ਨੌਕਰੀ ਦਵਾਉਣ ਦਾ ਝਾਂਸਾ ਦੇ ਕੀਤੀ ਲੱਖਾਂ ਦੀ ਠੱਗੀ

Thursday, Nov 21, 2019 - 11:24 PM (IST)

ਨੌਕਰੀ ਦਵਾਉਣ ਦਾ ਝਾਂਸਾ ਦੇ ਕੀਤੀ ਲੱਖਾਂ ਦੀ ਠੱਗੀ

ਖੰਨਾ, (ਜ. ਬ.)- ਪੁਲਸ ਨੇ ਨਿਰਮਲ ਸਿੰਘ ਪੁੱਤਰ ਬਦਨ ਸਿੰਘ ਵਾਸੀ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਹਰਜੋਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਲਲੋਡ਼ੀ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਉਸਨੂੰ ਅੱਜ ਸਮਰਾਲਾ ਦੇ ਬੱਸ ਸਟੈਂਡ ਤੋਂ ਕਾਬੂ ਕਰ ਲਿਆ। ਸ਼ਿਕਾਇਤਕਰਤਾ ਨਿਰਮਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਉਸਦੇ ਨਾਲ ਸੱਤ ਹੋਰ ਲੋਕਾਂ ਤੋਂ ਮਾਰਕੀਟ ਕਮੇਟੀ ’ਚ ਨੌਕਰੀ ਲਗਵਾਉਣ ਦੇ ਨਾਮ ’ਤੇ ਕੁਲ 18 ਲੱਖ ਰੁਪਏ ਲਏ ਸਨ। ਪਹਿਲਾਂ ਤਾਂ ਕਾਫ਼ੀ ਦੇਰ ਉਹ ਉਨ੍ਹਾਂ ਲੋਕਾਂ ਨੂੰ ਝੂਠਾ ਭਰੋਸਾ ਦਿੰਦਾ ਰਿਹਾ । ਲੰਮਾ ਸਮਾਂ ਨਿਕਲ ਜਾਣ ਉਪਰੰਤ ਅਸੀਂ ਲੋਕਾਂ ਨੇ ਆਪਣੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਉਹ ਉਨ੍ਹਾਂ ਨੂੰ ਧਮਕਾਉਣ ਲੱਗਾ। ਇਸ ’ਚ ਇਕ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸਦੀ ਪਡ਼ਤਾਲ ਤੋਂ ਬਾਅਦ ਪੁਲਸ ਨੇ ਕਥਿਤ ਦੋਸ਼ੀ ’ਤੇ ਮਾਮਲਾ ਦਰਜ ਕਰ ਲਿਆ ਸੀ ।

ਇਸ ਸਬੰਧੀ ਸਿਟੀ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਪਾਰਟੀ ਅੱਜ ਜਦੋਂ ਥਾਣੇਦਾਰ ਜਗਦੀਪ ਸਿੰਘ ਦੀ ਅਗਵਾਈ ’ਚ ਮੌਜੂਦ ਸੀ। ਇਕ ਖਾਸ ਮੁਖ਼ਬਰ ਨੇ ਪੁਲਸ ਨੂੰ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀ ਸਮਰਾਲਾ ਬੱਸ ਸਟੈਂਡ ’ਤੇ ਕਿਤੇ ਜਾਣ ਦੀ ਫਿਰਾਕ ’ਚ ਬੱਸ ਦਾ ਇੰਤਜ਼ਾਰ ਕਰ ਰਿਹਾ ਹੈ, ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਉਸਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਨੇ ਸਮਰਾਲਾ ਬੱਸ ਸਟੈਂਡ ’ਤੇ ਰੇਡ ਕਰ ਕੇ ਉਸਨੂੰ ਅੱਜ ਗ੍ਰਿਫਤਾਰ ਕਰ ਲਿਆ । ਵਿਨੋਦ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸਦਾ ਅਤੀਤ ਖੰਗਾਲਿਆ ਜਾ ਸਕੇ।


author

Bharat Thapa

Content Editor

Related News