ਚੋਰਾਂ ਨੇ ਇਕ ਰਾਤ ''ਚ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

07/11/2023 6:26:58 PM

ਭੁੱਚੋ ਮੰਡੀ (ਨਾਗਪਾਲ) – ਚੋਰਾਂ ਨੇ ਇਕ ਰਾਤ ਵਿੱਚ ਮੰਡੀ ਵਿੱਚ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨਾਂ ਵਿੱਚੋਂ ਸਾਮਾਨ ਅਤੇ ਨਕਦੀ ਚੋਰੀ ਕਰ ਲਈ। ਚੋਰੀ ਦੀ ਵਾਰਦਾਤ ਨੂੰ ਵੇਖ ਮੰਡੀ ਨਿਵਾਸੀਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਮੰਡੀ ਦੀਆਂ ਦੁਕਾਨਾਂ ਬੰਦ ਕਰਕੇ ਫੁਆਰਾ ਚੌਂਕ ਵਿੱਚ ਧਰਨਾ ਲਗਾ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਤਰਸਯੋਗ ਹੋ ਰਹੀ ਕਾਨੂੰਨ ਵਿਵਸਥਾ ਦੀ ਕੜੀ ਨਿਖੇਧੀ ਕੀਤੀ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੋਰਾਂ ਨੇ ਮੰਡੀ ਦੀਆਂ 8 ਦੁਕਾਨਾਂ ਜਿਸ ਵਿੱਚ ਇਕ ਰੈਡੀਮੇਡ ਹਿੰਦ ਗਾਰਮੈਂਟਰ ਜਿੱਥੋਂ ਕਰੀਬ ਡੇਢ ਲੱਖ ਰੁਪਏ ਮੁੱਲ ਦੇ ਰੈਡੀਮੇਡ ਗਾਰਮੈਂਟਸ, ਤੋਤਾ ਸਰਮਾ ਦੀਆਂ ਦੋ ਦੁਕਾਨਾਂ ਵਿੱਚੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸਾਮਾਨ ਜਿਸ ਦਾ ਮੁੱਲ ਕਰੀਬ 50 ਹਜ਼ਾਰ ਰੁਪਏ ਹੈ ਤੋਂ ਇਲਾਵਾ ਸਿੰਗਲਾ ਬਰਤਨ ਸਟੋਰ, ਐੱਮ. ਐੱਸ. ਜੀ. ਕਰਿਆਣਾ ਸਟੋਰ, ਮਹਾਦੇਵ ਮੈਡੀਕੋਜ, ਬੇਬੀ ਹੱਟ ਅਤੇ ਰਾਜ ਕੁਮਾਰ ਦੀਆਂ ਦੁਕਾਨਾਂ ਵਿੱਚੋਂ ਨਕਦੀ ਚੋਰੀ ਕਰ ਲਈ। ਇਸ ਦਾ ਪਤਾ ਸਵੇਰੇ ਦੁਕਾਨ 'ਤੇ ਆਉਣ ਸਮੇਂ ਲੱਗਾ। ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜ ਅਨੁਸਾਰ ਇਹ ਵਾਰਦਾਤਾਂ ਸਵੇਰੇ 4.30 ਵਜੇ ਕੀਤੀਆਂ ਗਈਆਂ।

ਇਹ ਵੀ ਪੜ੍ਹੋ- ਗਿੱਦੜਪਿੰਡੀ ਨੇੜੇ ਟੁੱਟਿਆ ਸਤਲੁਜ ਦਰਿਆ ਦਾ ਬੰਨ੍ਹ, ਹੜ੍ਹ ਦੇ ਪਾਣੀ 'ਚ ਰੁੜਿਆ ਨੌਜਵਾਨ

ਫੁਆਰਾ ਚੌਂਕ ਵਿੱਚ ਧਰਨਾ ਲਗਾਉਣ ਕਰਕੇ ਆਉਣ ਜਾਣ ਵਾਲੇ ਵਾਹਨਾਂ ਨੂੰ ਬਦਲਵੇ ਰਸਤਿਆਂ ਰਾਹੀ ਆਉਣਾ-ਜਾਣਾ ਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਤੇਜਾ ਸਿੰਘ ਦੰਦੀਵਾਲ, ਬਿਕਰਮਜੀਤ ਬਿੱਕਾ, ਵਿੱਕੀ ਮੋੜ, ਪ੍ਰੈਸ ਕਲੱਬ ਦੇ ਪ੍ਰਧਾਨ ਬਿਰਜ ਸਿੰਗਲਾ, ਬੱਬੂ ਅਗਰਵਾਲ, ਮੁਕੇਸ਼ ਸ਼ਰਮਾ ਨੇ ਕਿਹਾ ਕਿ ਵੱਧ ਰਹੀਆਂ ਲੁੱਟ-ਖੋਹ, ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਆਮ ਲੋਕਾਂ ਦਾ ਕਿਸੇ ਨੂੰ ਕੋਈ ਫਿਕਰ ਨਹੀ ਹੈ। ਇਸ ਮੌਕੇ ਪਹਿਲਾਂ ਚੌਂਕੀ ਇਨਚਾਰਜ ਗੁਰਮੇਜ ਸਿੰਘ ਨੇ ਇਕੱਠ ਵਿੱਚ ਆ ਕੇ ਭਰੋਸਾ ਦਿਵਾਇਆ ਪਰ ਲੋਕਾਂ ਨੇ ਧਰਨਾ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਚੌਂਕੀ ਵਿੱਚ ਮੁਲਾਜ਼ਮਾਂ ਦੀ ਨਫ਼ਰੀ ਘੱਟ ਹੈ ਪਰ ਇਸ ਦੇ ਬਾਵਜੂਦ ਉਹ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਅ ਰਹੇ ਹਨ। ਇਸ ਤੋਂ ਬਾਅਦ ਐੱਸ. ਐੱਚ. ਓ. ਜਸਵੀਰ ਸਿੰਘ ਚਹਿਲ ਨੇ ਆ ਕੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਵੀ ਲੋਕਾਂ ਨੇ ਧਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਡੀ. ਐੱਸ. ਪੀ. ਰਛਪਾਲ ਸਿੰਘ ਨੇ ਇਕੱਠ ਵਿੱਚ ਆ ਕੇ ਚੋਰਾਂ ਨੂੰ 10 ਦਿਨਾਂ ਵਿੱਚ ਕਾਬੂ ਕਰਕੇ ਸਾਮਾਨ ਬਰਾਮਦ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਮੰਡੀ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪੁਲਸ ਦਾ ਸਾਥ ਦੇਣ ਅਤੇ ਬਾਜ਼ਾਰਾਂ ਅਤੇ ਮੰਡੀਆਂ ਵਿੱਚ ਚੌਂਕੀਦਾਰ ਜ਼ਰੂਰ ਰੱਖਣ।

ਉਨ੍ਹਾਂ ਕਿਹਾ ਕਿ ਮੰਡੀ ਵਿੱਚ ਰਾਤ ਸਮੇਂ ਅੱਜ ਤੋਂ ਲਗਾਤਾਰ ਗਸ਼ਤ ਜਾਰੀ ਰਹੇਗੀ। ਇਸ ਮੌਕੇ ਲੋਕਾਂ ਨੂੰ ਪੁਲਸ ਅਧਿਕਾਰੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਕਾਂਗਰਸੀ ਆਗੂ ਤੇਜਾ ਸਿੰਘ ਦੰਦੀਵਾਲ ਨੇ ਕਿਹਾ ਕਿ ਮੰਡੀ ਵਿੱਚ ਨਸ਼ਾ, ਸੱਟਾ ਸ਼ਰੇਆਮ ਚੱਲਦਾ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਚੋਰੀ ਹੋਈਆਂ ਦੁਕਾਨਾਂ 'ਤੇ ਜਾ ਕੇ ਮੌਕੇ 'ਤੇ ਜਾਇਜ਼ਾ ਲਿਆ। ਇਸ ਮੌਕੇ ਨਗਰ ਕੋਸ਼ ਦੇ ਪ੍ਰਧਾਨ ਜੋਨੀ ਬਾਂਸਲ,ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਗੋਲਨ, ਮੀਤ ਪ੍ਰਧਾਨ ਦਲਜੀਤ ਸਿੰਘ, ਟੱਰਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਓਪਲੀ, ਮਾਨ ਸਿੰਘ, ਰਿਸਟੀ ਮਿੱਤਲ, ਅਜੇ ਗੋਇਲ, ਅਗਰੇਜ ਸਿੰਘ ਸਮੇਤ ਮੰਡੀ ਦੇ ਪਤਵੰਤੇ ਸੱਜਣ ਹਾਜ਼ਰ ਸਨ। ਅਖੀਰ ਬਾਅਦ ਦੁਪਹਿਰ ਡੀ. ਐੱਸ. ਪੀ. ਵੱਲੋਂ ਮੁੜ ਅਪੀਲ ਕੀਤੇ ਜਾਣ 'ਤੇ ਮੰਡੀ ਨਿਵਾਸੀਆਂ ਨੇ ਧਰਨਾ ਸਮਾਪਤ ਕਰਦਿਆਂ ਚੋਰਾਂ ਨੂੰ ਕਾਬੂ ਕੀਤੇ ਜਾਣ ਦੀ ਗੱਲ ਆਖੀ।

ਇਹ ਵੀ ਪੜ੍ਹੋ- ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ 'ਚ ਫਸਿਆ ਜਲੰਧਰ, ਇੰਸਟਾਗ੍ਰਾਮ 'ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News