ਤੇਜ਼ ਰਫ਼ਤਾਰ ਕਾਰ ਦੀ ਚਪੇਟ ''ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
Saturday, Sep 20, 2025 - 03:15 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੇ ਦਿਨ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਨਦਾਮਪੁਰ ਨੇੜੇ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਇਕ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਕਾਰ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਕੁਲਦੀਪ ਸਿੰਘ ਵਾਸੀ ਪਿੰਡ ਰਾਜਪੁਰਾ ਨੇ ਪੁਲਸ ਨੂੰ ਦੱਸਿਆ ਕਿ ਬੀਤੀ 17 ਸਤੰਬਰ ਦੀ ਸ਼ਾਮ ਨੂੰ ਉਹ ਤੇ ਬਾਬਰ ਸਿੰਘ ਵਾਸੀ ਰਾਜਪੁਰਾ ਆਪੋ-ਆਪਣੇ ਵਾਹਨਾਂ ਰਾਹੀਂ ਘਰੇਲੂ ਕੰਮਕਾਰ ਸਬੰਧੀ ਰਾਜਪੁਰਾ ਤੋਂ ਭਵਾਨੀਗੜ੍ਹ ਜਾਣ ਲਈ ਮੁੱਖ ਸੜਕ 'ਤੇ ਜਾ ਰਹੇ ਸਨ।
ਇਸ ਮੌਕੇ ਜਦੋਂ ਐਕਟਿਵਾ ਸਵਾਰ ਬਾਬਰ ਸਿੰਘ ਮੁੱਖ ਸੜਕ 'ਤੇ ਪਿੰਡ ਨਦਾਮਪੁਰ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਨੇ ਉਸਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਸੜਕ 'ਤੇ ਡਿੱਗਣ ਕਾਰਨ ਬਾਬਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨਾਂ 'ਤੇ ਬ੍ਰੇਜ਼ਾ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਪਰਚਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।