਰ ਖੁੱਲ੍ਹ ਗਏ ਦਰਵਾਜ਼ੇ

ਸਥਾਨਕ ਲੋਕਾਂ ਦੀ ਨਾਰਾਜ਼ਗੀ ਉਦੋਂ ਹੋਰ ਵੱਧ ਗਈ ਜਦੋਂ ਕੁਝ ਹੀ ਦਿਨਾਂ ਬਾਅਦ ਉਹੀ ਹੋਟਲ ਪਹਿਲਾਂ ਵਾਂਗ ਚੱਲਣ ਲੱਗੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇੰਨੇ ਘੱਟ ਸਮੇਂ ਵਿੱਚ ਹੋਟਲ ਮਾਲਕਾਂ ਨੇ ਆਪਣੇ ਸਾਰੇ ਦਸਤਾਵੇਜ਼ ਪੂਰੇ ਕਰ ਲਏ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਪ੍ਰਸ਼ਾਸਨ ਅਤੇ ਹੋਟਲ ਮਾਲਕਾਂ ਵਿਚਕਾਰ ਮਿਲੀਭੁਗਤ ਦਾ ਸ਼ੱਕ ਪੈਦਾ ਕਰਦੀ ਹੈ।

ਇਸ ਬਾਰੇ ਡਿਪਟੀ ਕਮਿਸ਼ਨਰ ਟੀ. ਬੈਨਿਥ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, “ਹੋਟਲ ਮਾਲਕਾਂ ਨੂੰ 14 ਦਿਨ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਉਹ ਆਪਣੇ ਕਾਗਜ਼ਾਤ ਪੂਰੇ ਕਰ ਸਕਣ। ਮੈਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ।'' ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਬਿਨਾਂ ਰਿਪੋਰਟ ਪੂਰੀ ਹੋਏ ਹੀ ਹੋਟਲ ਫਿਰ ਤੋਂ ਖੋਲ੍ਹ ਦਿੱਤੇ ਗਏ, ਜਾਂ ਫਿਰ ਇਹ ਸਭ ਸਿਰਫ਼ ਰਸਮੀ ਕਾਰਵਾਈ ਬਣ ਕੇ ਰਹਿ ਗਿਆ।

ਨਗਰ ਕੌਂਸਲ ਈ.ਓ. ਦਾ ਵਾਅਦਾ

ਉੱਥੇ, ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਵਿਸ਼ਾਲਦੀਪ ਬਾਂਸਲ ਨੇ ਕਿਹਾ ਕਿ ਉਹ ਅੱਜ ਹੀ ਦੁਬਾਰਾ ਤੋਂ ਇਨ੍ਹਾਂ ਹੋਟਲਾਂ ਦੀ ਜਾਂਚ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਵੀ ਹੋਟਲ ਵਿੱਚ ਅਜੇ ਵੀ ਜ਼ਰੂਰੀ ਕਾਗਜ਼ਾਤ ਅਧੂਰੇ ਪਾਏ ਗਏ ਤਾਂ ਕਾਰਵਾਈ ਦੁਬਾਰਾ ਕੀਤੀ ਜਾਵੇਗੀ।

ਲੋਕਾਂ ਵਿਚ ਸ਼ੱਕ ਹੋਰ ਡੂੰਘਾ ਹੋਇਆ

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਹੋਟਲ ਸੀਲ ਹੋਣ ਤੋਂ ਬਾਅਦ ਕੁਝ ਦਿਨਾਂ ਵਿਚ ਹੀ ਦੁਬਾਰਾ ਖੁੱਲ੍ਹ ਗਏ। ਇਸ ਨਾਲ ਪ੍ਰਸ਼ਾਸਨ ਦੀ ਸਾਖ 'ਤੇ ਸਵਾਲ ਖੜ੍ਹੇ ਹੁੰਦੇ ਹਨ। ਆਮ ਨਾਗਰਿਕਾਂ ਦੇ ਮਨ ਵਿੱਚ ਇਹ ਸ਼ੱਕ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਕੋਈ ਸਮਝੌਤਾ ਤਾਂ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...

ਸੁਰੱਖਿਆ ਮਾਪਦੰਡਾਂ ਦੀ ਅਣਦੇਖੀ

ਹੋਟਲ ਉਦਯੋਗ ਵਿੱਚ ਫਾਇਰ ਐੱਨ.ਓ.ਸੀ. ਅਤੇ ਸੀ.ਏ.ਐੱਲ.ਯੂ. ਵਰਗੀਆਂ ਮਨਜ਼ੂਰੀਆਂ ਸਿਰਫ਼ ਕਾਗਜ਼ਾਂ ਦੀਆਂ ਰਸਮੀ ਕਾਰਵਾਈਆਂ ਨਹੀਂ ਹਨ। ਇਹ ਦਸਤਾਵੇਜ਼ ਇਸ ਗੱਲ ਦੀ ਗਾਰੰਟੀ ਹੁੰਦੇ ਹਨ ਕਿ ਹੋਟਲ ਸੁਰੱਖਿਅਤ ਢੰਗ ਨਾਲ ਬਣਾਏ ਗਏ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਲੋਕਾਂ ਦੀ ਜਾਨ ਨੂੰ ਖ਼ਤਰਾ ਨਹੀਂ ਹੋਵੇਗਾ। ਬਰਨਾਲਾ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਜੇਕਰ ਬਿਨਾਂ ਫਾਇਰ ਐੱਨ.ਓ.ਸੀ. ਦੇ ਹੋਟਲ ਚੱਲ ਰਹੇ ਹਨ ਤਾਂ ਇਹ ਨਾਗਰਿਕਾਂ ਦੀ ਸੁਰੱਖਿਆ ਨਾਲ ਸਿੱਧਾ ਖਿਲਵਾੜ ਹੈ।

ਜਨਤਾ ਦੀ ਮੰਗ

ਬਰਨਾਲਾ ਨਿਵਾਸੀ ਚਾਹੁੰਦੇ ਹਨ ਕਿ ਇਸ ਮੁੱਦੇ 'ਤੇ ਸਿਰਫ਼ ਕਾਗਜ਼ੀ ਕਾਰਵਾਈ ਨਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖਿਰ ਉਹ ਹੋਟਲ ਕਿਹੜੇ ਆਧਾਰਾਂ 'ਤੇ ਫਿਰ ਤੋਂ ਖੋਲ੍ਹੇ ਗਏ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਬਿਨਾਂ ਮਨਜ਼ੂਰੀ ਅਤੇ ਸੁਰੱਖਿਆ ਮਾਪਦੰਡਾਂ ਦੇ ਕੋਈ ਹੋਟਲ ਨਾ ਚੱਲ ਸਕੇ।

ਪ੍ਰਸ਼ਾਸਨ 'ਤੇ ਵੱਡਾ ਸਵਾਲ

ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਸਲ ਵਿਚ ਇਨ੍ਹਾਂ ਹੋਟਲਾਂ ਦੀ ਜਾਂਚ ਕਰਨਗੇ ਜਾਂ ਫਿਰ ਇਹ ਮਾਮਲਾ ਵੀ ਸਮਾਂ ਬੀਤਣ ਨਾਲ ਠੰਡੇ ਬਸਤੇ ਵਿੱਚ ਚਲਾ ਜਾਵੇਗਾ। ਬਰਨਾਲਾ ਦੀ ਜਨਤਾ ਪ੍ਰਸ਼ਾਸਨ ਤੋਂ ਪਾਰਦਰਸ਼ਤਾ ਅਤੇ ਸਖਤੀ ਦੀ ਉਮੀਦ ਕਰ ਰਹੀ ਹੈ। ਸ਼ਹਿਰ ਦੇ ਲੋਕ ਚਾਹੁੰਦੇ ਹਨ ਕਿ ਵਿਕਾਸ ਅਤੇ ਸੁਰੱਖਿਆ ਦੋਵਾਂ ਵਿਚ ਸੰਤੁਲਨ ਬਣਿਆ ਰਹੇ। ਜੇਕਰ ਹੋਟਲ ਮਾਲਕਾਂ ਕੋਲ ਸਾਰੇ ਦਸਤਾਵੇਜ਼ ਹਨ ਤਾਂ ਉਨ੍ਹਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਨਾਗਰਿਕਾਂ ਦੇ ਮਨ ਵਿਚ ਪੈਦਾ ਹੋਏ ਸ਼ੱਕ ਦੂਰ ਹੋਣ। ਪਰ ਜੇਕਰ ਦਸਤਾਵੇਜ਼ ਅਧੂਰੇ ਹਨ ਤਾਂ ਹੋਟਲ ਮਾਲਕਾਂ 'ਤੇ ਸਖ਼ਤ ਕਾਰਵਾਈ ਹੋਵੇ ਅਤੇ ਇਸ ਵਾਰ ਮਾਮਲਾ ਸਿਰਫ਼ ਸੀਲਿੰਗ ਤੱਕ ਸੀਮਤ ਨਾ ਰਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News