ਰੋਜ਼ੀ ਰੋਟੀ ਕਮਾਉਣ ਗਿਆ ਸੀ ਵਿਦੇਸ਼, ਸਰਕਾਰ ਦੀ ਗ਼ਲਤੀ ਨੇ ਬਰਬਾਦ ਕੀਤੇ ਜ਼ਿੰਦਗੀ ਦੇ ਸੁਨਹਿਰੀ 8 ਸਾਲ

05/16/2023 4:46:59 PM

ਲੁਧਿਆਣਾ (ਵਿੱਕੀ) : ਵਿਦੇਸ਼ੀ ਧਰਤੀ ’ਤੇ ਕੰਮ-ਕਾਜ ਕਰ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਸਾਲ 2010 ’ਚ ਥਾਈਲੈਂਡ ਗਏ ਲੁਧਿਆਣਾ ਦੇ ਕਿਚਲੂ ਨਗਰ ਨਿਵਾਸੀ ਸੋਹਣ ਸਿੰਘ ਨੂੰ ਕੀ ਪਤਾ ਸੀ ਕਿ ਉੱਥੇ ਉਸ ਨੂੰ 8 ਸਾਲ ਤੱਕ ਜੇਲ ’ਚ ਬੰਦ ਰਹਿਣਾ ਪਵੇਗਾ ਅਤੇ ਪੂਰੇ ਦਿਨ ’ਚ 1 ਟਾਈਮ ਖਿਚੜੀ ਖਾ ਕੇ ਹੀ ਗੁਜ਼ਾਰਾ ਕਰਨਾ ਪਵੇਗਾ। ਇਸ ਨੂੰ ਪਰਮਾਤਮਾ ਦੀ ਕਿਰਪਾ ਕਹੋ ਜਾਂ ਕਿਸੇ ਤਰ੍ਹਾਂ ਸੋਹਣ ਸਿੰਘ ਦਾ ਸੰਪਰਕ ਉੱਥੋਂ ਦੀ ਇਕ ਸਮਾਜਿਕ ਸੰਸਥਾ ਨਾਲ ਹੋ ਗਿਆ, ਜਿਨ੍ਹਾਂ ਨੇ ਲੁਧਿਆਣਾ ਈਸਟ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਉਨ੍ਹਾਂ ਦੇ ਭਰਾ ਕੁਲਵਿੰਦਰ ਗਰੇਵਾਲ ਦੇ ਧਿਆਨ ’ਚ ਉਕਤ ਮਾਮਲਾ ਲਿਆ ਕੇ ਸੋਹਣ ਸਿੰਘ ਨੂੰ ਜੇਲ ਤੋਂ ਬਾਹਰ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ। ਇੱਥੇ ਹੀ ਬੱਸ ਨਹੀਂ, ਉਕਤ ਨੌਜਵਾਨ ਦੀ ਵਿਦੇਸ਼ੀ ਜੇਲ ਤੋਂ ਰਿਹਾਈ ਕਰਵਾਉਣ ਲਈ ਵਿਧਾਇਕ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਅੰਬੈਸੀ ਦੇ ਸਾਹਮਣੇ ਉਕਤ ਮਾਮਲਾ ਜ਼ੋਰਦਾਰ ਢੰਗ ਨਾਲ ਉਠਾ ਕੇ ਸੋਹਣ ਸਿੰਘ ਦੀ ਰਿਹਾਈ ’ਚ ਅਹਿਮ ਭੂਮਿਕਾ ਨਿਭਾਈ। ਟਿੱਬਾ ਰੋਡ ’ਤੇ ਆਪਣੇ ਆਫਿਸ ’ਚ ਵਿਧਾਇਕ ਭੋਲਾ ਗਰੇਵਾਲ ਅਤੇ ‘ਆਪ’ ਨੇਤਾ ਕੁਲਵਿੰਦਰ ਗਰੇਵਾਲ ਨੇ ਉਕਤ ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2010 ’ਚ ਥਾਈਲੈਂਡ ਪੁੱਜੇ ਸੋਹਣ ਸਿੰਘ ਨੂੰ ਸਾਲ 2015 ’ਚ ਥਾਈਲੈਂਡ ਸਰਕਾਰ ਨੇ ਬਰਮਾ ਦਾ ਨਾਗਰਿਕ ਸਮਝ ਦੇ ਹੋਏ ਜੇਲ ’ਚ ਡੱਕ ਦਿੱਤਾ, ਜਿੱਥੇ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਦੇਸ਼ਾਂ ਦੀਆਂ ਜੇਲਾਂ ’ਚ ਜ਼ਿਆਦਾਤਰ ਖਾਣਾ ਮਾਸਾਹਾਰੀ ਖਿਲਾਇਆ ਜਾਂਦਾ ਹੈ ਪਰ ਸੋਹਣ ਸਿੰਘ ਮੀਟ ਨਹੀਂ ਖਾਂਦਾ ਸੀ। ਉਸ ਨੂੰ ਇਕ ਟਾਈਮ ਖਿਚੜੀ ਦਿੱਤੀ ਜਾਂਦੀ ਸੀ, ਜਿਸ ਨੂੰ ਖਾ ਕੇ ਉਹ ਇੰਨੀ ਦੇਰ ਤੱਕ ਜਿਊਂਦਾ ਰਿਹਾ ਪਰ ਦਿਮਾਗੀ ਅਤੇ ਸਰੀਰਕ ਤੌਰ ’ਤੇ ਉਹ ਬਹੁਤ ਕਮਜ਼ੋਰ ਹੋ ਗਿਆ। ਕਿਸੇ ਤਰ੍ਹਾਂ ਉਸ ਦਾ ਸੰਪਰਕ ਉੱਥੋਂ ਦੀ ਇਕ ਸਮਾਜਿਕ ਜਥੇਬੰਦੀ ਨਾਲ ਹੋਇਆ। ਗਰੇਵਾਲ ਨੇ ਦੱਸਿਆ ਕਿ ਜਦੋਂ ਸੰਸਥਾ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਅਸੀਂ ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਅੰਬੈਸੀ ਨਾਲ ਗੱਲ ਕੀਤੀ ਅਤੇ ਸੋਹਣ ਸਿੰਘ ਦੇ ਭਾਰਤੀ ਹੋਣ ਦੇ ਸਬੂਤ ਸੌਂਪੇ, ਜਿਸ ਦੇ ਕਈ ਯਤਨਾਂ ਤੋਂ ਬਾਅਦ ਸੋਹਣ ਸਿੰਘ ਨੂੰ ਰਿਹਾਅ ਕਰਵਾ ਕੇ ਭਾਰਤ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਸੋਹਣ ਸਿੰਘ ਥਾਈਲੈਂਡ ’ਚ ਜਿੱਥੇ ਕੰਮ ਕਰਦਾ ਸੀ, ਉੱਥੋਂ ਦੇ ਮਾਲਕ ਨੇ ਉਨ੍ਹਾਂ ਦਾ ਪਾਸਪੋਰਟ ਤੱਕ ਆਪਣੇ ਕੋਲ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਬਿਆਨ ਆਇਆ ਸਾਹਮਣੇ

ਅੰਬੈਸੀ ਨੂੰ ਮੁਹੱਈਆ ਕਰਵਾਏ ਭਾਰਤੀ ਨਾਗਰਿਕਤਾ ਦੇ ਦਸਤਾਵੇਜ਼
ਵਿਧਾਇਕ ਭੋਲਾ ਨੇ ਦੱਸਿਆ ਕਿ ਸੋਹਣ ਸਿੰਘ ਨੂੰ ਰਿਹਾਅ ਕਰਵਾਉਣ ਲਈ ਜੋ ਵੀ ਦਸਤਾਵੇਜ਼ ਚਾਹੀਦੇ ਸਨ, ਉਹ ਸਮਾਜਸੇਵੀ ਸੰਸਥਾ ਨੂੰ ਮੁਹੱਈਆ ਕਰਵਾਏ ਗਏ ਅਤੇ ਨਾਲ ਹੀ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ’ਚ ਲਿਆਂਦਾ ਗਿਆ। ਉਨ੍ਹਾਂ ਵਲੋਂ ਅੰਬੈਸੀ ਨਾਲ ਸੰਪਰਕ ਕੀਤਾ ਗਿਆ, ਜਿਸ ਦਾ ਨਤੀਜਾ ਹੈ ਕਿ ਅੱਜ ਸੋਹਣ ਸਿੰਘ ਆਪਣੇ ਪਰਿਵਾਰ ਕੋਲ ਵਾਪਸ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਕਿਸੇ ਕਾਰਨ ਵੱਸ ਵਿਦੇਸ਼ੀ ਧਰਤੀ ’ਤੇ ਫਸਿਆ ਹੋਇਆ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਮੁੱਖ ਮੰਤਰੀ ਦੀ ਮਦਦ ਨਾਲ ਉਨ੍ਹਾਂ ਨੂੰ ਵੀ ਵਾਪਸ ਲਿਆਂਦਾ ਜਾ ਸਕੇ। ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਧਾਇਕ ਗਰੇਵਾਲ ਅਤੇ ਉਨ੍ਹਾਂ ਦੇ ਭਰਾ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ : ਭਲਕੇ ਜਲੰਧਰ 'ਚ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪੰਜਾਬ ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ

ਭੋਲਾ ਗਰੇਵਾਲ ਦੀ ਟੀਮ ਨੇ ਪਰਿਵਾਰ ਨੂੰ ਇਸ ਤਰ੍ਹਾਂ ਕੀਤਾ ਟ੍ਰੇਸ
ਵਿਧਾਇਕ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨਾਲ ਸਮਾਜਸੇਵੀ ਜਥੇਬੰਦੀ ਨੇ ਜਦੋਂ ਸੰਪਰਕ ਕੀਤਾ ਤਾਂ ਇੰਨਾ ਹੀ ਦੱਸਿਆ ਕਿ ਸੋਹਣ ਸਿੰਘ ਆਪਣੀ ਯਾਦਸ਼ਕਤੀ ਕਾਫੀ ਹੱਦ ਤੱਕ ਗੁਆ ਚੁੱਕਾ ਹੈ। ਉਨ੍ਹਾਂ ਨੂੰ ਸਿਰਫ ਲੁਧਿਆਣਾ ’ਚ ਆਪਣੇ ਇਲਾਕੇ ਕਿਚਲੂ ਨਗਰ ਦਾ ਨਾਂ ਅਤੇ ਬਲਾਕ ਹੀ ਪਤਾ ਹੈ, ਜਦੋਂਕਿ ਘਰ ਦਾ ਨੰਬਰ ਭੁੱਲ ਚੁੱਕੇ ਹਨ। ਇੰਨਾ ਪਤਾ ਲੱਗਣ ਤੋਂ ਬਾਅਦ ਗਰੇਵਾਲ ਦੀ ਟੀਮ ਨੇ ਕੁਲਵਿੰਦਰ ਗਰੇਵਾਲ ਦੀ ਅਗਵਾਈ ’ਚ ਕਿਚਲੂ ਨਗਰ ਦੇ ਉਕਤ ਦੱਸੇ ਬਲਾਕ ’ਚ ਘਰ–ਘਰ ਜਾ ਕੇ ਸੋਹਣ ਸਿੰਘ ਨਾਮੀ ਵਿਅਕਤੀ ਬਾਰੇ ਪਤਾ ਕਰਨਾ ਸ਼ੁਰੂ ਕੀਤਾ ਤਾਂ ਕੁਝ ਦਿਨ ਬਾਅਦ ਪਤਾ ਲੱਗਾ ਕਿ ਉਨ੍ਹਾਂ ਦਾ ਪਰਿਵਾਰ ਤਾਂ ਨਿਊਜ਼ੀਲੈਂਡ ਜਾ ਚੁੱਕਾ ਹੈ ਅਤੇ ਇੱਥੇ ਕੋਈ ਨਹੀਂ ਹੈ ਪਰ ਗਰੇਵਾਲ ਦੀ ਟੀਮ ਨੇ ਨਿਊਜ਼ੀਲੈਂਡ ’ਚ ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜਿਵੇਂ-ਕਿਵੇਂ ਫੋਨ ’ਤੇ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਭਾਰਤੀ ਹੋਣ ਦੇ ਸਬੂਤ ਇਕੱਠੇ ਕਰ ਕੇ ਉਨ੍ਹਾਂ ਦੀ ਰਿਹਾਈ ਲਈ ਕਦਮ ਵਧਾਏ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਕਾਰਪੋਰੇਟ ਦਫਤਰਾਂ ’ਚ ਛਲਕਣਗੇ ਵਾਈਨ ਦੇ ਜਾਮ, ਬੀਅਰ ਦਾ ਵੀ ਹੋਵੇਗਾ ਪੂਰਾ ਇੰਤਜ਼ਾਮ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News