ਜਲੰਧਰ 'ਚ High Alert! 2500 ਪੁਲਸ ਜਵਾਨ ਕਰ ਦਿੱਤੇ ਗਏ ਤਾਇਨਾਤ
Saturday, Dec 13, 2025 - 12:21 PM (IST)
ਜਲੰਧਰ (ਸ਼ੋਰੀ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਸੁਰੱਖਿਅਤ ਕਰਵਾਉਣ ਲਈ ਜਲੰਧਰ ਦਿਹਾਤੀ ਪੁਲਸ ਵੱਲੋਂ ਸਖ਼ਤ ਸੁਰੱਖਿਆ ਵਰਤੀ ਜਾ ਰਹੀ ਹੈ। ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਸਾਰੇ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਪਸ਼ਟ ਹੁਕਮ ਦਿੱਤੇ ਹਨ ਅਤੇ ਸਾਰੇ ਜ਼ਿਲ੍ਹਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਚੋਣਾਂ ਦੌਰਾਨ ਕਾਨੂੰਨ ਅਤੇ ਵਿਵਸਥਾ ਬਰਕਰਾਰ ਰੱਖਣ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਕੁੱਲ੍ਹ 2,500 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ 880 ਵੋਟਿੰਗ ਸੈਂਟਰਾਂ ਅਤੇ 1,126 ਵੋਟਿੰਗ ਬੂਥਾਂ ’ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਚੋਣ ਸੁਰੱਖਿਆ ਯੋਜਨਾ ਅਨੁਸਾਰ 65 ਸਥਾਨ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ, ਜਦਕਿ 284 ਸਥਾਨ ਸੰਵੇਦਨਸ਼ੀਲ ਤੇ 531 ਸਥਾਨ ਗੈਰ-ਸੰਵੇਦਨਸ਼ੀਲ ਐਲਾਨੇ ਗਏ ਹਨ।
ਇਹ ਵੀ ਪੜ੍ਹੋ: ਹੱਦ ਹੋ ਗਈ: ਜਲੰਧਰ ਦੇ ਸਿਵਲ ਹਸਪਤਾਲ 'ਚ ਅਨੋਖਾ ਕਾਰਨਾਮਾ! ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ 3 ਐੱਸ. ਪੀ., 12 ਡੀ. ਐੱਸ. ਪੀ. ਤੇ 15 ਐੱਸ. ਐੱਚ. ਓ. ਨੂੰ ਫੀਲਡ ਵਿਚ ਤਾਇਨਾਤ ਕੀਤਾ ਗਿਆ ਹੈ, ਜੋ ਆਪਣੇ-ਆਪਣੇ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਹਰ ਸਬ ਡਵੀਜ਼ਨ ’ਚ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਤੇ 1 ਐੱਸ. ਪੀ. ਰੈਂਕ ਦਾ ਅਧਿਕਾਰੀ ਤਾਇਨਾਤ ਹੈ। ਉਪਮੰਡਲ ਅਧਿਕਾਰੀ ਅਤੇ ਐੱਸ. ਐੱਚ. ਓ. ਰਾਤ ਨੂੰ ਵੀ ਸਖਤ ਨਿਗਰਾਨੀ ਕਰ ਰਹੇ ਹਨ।
ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲਾ ’ਚ ਨਦੀਆਂ ਦੇ ਕਿਨਾਰਿਆਂ, ਸੁੰਨਸਾਨ ਇਲਾਕਿਆਂ, ਸ਼ੱਕੀ ਥਾਵਾਂ ਤੇ ਬਾਜ਼ਾਰਾਂ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਤੇ ਜਾਂਚ ਕੀਤੀ ਜਾ ਰਹੀ ਹੈ। ਫਲੈਗ ਮਾਰਚ, ਵੋਟਿੰਗ ਸੈਂਟਰਾਂ ਦਾ ਸੰਭਾਲ ਤੇ ਜਾਂਚ ਤੇ ਦਿਨ-ਰਾਤ ਨਾਕਾਬੰਦੀ ਜਾਰੀ ਹੈ। ਜਲੰਧਰ ਦਿਹਾਤੀ ਇਲਾਕਿਆਂ ਦੇ ਗੁਰਦੁਆਰਿਆਂ, ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਵੀ ਸੰਵੇਦਨਸ਼ੀਲ ਸ਼੍ਰੇਣੀ ’ਚ ਰੱਖਿਆ ਗਿਆ ਹੈ ਅਤੇ ਇਥੇ ਵਾਧੂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਵਿਸ਼ੇਸ਼ ਗਸ਼ਤੀ ਦਸਤੇ ਇਨ੍ਹਾਂ ਥਾਵਾਂ ਦੀ ਨਿਗਰਾਨੀ ਕਰ ਰਹੇ ਹਨ।
ਇਸ ਤੋਂ ਇਲਾਵਾ 30 ਗਸ਼ਤੀ ਦਸਤੇ ਅਤੇ ਈ. ਆਰ. ਵੀ. ਟੀਮਾਂ 24 ਘੰਟੇ ਸਰਗਰਮ ਹਨ ਅਤੇ ਕਿਸੇ ਵੀ ਐਮਰਜੈਂਸੀ ਵਿਚ ਤੁਰੰਤ ਕਾਰਵਾਈ ਲਈ ਤਿਆਰ ਹਨ। ਜਲੰਧਰ ਦਿਹਾਤੀ ਪੁਲਸ ਨੇ ਪਿਛਲੇ ਇਕ ਮਹੀਨੇ ਵਿਚ ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਖ਼ਿਲਾਫ਼ ਵੱਡੀ ਮੁਹਿੰਮ ਆਰੰਭੀ ਹੋਈ ਹੈ। ਕੁੱਲ੍ਹ 16 ਐਕਸਾਈਜ਼ ਐਕਟ ਦੇ ਮਾਮਲੇ ਦਰਜ ਕੀਤੇ ਗਏ ਹਨ, ਜੋ ਚੋਣ ਦੌਰਾਨ ਨਾਜਾਇਜ਼ ਗਤੀਵਿਧੀਆਂ ਨੂੰ ਰੋਕਣ ਲਈ ਪੁਲਸ ਦੀ ਸਖ਼ਤ ਕਾਰਵਾਈ ਵਿਖਾਉਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ 13 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਵੱਲੋਂ 16 ਦਸੰਬਰ ਤੱਕ ਦੀ ਵੱਡੀ ਭਵਿੱਖਬਾਣੀ, ਪੜ੍ਹੋ ਤਾਜ਼ਾ ਅਪਡੇਟ
ਐੱਸ. ਐੱਸ. ਪੀ. ਵਿਰਕ ਨੇ ਜਨਤਾ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਕਿਸੇ ਵੀ ਸ਼ੱਕੀ ਗਤੀਵਿਧੀ, ਝਗੜੇ ਜਾਂ ਕਾਨੂੰਨ ਦੀ ਉਲੰਘਣਾਂ ਹੋਣ ’ਤੇ ਤੁਰੰਤ ਪੁਲਸ ਨੂੰ ਸੂਚਿਤ ਕਰੋ। ਲੋਕ 112 ਹੈਲਪਲਾਈਨ ਜਾਂ ਜਲੰਧਰ ਦਿਹਾਤੀ ਪੁਲਸ ਕੰਟਰੋਲ ਨੰਬਰ 78373-40100 ’ਤੇ ਕਾਲ ਕਰ ਸਕਦੇ ਹਨ। ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਭਰੋਸਾ ਦਿਵਾਇਆ ਕਿ ਜਲੰਧਰ ਦਿਹਾਤੀ ਪੁਲਸ ਚੋਣ ਪ੍ਰਕਿਰਿਆ ਨੂੰ ਪੂਰੀ ਨਿਰਪਖਤਾ ਤੇ ਸੁਰੱਖਿਆ ਨਾਲ ਕਰਵਾਉਣ ਲਈ ਵਚਨਵਧ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦਾ ਪੂਰੀ ਸੁਰੱਖਿਆ ਨਾਲ ਪ੍ਰਯੋਗ ਕਰਨ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
