ਡਾਕਟਰ ਦੀ ਕੁੱਟਮਾਰ ਕਰਕੇ ਲੁੱਟ ਕਰਨ ਵਾਲੇ ਤਿੰਨੋਂ ਲੁਟੇਰੇ ਨਕਦੀ ਤੇ ਹਥਿਆਰਾਂ ਸਣੇ ਕਾਬੂ
Saturday, Sep 13, 2025 - 09:05 PM (IST)

ਭਵਾਨੀਗੜ੍ਹ, (ਕਾਂਸਲ)- ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਕੁਆਰਟਰਾਂ ’ਚੋਂ ਡਾਕਟਰ 'ਤੇ ਕਾਤਲਾਨਾ ਹਮਲਾ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੌਕ ’ਤੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਲੁਟੇਰਿਆਂ ਨੂੰ ਪੁਲਸ ਨੇ ਲੁੱਟ ਦੀ ਘਟਨਾ ਦੌਰਾਨ ਵਰਤੇ ਗਏ ਤੇਜ਼ਧਾਰ ਹਥਿਆਰਾਂ ਤੇ ਲੁੱਟ ਕੀਤੀ ਨਕਦੀ ਸਮੇਤ ਕਾਬੂ ਕਰ ਕਰ ਲਿਆ ਹੈ।
ਸਥਾਨਕ ਪੁਲਸ ਸਟੇਸ਼ਨ ਵਿਖੇ ਅੱਜ ਕੀਤੀ ਗਈ ਪ੍ਰੈੱਸ ਕਾਨਫੰਰੈਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਬ ਡੀਵਜਨ ਦੇ ਡੀ.ਐੱਸ.ਪੀ. ਰਾਹੂਲ ਕੌਂਸਲ ਦੀ ਅਗਵਾਈ ਹੇਠ ਬਣਾਈਆਂ ਗਈਆਂ ਪੁਲਸ ਦੀਆਂ ਜਾਂਚ ਟੀਮਾਂ ਵੱਲੋਂ ਸੀਆਈਏ ਸਟਾਫ ਦੀ ਮੱਦਦ ਨਾਲ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਲੁਟੇਰਿਆਂ- ਧਰਮਪ੍ਰਤੀ ਸਿੰਘ ਪੁੱਤਰ ਰਾਜਿੰਦਰ ਸਿੰਘ ਤੇ ਜੱਗੀ ਸਿੰਘ ਪੁੱਤਰ ਜਗਤਾਰ ਸਿੰਘ ਦੋਵੇ ਵਾਸੀ ਪਿੰਡ ਕਾਕੂ ਵਾਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੈਂਪਰ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ’ਚੋਂ 1ਲੱਖ 70 ਹਜ਼ਰ ਰੁਪਏ ਦੀ ਨਕਦੀ, ਇਕ ਆਈਫੋਨ, 40 ਗ੍ਰਾਮ ਹੈਰੋਇਨ ਅਤੇ ਲੁੱਟ ਦੀ ਘਟਨਾ ਲਈ ਵਰਤੇ ਗਏ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ।
ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਡਾਕਟਰ ਦੇ ਘਰੋਂ 2 ਲੱਖ 70 ਹਜਾਰ ਰੁਪੈ ਦੀ ਨਕਦੀ ਦੀ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਡਾਕਟਰ ਦੇ ਘਰੋਂ ਪੁੱਟਿਆ ਸੀ.ਸੀ.ਟੀ.ਵੀ ਕੈਮਰਿਆਂ ਵਾਲਾ ਡੀ.ਵੀ.ਆਰ ਅਤੇ ਕੁਝ ਹੋਰ ਸਮਾਨ ਰਸਤੇ ਵਿਚ ਇਕ ਨਾਲੇ ’ਚ ਸੁੱਟ ਦਿੱਤਾ ਸੀ ਤੇ ਨਾਲੇ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਸ ਸਮਾਨ ਦੀ ਪ੍ਰਾਪਤੀ ਨਹੀਂ ਹੋ ਸਕੀ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੁਖੀ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਵੱਲੋਂ ਪਹਿਲਾਂ ਦਿੜਬਾ ਨੇੜਿਓ ਇਕ ਬੱਚੇ ਨੂੰ ਅਗਵਾਹ ਕਰਕੇ 26 ਲੱਖ ਰੁਪਏ ਦੀ ਫਰੌਤੀ ਮੰਗੀ ਗਈ। ਜਿਸ ਸਬੰਧੀ ਪੁਲਸ ਨੇ ਇਸ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ’ਚ ਮਾਣਯੋਗ ਅਦਾਲਤ ਨੇ ਇਸ ਨੂੰ ਦਸ ਸਾਲਾਂ ਦੀ ਸਜ੍ਹਾਂ ਸੁਣਾਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਲੁਟੇਰਿਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।