ਖੇਤ ’ਚ ਪਾਣੀ ਪੀਣ ਤੋਂ ਬਾਅਦ ਡੇਢ ਦਰਜ਼ਨ ਮੱਝਾਂ ਦੀ ਮੌਤ, ਅੱਧੀ ਦਰਜ਼ਨ ਤੋਂ ਵੱਧ ਦੀ ਹਾਲਤ ਗੰਭੀਰ

Wednesday, May 08, 2024 - 07:31 PM (IST)

ਖੇਤ ’ਚ ਪਾਣੀ ਪੀਣ ਤੋਂ ਬਾਅਦ ਡੇਢ ਦਰਜ਼ਨ ਮੱਝਾਂ ਦੀ ਮੌਤ, ਅੱਧੀ ਦਰਜ਼ਨ ਤੋਂ ਵੱਧ ਦੀ ਹਾਲਤ ਗੰਭੀਰ

ਭਵਾਨੀਗੜ੍ਹ, (ਕਾਂਸਲ)- ਨੇੜਲੇ ਪਿੰਡ ਸੰਘਰੇੜੀ ਵਿਖੇ ਬੁੱਧਵਾਰ ਨੂੰ ਗੁੱਜਰ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਵੱਲੋਂ ਆਪਣੀਆਂ ਮੱਝਾਂ ਨੂੰ ਚਰਾਉਂਦੇ ਸਮੇਂ ਮੱਝਾਂ ਵੱਲੋਂ ਇਕ ਖੇਤ ’ਚ ਪਾਣੀ ਪੀਣ ਤੋਂ ਬਾਅਦ ਅਚਾਨਕ ਤਬੀਅਤ ਖਰਾਬ ਹੋ ਜਾਣ ਕਾਰਨ ਡੇਢ ਦਰਜ਼ਨ ਦੇ ਕਰੀਬ ਮੱਝਾਂ ਮਰ ਜਾਣ ਤੇ ਅੱਧੀ ਦਰਜਨ ਤੋਂ ਵੱਧ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁੱਜਰ ਭਾਈਚਾਰੇ ਨਾਲ ਸਬੰਧਤ ਮੂਸਾ ਖਾਨ ਪੁੱਤਰ ਅਲਫਦੀਨ ਤੇ ਗਾਮਾ ਖਾਨ ਪੁੱਤਰ ਕਾਸਮ ਖਾ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਮਪਲ ਹਨ ਅਤੇ ਕਰੀਬ 25-30 ਸਾਲਾਂ ਤੋਂ ਪੰਜਾਬ ਅੰਦਰ ਸੰਗਰੂਰ ਜ਼ਿਲੇ ਦੇ ਧੂਰੀ ਨੇੜਲੇ ਪਿੰਡ ਧੂਰਾ ਵਿਖੇ ਆਪਣੇ ਡੇਰੇ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦੇ ਹਨ ਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਵੱਖ ਵੱਖ ਪਿੰਡਾਂ ’ਚ ਲੈ ਜਾਂਦੇ ਹਨ ਤੇ ਖੁੱਲੀਆਂ ਥਾਵਾਂ 'ਤੇ ਆਪਣੇ ਪਸ਼ੂਆਂ ਨੂੰ ਚਰਾਉਂਦੇ ਹਨ। ਜਿਸ ਦੇ ਚਲਦਿਆਂ ਅੱਜ ਵੀ ਉਹ ਆਪਣੀਆਂ 32 ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਘਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ਉਪਰ ਚਰਾਉਣ ਆਏ ਸਨ ਤਾਂ ਇਸ ਦੌਰਾਨ ਦੁਪਹਿਰ ਸਮੇਂ ਮੱਝਾਂ ਨੂੰ ਪਿਆਸ ਲੱਗਣ ’ਤੇ ਉਨ੍ਹਾਂ ਇਥੇ ਸਥਿਤ ਇਕ ਖੇਤ ’ਚ ਇਕ ਮੋਟਰ ਵਾਲੇ ਚੁਵੱਚੇ ’ਚੋਂ ਆਪਣੀਆਂ ਮੱਝਾਂ ਨੂੰ ਜਦੋਂ ਪਾਣੀ ਪਿਲਾਇਆ ਤਾਂ ਦੇਖਦੇ ਹੀ ਦੇਖਦੇ ਉਨ੍ਹਾਂ ਦੀਆਂ ਮੱਝਾਂ ਇਕ-ਇਕ ਕਰਕੇ ਇਥੇ ਜ਼ਮੀਨ ਉਪਰ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਮੱਝਾਂ ਨੇ ਦਮ ਤੋੜ ਦਿੱਤਾ।

ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਮੂਸਾ ਖਾਨ ਦੀਆਂ 12 ਮੱਝਾਂ ਤੇ ਗਾਮਾ ਖਾਨ ਦੀਆਂ 6 ਮੱਝਾਂ ਨੇ ਦਮ ਤੋੜ ਦਿੱਤਾ ਤੇ ਦੋਵੇ ਵਿਅਕਤੀਆਂ ਦੀਆਂ 7 ਤੋਂ ਵੱਧ ਮੱਝਾਂ ਦੀਆਂ ਹਾਲਤ ਅਜੇ ਕਾਫ਼ੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਇਕ ਮੱਝ ਦੀ ਕੀਮਤ ਲੱਖ ਰੁਪਏ ਤੋਂ ਉਪਰ ਹੈ। ਇਸ ਤਰ੍ਹਾਂ ਉਨ੍ਹਾਂ ਦਾ ਕਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੋਵੇ ਪੀੜਤਾਂ ਨੇ ਦੱਸਿਆ ਕਿ ਮਾਰਨ ਵਾਲੀਆਂ ਮੱਝਾਂ ’ਚ 8 ਤਾਜੀਆਂ ਸੂਈਆਂ ਹੋਈਆਂ ਸਨ ਤੇ 10 ਕੇ ਕਰੀਬ ਮੱਝਾਂ ਸੂਣ ਵਾਲੀਆ ਸਨ। 

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਇਸ ਨੁਕਸਾਨ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਪੀੜਤਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਵੀ ਗੁਹਾਰ ਲਗਾਈ ਕਿ ਮੱਝਾਂ ਦੇ ਦੁੱਧ ਨਾਲ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਦੇ ਸਨ ਤੇ ਹੁਣ ਉਨ੍ਹਾਂ ਦਾ ਗੁਜਾਰਾ ਮੁਸ਼ਕਿਲ ਹੋ ਗਿਆ ਹੈ, ਇਸ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ। ਇਸ ਘਟਨਾ ਦਾ ਪਤਾ ਚਲਦਿਆਂ ਮੌਕੇ ’ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਡੀ.ਐੱਸ.ਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਉਲ, ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਤੇ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ਼ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਮੌਕੇ ਪਹੁੰਚੇ ਤਹਿਸੀਲਦਾਰ ਭਵਾਨੀਗੜ੍ਹ ਸੁਰਿੰਦਰਪਾਲ ਪੰਨੂ ਤੇ ਗਗਨਦੀਪ ਸਿੰਘ ਵੈਟਨਰੀ ਇੰਸਪੈਕਟਰ ਘਰਾਚੋਂ ਨੇ ਕਿਹਾ ਕਿ ਮ੍ਰਿਤਕ ਮੱਝਾਂ ਨੂੰ ਇਕੱਠੀਆਂ ਕਰਕੇ ਸਵੇਰੇ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੱਝਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ। ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਚੁਬੱਚੇ ਦਾ ਪਾਣੀ ਜ਼ਹਿਰੀਲਾ ਹੋ ਸਕਦਾ ਹੈ। ਜਿਸ ਦੀ ਵੀ ਜਾਂਚ ਕੀਤੀ ਜਾਵੇਗੀ।


author

Rakesh

Content Editor

Related News