ਟਲ਼ ਗਿਆ ਖ਼ਤਰਾ! ਕਿਸਾਨਾਂ ਦੀ ਮਿਹਨਤ ਨੂੰ ਪਿਆ ਬੂਰ, ਨਹੀਂ ਟੁੱਟਿਆ ਘੱਗਰ ਦਾ ਬੰਨ੍ਹ

Monday, Sep 15, 2025 - 05:28 PM (IST)

ਟਲ਼ ਗਿਆ ਖ਼ਤਰਾ! ਕਿਸਾਨਾਂ ਦੀ ਮਿਹਨਤ ਨੂੰ ਪਿਆ ਬੂਰ, ਨਹੀਂ ਟੁੱਟਿਆ ਘੱਗਰ ਦਾ ਬੰਨ੍ਹ

ਮੂਨਕ/ਖਨੌਰੀ (ਗਰਗ)- ਹਲਕਾ ਲਹਿਰਾ ਦੇ ਖਨੌਰੀ ਅਤੇ ਮੂਨਕ ਇਲਾਕੇ ਵਿਚੋਂ ਲੰਘਦੇ ਘੱਗਰ ਦਰਿਆ ਵਿਚ ਪਿਛਲੇ 15 ਦਿਨਾਂ ਤੋਂ ਹੜ੍ਹ ਆਉਣ ਦੇ ਖਤਰੇ ਦਾ ਕਿਸਾਨਾਂ ਨੇ ਪੂਰੀ ਸ਼ਿੱਦਤ, ਮਜ਼ਬੂਤੀ ਨਾਲ ਸਾਹਮਣਾ ਕਰਦਿਆਂ ਘੱਗਰ ਦਰਿਆ ਦੇ ਬੰਨਾਂ ਤੇ ਦਿਨ-ਰਾਤ ਪਹਿਰਾ ਦੇ ਕੇ ਆਪਣੀ ਮਿਹਨਤ ਨੂੰ ਸਫਲਤਾ ਵਿਚ ਬਦਲ ਦਿੱਤਾ, ਜਿਸ ਕਾਰਨ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਕਰੀਬ ਤਿੰਨ-ਚਾਰ ਫੁੱਟ ਉੱਪਰ ਹੋਣ ਦੇ ਬਾਵਜੂਦ ਵੀ ਲਹਿਰਾ ਹਲਕੇ ਅੰਦਰ ਕਿਸੇ ਵੀ ਥਾਂ ’ਤੇ ਬੰਨ੍ਹ ਨਹੀਂ ਟੁੱਟਿਆ, ਜਿਸ ਦਾ ਸਿਹਰਾ ਹਲਕੇ ਦੇ ਕਿਸਾਨਾਂ ਨੂੰ ਜਾਂਦੈ।

ਕਿਸਾਨ ਭੁੱਖਣ ਭਾਣੇ, ਆਪਣੀ ਜਾਨ ਤਲੀ ’ਤੇ ਧਰ ਕੇ ਦਿਨ-ਰਾਤ ਬੰਨ੍ਹਾਂ ਨੂੰ ਮਜ਼ਬੂਤ ਕਰਦੇ ਰਹੇ ਤੇ ਉਨ੍ਹਾਂ ਦੀ ਰਾਖੀ ਕਰਦੇ ਰਹੇ। ਅੱਜ ਜਦੋਂ ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਤੋਂ ਬਾਅਦ ਦਰਿਆ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਸੰਭਾਵੀ ਟੁੱਟਣ ਵਾਲੇ ਬੰਨ੍ਹਾਂ ’ਤੇ ਕਿਸਾਨ ਨਹੀਂ ਸਨ । ਕਿਸਾਨਾਂ ਵਿਚ ਕੀਤੇ ਨਾ ਕੀਤੇ ਖੁਸ਼ੀ ਦੇਖੀ ਗਈ ਪਰ ਮੌਕੇ ’ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਨੇਤਾ ਨਹੀਂ ਦੇਖਿਆ ਗਿਆ। ਜਿਸ ਤੋਂ ਸਪੱਸ਼ਟ ਹੋ ਜਾਂਦੈ ਕਿ ਕਿਸਾਨ ਪ੍ਰਸ਼ਾਸਨ ਜਾਂ ਸਰਕਾਰ ਦੇ ਸਹਾਰੇ ਨਹੀਂ ਸਗੋਂ ਆਪਣੀ ਜਾਨ ਤਲੀ ਤੇ ਧਰ ਕੇ ਆਪਣੀ ਫਸਲ ਨੂੰ ਬਚਾਉਣ ’ਚ ਕਾਮਯਾਬ ਹੋ ਰਹੇ ਹਨ। ਮੌਕੇ ’ਤੇ ਦੇਖਿਆ ਗਿਆ ਕਿ ਪਿਛਲੇ 18 ਦਿਨਾਂ ਤੋਂ ਪੀੜਤ ਕਿਸਾਨਾਂ ਲਈ ਲੰਗਰ ਚਾਹ, ਪਾਣੀ ਦੀ ਸੇਵਾ ਕਰ ਰਹੇ ਪਿੰਡ ਕੁੰਦਨੀ ਦੇ ਕਿਸਾਨ ਅੱਜ ਵੀ ਪੀੜਤ ਕਿਸਾਨਾਂ ਲਈ ਚਾਹ ਦੀ ਸੇਵਾ ਕਰ ਰਹੇ ਸਨ, ਜੋ ਕਿ ਸਰਕਾਰ ਤੇ ਪ੍ਰਸ਼ਾਸਨ ਲਈ ਬਹੁਤ ਵੱਡਾ ਸਵਾਲ ਹੈ। ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ਲਈ ਅੱਜ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...

ਸਰਕਾਰ ਜਾਂ ਪ੍ਰਸ਼ਾਸਨ ਨੇ ਨਹੀਂ ਕੀਤੀ ਕੋਈ ਮਦਦ : ਪੀੜਤ ਕਿਸਾਨ

ਇਕ ਪੀੜਤ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਜਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਪਾਣੀ ਦਾ ਪ੍ਰਭਾਵ ਘੱਟ ਹੋਣ ਦੇ ਬਾਵਜੂਦ ਉਹ ਖੁਦ ਆਪਣੇ ਕੋਲੋਂ ਪੈਸੇ ਖਰਚ ਕੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਬੰਨ੍ਹਾਂ ਤੇ ਮਿੱਟੀ ਪਾ ਰਹੇ ਹਨ । ਬੇਸ਼ੱਕ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਜਾਂ ਪ੍ਰਸ਼ਾਸਨ ਨੇ ਮਦਦ ਦੇਣ ਦਾ ਵਾਅਦਾ ਕੀਤਾ ਪਰ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜੇਕਰ ਇਹ ਬੰਨ੍ਹ ਟੁੱਟ ਜਾਂਦਾ ਤਾਂ ਸੈਂਕੜੇ ਫਸਲ ਬਰਬਾਦ ਹੋ ਜਾਣੀ ਸੀ । ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਜੋ ਸਾਡਾ ਖਰਚਾ ਹੋਇਆ ਹੈ, ਉਹ ਮੁਆਵਜ਼ੇ ਵਜੋਂ ਦਿਵਾਇਆ ਜਾਵੇ।

ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ : ਐੱਸ. ਡੀ. ਐੱਮ.

ਉਕਤ ਮਾਮਲੇ ’ਤੇ ਜਦੋਂ ਉਪ ਮੰਡਲ ਮਜਿਸਟ੍ਰੇਟ ਸੂਬਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੱਲ ਸੁਣਨ ਤੋਂ ਬਾਅਦ ਤੈਸ਼ ਵਿਚ ਆਉਂਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ, ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ, ਇਹ ਕਹਿ ਕੇ ਉਨ੍ਹਾਂ ਫੋਨ ਕੱਟ ਦਿੱਤਾ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਦਾਲ ਵਿਚ ਕੁਝ ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਹੈ, ਜਿਸ ਦੀ ਨਿਰਪੱਖ ਜਾਂਚ ਕਰਨੀ ਬਣਦੀ ਹੈ। ਜੇਕਰ ਪਿਛਲੇ ਸਮੇਂ ਵਿਚ ਪਾਏ ਗਏ ਖਰਚਿਆਂ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਮਿੱਟੀ, ਤਰਪਾਲਾਂ ਤੇ ਹੋਰ ਖਰਚਿਆਂ ਦੀ ਹੋਵੇ ਜਾਂਚ

ਕੁਝ ਪੀੜਤ ਕਿਸਾਨਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਘੱਗਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਤੋਂ ਬਾਅਦ ਕੋਈ ਮਦਦ ਨਹੀਂ ਕੀਤੀ ਗਈ, ਸਗੋਂ ਉਨ੍ਹਾਂ ਵੱਲੋਂ ਤਰਪਾਲਾਂ, ਰਾਸ਼ਨ ਸਮੱਗਰੀ, ਠੇਕੇਦਾਰ ਰਾਹੀਂ ਮਿੱਟੀ ਤੇ ਹੋਰ ਲੱਖਾਂ, ਕਰੋੜ ਰੁਪਏ ਦੇ ਖਰਚੇ ਪਾਏ ਜਾਣਗੇ, ਜਿਸ ਦੀ ਨਿਰਪੱਖ ਜਾਂਚ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰਾ ਕੰਮ ਸਮਾਜ ਸੇਵੀ ਸੰਸਥਾਵਾਂ, ਕਿਸਾਨਾਂ ਨੇ ਖੁਦ ਕੀਤਾ ਹੈ। ਇਸ ਵਿਚ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ, ਜੇਕਰ ਇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕੀਤੀ ਜਾਵੇ ਤਾਂ ਲੱਖਾਂ, ਕਰੋੜ ਰੁਪਏ ਦੇ ਘਪਲੇ ਉਜਾਗਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News