41 ਲੱਖ ਕਰਜ਼ਾ ਚੁੱਕ ਵਿਦੇਸ਼ ਭੇਜੀ ਨੂੰਹ, ਕੈਨੇਡਾ ''ਚ ਕੁੜੀ ਨੇ ਘਰਵਾਲੇ ਨੂੰ ਕਰਵਾ''ਤਾ ਗ੍ਰਿਫਤਾਰ

Saturday, Sep 20, 2025 - 01:04 AM (IST)

41 ਲੱਖ ਕਰਜ਼ਾ ਚੁੱਕ ਵਿਦੇਸ਼ ਭੇਜੀ ਨੂੰਹ, ਕੈਨੇਡਾ ''ਚ ਕੁੜੀ ਨੇ ਘਰਵਾਲੇ ਨੂੰ ਕਰਵਾ''ਤਾ ਗ੍ਰਿਫਤਾਰ

ਬਰਨਾਲਾ - ਵਿਦੇਸ਼ ਜਾਣ ਦੀ ਤਾਕ ਨੂੰ ਲੈ ਕੇ ਲਗਾਤਾਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਪਤਨੀ ਵਿਆਹ ਕਰਾਉਣ ਤੋਂ ਬਾਅਦ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਹੀ ਠੱਗੀ ਮਾਰ ਜਾਵੇ ਤਾਂ ਪਰਿਵਾਰ ਨੂੰ ਧੱਕਾ ਜ਼ਰੂਰ ਲੱਗਦਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ। ਪਿੰਡ ਉੱਗੋਕੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਡੋਗਰ ਸਿੰਘ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਾ ਦੱਸਿਆ ਕਿ ਉਹ ਪ੍ਰੋਪਰਟੀ ਦਾ ਕੰਮ ਕਰਦਾ ਹੈ। ਉਸ ਦੇ ਪੁੱਤਰ (23 ਸਾਲ) ਸਰਬਜੀਤ ਸਿੰਘ ਦਾ ਤਿੰਨ ਸਾਲ ਪਹਿਲਾਂ ਕਿਰਨ ਕੌਰ ਪੁੱਤਰੀ ਕੁਲਵੰਤ ਰਾਮ, ਪਿੰਡ ਗਲੋਲੀ, ਤਹਿਸੀਲ ਪਾਤੜਾਂ, ਜਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਨਾਲ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।

ਇਸ ਮੌਕੇ ਪੀੜਿਤ ਸਰਬਜੀਤ ਸਿੰਘ ਅਤੇ ਪਿਤਾ ਡੋਗਰ ਸਿੰਘ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੀ ਕਿਰਨ ਕੌਰ ਦੇ ਆਈਲੈਟਸ ਵਿੱਚੋਂ ਸਾਢੇ ਛੇ ਬੈਂਡ ਆਏ ਸਨ। ਕਿਰਨ ਕੌਰ ਵੱਲੋਂ ਸੋਹਰੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ, ਕਿ ਜੇਕਰ ਸੋਹਰਾ ਪਰਿਵਾਰ ਉਸ ਨੂੰ ਪੈਸੇ ਲਾ ਕੇ ਕੈਨੇਡਾ ਭੇਜ ਦਿੰਦਾ ਹੈ ਤਾਂ ਉਹ ਆਪਣੇ ਪਤੀ ਸਰਬਜੀਤ ਸਿੰਘ ਨੂੰ ਵੀ ਕੈਨੇਡਾ ਲੈ ਜਾਵੇਗੀ ਅਤੇ ਉੱਥੋਂ ਦੀ ਪੀ.ਆਰ ਅਤੇ ਵਰਕ ਪਰਮਿਟ ਵੀ ਦਿਵਾ ਦੇਵੇਗੀ। ਕਿਰਨ ਕੌਰ ਨੇ ਸੋਹਰੇ ਪਰਿਵਾਰ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ ਉਸਦੇ ਮਾਤਾ ਪਿਤਾ ਕੋਲ ਪੈਸੇ ਨਹੀਂ ਹਨ। ਕਿਰਨ ਕੌਰ ਵੱਲੋਂ ਦਿੱਤੇ ਵਿਸ਼ਵਾਸ ਤੋਂ ਬਾਅਦ ਕਿਰਨ ਕੌਰ ਦੇ ਪਤੀ ਸਰਬਜੀਤ ਸਿੰਘ ਅਤੇ ਸੋਹਰਾ ਡੋਗਰ ਸਿੰਘ ਨੇ 41 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੀ ਨੂੰਹ ਕਿਰਨ ਕੌਰ ਨੂੰ ਕੈਨੇਡਾ ਭੇਜ ਦਿੱਤਾ। ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤ ਸਰਵਜੀਤ ਸਿੰਘ ਨੂੰ ਵੀ ਆਪਣੇ ਪੈਸਿਆਂ ਤੇ ਕੈਨੇਡਾ ਭੇਜ ਦਿੱਤਾ। ਜਿੱਥੇ ਦੋਵੇਂ ਪਹਿਲਾਂ ਕੈਨੇਡਾ ਵਿੱਚ ਇਕੱਠੇ ਰਹੇ, ਪਰ ਇੱਕ ਸਾਲ ਤੋਂ ਬਾਅਦ ਕੈਨੇਡਾ ਵਿੱਚ ਹੀ ਕਿਰਨ ਕੌਰ ਨੇ ਆਪਣੇ ਪਤੀ ਸਰਬਜੀਤ ਸਿੰਘ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ, ਜੋ ਇਹ ਪੈਸੇ ਹੋਰ ਦੇਣ ਦੀ ਜਿੱਦ ਕਰਦੀ ਸੀ ਕਿ ਜੇਕਰ ਉਸਦੇ ਭਰਾ ਅਤੇ ਮਾਂ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ ਤਾਂ ਉਸ ਨੂੰ ਪੁਲਸ ਕੋਲ ਗ੍ਰਿਫਤਾਰ ਕਰਾ ਦੇਵੇਗੀ ਅਤੇ ਵਰਕ ਪਰਮਿਟ ਵੀ ਨਹੀਂ ਲੈਣ ਦੇਵੇਗੀ। ਜਿੱਥੇ ਕੈਨੇਡਾ ਗਏ ਆਪਣੇ ਸਰਬਜੀਤ ਸਿੰਘ ਦੇ ਕਹਿਣ ਤੇ ਪਿਤਾ ਡੋਗਰ ਸਿੰਘ ਨੇ 7 ਲੱਖ ਰੁਪਏ ਹੋਰ ਦੇ ਦਿੱਤੇ। 

ਕੈਨੇਡਾ ਗਈ ਲਾਲਚੀ ਨੂੰਹ ਕਿਰਨ ਕੌਰ ਦਾ ਲਾਲਚ ਇਸ ਹੱਦ ਤੱਕ ਵੱਧ ਚੁੱਕਿਆ ਸੀ ਕਿ ਉਸ ਨੇ ਕੈਨੇਡਾ ਵਿੱਚ ਆਪਣੇ ਨਾਲ ਰਹਿ ਰਹੇ ਆਪਣੇ ਪਤੀ ਸਰਬਜੀਤ ਸਿੰਘ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਦੋ ਵਾਰ ਕੈਨੇਡਾ ਪੁਲਸ ਕੋਲ ਗ੍ਰਿਫਤਾਰ ਵੀ ਕਰਵਾ ਦਿੱਤਾ। ਕਿਰਨ ਕੌਰ ਆਪਣੇ ਭਰਾ ਨਾਲ ਅਲੱਗ ਕੈਨੇਡਾ ਵਿੱਚ ਰਹਿਣ ਲੱਗ ਪਈ ਅਤੇ ਸਰਬਜੀਤ ਸਿੰਘ ਨੂੰ ਧਮਕੀਆਂ ਮਿਲਣ ਲੱਗੀਆਂ ਕਿ ਜੇਕਰ ਮੇਰਾ ਪਿੱਛਾ ਕੀਤਾ ਤਾਂ ਮੈਂ ਤੇਰੇ ਖਿਲਾਫ ਕੈਨੇਡਾ ਪੁਲਸ ਤੋਂ ਕਾਰਵਾਈ ਕਰਵਾਏਗੀ ਅਤੇ ਸਰਬਜੀਤ ਸਿੰਘ ਦਾ ਵਰਕ ਪਰਮਿਟ ਵੀ ਨਹੀਂ ਲਵਾਇਆ ਗਿਆ। ਜਿਸ ਤੋਂ ਬਾਅਦ ਹੁਣ ਸਰਬਜੀਤ ਸਿੰਘ ਕੈਨੇਡਾ ਵਿੱਚ ਲੁਕ ਛਿਪ ਕੇ ਰਹਿਣ ਲਈ ਮਜਬੂਰ ਹੈ।

ਇਸ ਮੌਕੇ ਡੋਗਰ ਸਿੰਘ ਨੇ ਰੋਂਦੇ ਕੁਰਲਾਉਂਦੇ ਦੱਸਿਆ ਕਿ ਉਸਦਾ ਪੁੱਤ ਅੱਜ ਕੈਨੇਡਾ ਵਿੱਚ ਲੁਕ ਛਿਪ ਕੇ ਰਹਿਣ ਲਈ ਮਜਬੂਰ ਹੈ। ਉਸਦੇ ਪੁੱਤ ਦੇ ਹਾਲਾਤਾਂ ਦੀ ਜਿੰਮੇਵਾਰ ਕਿਰਨ ਕੌਰ ਅਤੇ ਉਸਦਾ ਸਾਰਾ ਲਾਲਚੀ ਪਰਿਵਾਰ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਮੇਰਾ ਪੁੱਤ ਮਰਨ ਕਿਨਾਰੇ ਹੈ। ਇਸ ਮੌਕੇ ਕੈਨੇਡਾ ਵਿੱਚ ਬੈਠੇ ਸਰਬਜੀਤ ਸਿੰਘ ਨੇ ਮੀਡੀਆ ਨੂੰ  ਭੇਜੀ ਵੀਡੀਓ ਰਾਹੀਂ ਆਪਣੇ ਨਾਲ ਹੱਡ ਬੀਤੀ ਬਿਆਨ ਕੀਤੀ,ਉੱਥੇ ਪਿੰਡ ਉਗੋਕੇ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਧੋਖਾ ਦੇਣ ਵਾਲੀ ਨੂੰਹ ਕਿਰਨ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਾਉਣ ਲਈ ਪਰਿਵਾਰਕ ਮੈਂਬਰਾਂ ਵੱਲੋਂ ਮਾਨਯੋਗ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਪੁਲਸ ਥਾਣਾ ਸਹਿਣਾ ਵਿੱਚ ਆਪਣੇ ਨਾਲ 41 ਲੱਖ ਰੁਪਏ ਦੀ ਹੋਈ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਕੈਨੇਡਾ ਅਤੇ ਪੰਜਾਬ ਸਰਕਾਰ ਸਮੇਤ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਕੈਨੇਡਾ ਬੈਠੀ ਧੋਖਾ ਕਰਨ ਵਾਲੀ ਕਿਰਨ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਕੇ ਪੰਜਾਬ ਵਾਪਸ ਲਿਆਂਦਾ ਜਾਵੇ ਅਤੇ ਬਾਕੀ ਰਹਿੰਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ। ਤਾਂ ਜੋ ਅਜਿਹੀ ਠੱਗੀ ਅੱਗੇ ਤੋਂ ਕਿਸੇ ਨਾਲ ਹੋਰ ਨਾ ਹੋ ਸਕੇ।

ਇਸ ਮਾਮਲੇ ਨੂੰ ਲੈ ਕੇ ਪੁਲਸ ਥਾਣਾ ਸਹਿਣਾ ਦੇ ਐਸ.ਐਚ.ਓ. ਗੁਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਿਆਨਾਂ ਦੇ ਅਧਾਰ ਤੇ ਲੜਕੀ ਕਿਰਨ ਕੌਰ, ਲੜਕੀ ਦਾ ਪਿਤਾ ਕੁਲਵੰਤ ਰਾਮ, ਲੜਕੀ ਦੀ ਮਾਤਾ ਨਿਰਮਲ ਕੌਰ, ਦਾਦੀ ਕਰਤਾਰੋ ਦੇਵੀ, ਚਾਚਾ ਕ੍ਰਿਸ਼ਨ ਰਾਮ ਸਮੇਤ ਕੁੱਲ 5 ਖਿਲਾਫ ਪੁਲਸ ਥਾਣਾ ਸਹਿਣਾ ਧੋਖਾਧੜੀ ਤਹਿਤ ਆਈ.ਪੀ.ਸੀ ਦੀ ਪੁਰਾਣੀ 420,120- ਬੀ ਅਤੇ 506 ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਲੜਕੀ ਕਿਰਨ ਕੌਰ ਦੀ ਮਾਤਾ ਨਿਰਮਲ ਕੌਰ ਪਤਨੀ ਕੁਲਵੰਤ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀਆਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦ ਗਿਰਫਤਾਰ ਕਰ ਲਿਆ ਜਾਵੇਗਾ।


author

Inder Prajapati

Content Editor

Related News