ਕਰਜ਼ੇ ਦੀ ਦਲਦਲ ਨੇ ਨਿਗਲ ਲਿਆ ਚਾਰ ਧੀਆਂ ਦਾ ਪਿਓ! ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ
Sunday, Sep 14, 2025 - 02:09 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਝਨੇੜੀ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ 40 ਸਾਲਾ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਇਲੈਕਟ੍ਰੀਕਲ ਮਕੈਨਿਕ ਸੀ ਤੇ ਚਾਰ ਧੀਆਂ ਦਾ ਪਿਤਾ ਸੀ। ਵਿਅਕਤੀ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਫੈਲ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਏ ਧਮਾਕੇ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸੇ! ਕੇਂਦਰੀ ਏਜੰਸੀਆਂ ਦੇ ਵੀ ਉੱਡੇ ਹੋਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ ਨੇ ਦੱਸਿਆ ਕਿ ਬਲਵਿੰਦਰ ਸਿੰਘ (40) ਪੁੱਤਰ ਸੁਰਜੀਤ ਸਿੰਘ ਵਾਸੀ ਝਨੇੜੀ ਇੱਕ ਚੰਗਾ ਬਿਜਲੀ ਮਕੈਨਿਕ ਸੀ। ਵਿਆਹ ਤੋਂ ਬਾਅਦ ਉਸ ਦੀਆਂ ਚਾਰ ਧੀਆਂ ਸਨ। ਬਲਵਿੰਦਰ ਸਿੰਘ ਦੇ ਸਿਰ ਲਗਭਗ 5 ਲੱਖ ਰੁਪਏ ਦਾ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਸੀ ਤੇ ਹੁਣ ਉਸ ਕੋਲ ਜ਼ਮੀਨ ਵੀ ਥੋੜ੍ਹੀ ਹੀ ਬਚੀ ਸੀ। ਪਰਿਵਾਰ ਅਨੁਸਾਰ ਉਹ ਆਪਣੀਆਂ ਧੀਆਂ ਦੇ ਭਵਿੱਖ ਅਤੇ ਕਰਜ਼ੇ ਕਾਰਨ ਚਿੰਤਾ 'ਚ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬਲਵਿੰਦਰ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਪਤਾ ਲੱਗਣ 'ਤੇ ਉਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਐਤਵਾਰ ਸਵੇਰੇ ਉਸਦੀ ਮੌਤ ਹੋ ਗਈ। ਬਲਵਿੰਦਰ ਦੀ ਮੌਤ ਮਗਰੋਂ ਉਸ ਦੀ ਪਤਨੀ ਤੇ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਭਾਜਪਾ ਆਗੂ ਝਨੇੜੀ ਤੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ। ਓਧਰ, ਘਰਾਚੋਂ ਪੁਲਸ ਚੌਕੀ ਦੇ ਇੰਚਾਰਜ ਏਐੱਸਆਈ ਮੇਹਰ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਵਿਚ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8