ਟਰੱਕ ਡਰਾਈਵਰ ਤੋਂ ਰਿਸ਼ਵਤ ਲੈਣ ''ਤੇ ਹੋਮਗਾਰਡ ਦੇ ਇਕ ਜਵਾਨ ''ਤੇ ਮਾਮਲਾ ਦਰਜ

08/29/2020 12:43:08 PM

ਅਬੋਹਰ (ਰਹੇਜਾ, ਸੁਨੀਲ): ਬੀਤੇ ਦਿਨੀਂ ਗੁਮਜਾਲ ਬੈਰੀਅਰ 'ਤੇ ਟਰੱਕ ਚਾਲਕਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਫਾਜ਼ਿਲਕਾ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਦੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਇਕ ਹੋਰ ਹੋਮਗਾਰਡ ਜਵਾਨ ਦੇ ਖ਼ਿਲਾਫ਼ ਥਾਣਾ ਖੁਈਆਂ ਸਰਵਰ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ 24-25 ਅਗਸਤ ਨੂੰ ਸ਼੍ਰੀ ਗੰਗਾਨਗਰ ਰੋਡ 'ਤੇ ਸਥਿਤ ਪਿੰਡ ਗੁਮਜਾਲ ਰਾਜਸਥਾਨ-ਪੰਜਾਬ ਬਾਰਡਰ 'ਤੇ ਟਰੱਕ ਡਰਾਈਵਰ ਤੋਂ ਪੈਸੇ ਲੈ ਕੇ ਬਿਨਾਂ ਚੈਕਿੰਗ ਉਨ੍ਹਾਂ ਦੀ ਗੱਡੀ ਲੰਘਾ ਦੇਣ ਦੇ ਮਾਮਲੇ 'ਚ ਵੀਡੀਓ ਵਾਇਰਲ ਹੋਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਜਾਂਚ ਡੀ.ਐੱਸ.ਪੀ. ਗੁਰਮੀਤ ਸਿੰਘ ਕ੍ਰਾਈਮ ਅਬੋਹਰ ਨੂੰ ਸੌਂਪੀ ਗਈ ਸੀ। ਜਾਂਚ 'ਚ ਥਾਣਾ ਖੁਈਆਂ ਸਰਵਰ ਪੁਲਸ ਨੇ ਪਹਿਲਾਂ ਸੁਭਾਸ਼ ਚੰਦਰ ਅਤੇ ਹੁਣ ਹੋਮਗਾਰਡ ਦੇ ਦੂਜੇ ਜਵਾਨ ਪਰਮਜੀਤ ਦੇ ਖ਼ਿਲਾਫ਼ ਵੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਡਿਊਟੀ 'ਤੇ ਤਾਇਨਾਤ ਪ੍ਰਿਤਪਾਲ ਸਿੰਘ ਨੂੰ ਸਸਪੈਂਡ ਕੀਤਾ ਗਿਆ ਸੀ।ਵੀਡੀਓ ਵਾਇਰਲ ਹੋਣ ਦੀ ਖ਼ਬਰ ਮਿਲਦੇ ਹੀ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਦੂਜੇ ਪਾਸੇ ਸਸਪੈਂਡ ਏ.ਐੱਸ. ਆਈ. ਨੇ ਪੱਖ ਰੱਖਦੇ ਹੋਏ ਕਾਰਵਾਈ 'ਤੇ ਸਵਾਲ ਚੁੱਕਦੇ ਹੋਏ ਦੱਸਿਆ ਕਿ ਉਹ 24 ਅਗਸਤ ਨੂੰ ਰੈਸਟ 'ਤੇ ਸੀ, ਉਸਦੀ ਥਾਂ 'ਤੇ ਚੌਕੀ ਕੱਲਰਖੇੜਾ ਦੇ ਏ. ਐੱਸ. ਆਈ. ਲੇਖਰਾਜ ਨੂੰ ਉਥੇ ਲਾਇਆ ਗਿਆ ਸੀ।


Shyna

Content Editor

Related News