ਝੋਨੇ ਦੀ ਫਸਲ ''ਤੇ ਵਾਇਰਸ ਦਾ ਹਮਲਾ! ਕਿਸਾਨਾਂ ਮੱਥੇ ''ਤੇ ਉੱਭਰੀਆਂ ਚਿੰਤਾਂ ਦੀਆਂ ਲਕੀਰਾਂ
Sunday, Sep 21, 2025 - 09:15 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਸੂਬੇ ਵਿਚ ਹੜ੍ਹਾਂ ਦੀ ਮਾਰ ਹੇਠ ਆ ਕੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ ਉੱਥੇ ਹੀ ਸਥਾਨਕ ਇਲਾਕੇ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਫਸਲ 'ਤੇ ਵਾਇਰਸ ਨੇ ਹਮਲਾ ਕਰ ਦੇਣ ਕਾਰਨ ਝੋਨੇ ਦੀ ਫਸਲ ਬਿਲਕੁੱਲ ਬਰਬਾਦ ਹੋਣ ਕੰਢੇ ਆ ਖੜ੍ਹੀ ਹੋਈ ਹੈ ਜਿਸਦੇ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ ਉੱਭਰ ਆਈਆਂ ਹਨ।
ਇਸ ਸਬੰਧੀ ਨੇੜਲੇ ਪਿੰਡ ਕਾਕੜਾ ਵਿਖੇ ਕਿਸਾਨ ਹਰਵਿੰਦਰ ਕਾਕੜਾ, ਰਾਜਵੰਤ ਸਿੰਘ ਤੇ ਰਛਪਾਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫਸਲ 'ਤੇ ਚਾਇਨਾ ਨਾਂਅ ਦੇ ਵਾਇਰਸ ਨੇ ਹਮਲੇ ਕਰਕੇ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਜਿੱਥੇ ਝੋਨੇ ਦੀ ਫਸਲ ਲਗਭਗ ਪੱਕ ਕੇ ਪੂਰੇ ਜੋਬਨ 'ਤੇ ਹੁੰਦੀ ਹੈ ਤੇ ਫਸਲ ਦਾ ਕੱਦ ਤਿੰਨ ਤੋਂ ਸਾਢੇ ਤਿੰਨ ਫੁੱਟ ਹੁੰਦਾ ਹੈ ਲੇਕਿਨ ਉਕਤ ਵਾਇਰਸ ਦੇ ਹਮਲੇ ਕਾਰਨ ਝੋਨੇ ਦੀ ਫਸਲ ਦਾ ਕੱਦ ਸਿਰਫ ਅੱਧਾ ਫੁੱਟ ਹੀ ਰਹਿ ਗਿਆ ਹੈ। ਕਿਸਾਨਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਵਾਰ ਉਨ੍ਹਾਂ ਕੋਲੋ ਜ਼ਮੀਨਾਂ ਦੇ ਠੇਕੇ ਵੀ ਨਹੀਂ ਭਰੇ ਜਾਣਗੇ ਕਿਉਂਕਿ ਵਾਇਰਸ ਤੋਂ ਬਚਾਅ ਕਰਨ ਲਈ ਉਨ੍ਹਾਂ ਨੂੰ ਵਾਧੂ ਖਰਚਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਜਦੋਂ ਖੇਤੀਬਾੜੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸੁਝਾਅ ਦਿੱਤਾ ਕਿ ਇਸ ਵਾਇਰਸ ਦੀ ਮਾਰ ਹੇਠ ਆਉਣ ਨਾਲ ਸੁੱਕ ਰਹੇ ਝੋਨੇ ਦੇ ਬੂਟਿਆਂ ਨੂੰ ਪੁੱਟ ਕੇ ਜੜ੍ਹਾਂ ਸਮੇਤ ਜ਼ਮੀਨ 'ਚ ਦੱਬ ਦਿੱਤਾ ਜਾਵੇ। ਪਰੰਤੂ ਕਿਸਾਨਾਂ ਦਾ ਆਖਣਾ ਹੈ ਕਿ 80 ਫੀਸਦੀ ਨਸ਼ਟ ਹੋਈ ਫਸਲ ਨੂੰ ਧਰਤੀ ਵਿਚ ਕਿਸ ਤਰ੍ਹਾਂ ਦੱਬਿਆ ਜਾ ਸਕਦਾ ਹੈ। ਉਨ੍ਹਾਂ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਮਾਨ ਦੀ ਕਹਿਣੀ ਤੇ ਕਥਨੀ ਵਿਚ ਫਰਕ ਹੈ ਕਿਉਂਕਿ 'ਆਪ' ਦੀ ਸਰਕਾਰ ਬਣਨ 'ਤੇ ਉਨ੍ਹਾਂ ਕਿਹਾ ਸੀ ਕਿ ਸਮੱਸਿਆਵਾਂ ਤੇ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਅਫਸਰ ਲੋਕਾਂ ਕੋਲ ਪਹੁੰਚ ਕਰਨਗੇ ਪਰੰਤੂ ਹੁਣ ਤੱਕ ਨਾ ਹੀ ਸਰਕਾਰ ਦਾ ਕੋਈ ਅਫ਼ਸਰ ਪਿੰਡਾਂ ਵਿਚ ਪਹੁੰਚਿਆਂ ਹੈ ਤੇ ਨਾ ਹੀ ਕਿਸਾਨਾਂ ਦੀ ਕੋਈ ਸਾਰ ਲਈ ਜਾ ਰਹੀ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਿਕਰ ਸਤਾ ਰਹੀ ਹੈ ਕਿ ਜ਼ਮੀਨਾਂ ਦੇ ਠੇਕੇ ਦੇਣ ਲਈ ਕਿਤੇ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਹੀ ਨਾ ਵੇਚਣੀਆਂ ਪੈ ਜਾਣ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਜਲਦ ਤੋਂ ਜਲਦ ਕਿਸਾਨਾਂ ਦੀਆਂ ਨਸ਼ਟ ਹੋ ਰਹੀ ਫਸਲ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਨੁਕਸਾਨ ਨਾ ਝੱਲਣਾ ਪਵੇ।
'ਬਲੈਕ ਸਟੀਕ' ਨਾਂਅ ਦਾ ਵਾਇਰਸ ਝੋਨੇ ਨੂੰ ਕਰ ਰਿਹਾ ਪ੍ਰਭਾਵਿਤ: ਜ਼ਿਲ੍ਹਾ ਖੇਤੀਬਾੜੀ ਅਫਸਰ
ਓਧਰ, ਜ਼ਿਲ੍ਹਾ ਖੇਤੀਬਾੜੀ ਅਫਸਰ ਧਰਮਿੰਦਰ ਸਿੰਘ ਸਿੱਧੂ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਨੂੰ ਬਲੈਕ ਸਟੀਕ ਨਾਂਅ ਦਾ ਵਾਇਰਸ ਪੈ ਰਿਹਾ ਹੈ ਜੋ ਪੁਰਾਣਾ ਵਾਇਰਸ ਹੈ। ਵਿਭਾਗ ਵੱਲੋਂ ਲਗਾਤਾਰ ਫਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਵਾਇਰਸ ਰੋਗ ਨਾਲ ਪੁਸਾ-44 ਨੂੰ ਜ਼ਿਆਦਾ ਅਤੇ 20 ਜੂਨ ਤੋਂ ਪਹਿਲਾਂ ਲੱਗੀ ਕੁਝ 131 ਝੋਨੇ ਦੀ ਕਿਸਮ ਨੂੰ ਮਾਰ ਪਈ ਹੈ। ਪਰੰਤੂ ਹੌਪਰ ਨੂੰ ਕੰਟਰੋਲ ਕਰਨ ਦੇ ਨਾਲ ਇਸ ਵਾਇਰਸ ਰੋਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e