ਸਪੀਕਰ ਸੰਧਵਾਂ ਦੀ ਹਾਜ਼ਰੀ ''ਚ ਮਾਰਕੀਟ ਕਮੇਟੀ ਦੇ ਚੇਅਰਮੈਨ ਝਨੇੜੀ ਨੇ ਸੰਭਾਲਿਆ ਅਹੁਦਾ
Friday, Apr 18, 2025 - 06:03 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਨਵਨਿਯੁਕਤ ਚੇਅਰਮੈਨ 'ਆਗੂ' ਜਗਸੀਰ ਸਿੰਘ ਜੱਗਾ ਝਨੇੜੀ ਵੱਲੋਂ ਇੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਬਰਿੰਦਰ ਗੋਇਲ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ 'ਚ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਸਪੀਕਰ ਕੁਲਤਾਰ ਸੰਧਵਾਂ ਨੇ ਚੇਅਰਮੈਨ ਝਨੇੜੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਪਾਰਟੀ ਦੇ ਬਹੁਤ ਹੀ ਹੋਣਹਾਰ ਤੇ ਜੁਝਾਰੂ ਵਰਕਰ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪ ਕੇ ਮਾਨ ਬਖਸ਼ਿਆ ਹੈ ਤੇ ਉਹ ਆਸ ਕਰਦੇ ਹਨ ਕਿ ਚੇਅਰਮੈਨ ਝਨੇੜੀ ਕਿਸਾਨਾਂ ਮਜ਼ਦੂਰਾਂ ਅਤੇ ਆੜਤੀਆਂ ਨਾਲ ਜੁੜੇ ਇਸ ਅਦਾਰੇ ਲਈ ਵਧੀਆ ਢੰਗ ਨਾਲ ਆਪਣੀ ਸੇਵਾਵਾਂ ਨਿਭਾਉਣਗੇ।
ਇਸ ਮੌਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਚੇਅਰਮੈਨ ਝਨੇੜੀ ਦੀ ਨਿਯੁਕਤੀ 'ਤੇ ਜਿੱਥੇ ਖੁਸ਼ੀ ਜ਼ਾਹਿਰ ਕੀਤੀ ਉੱਥੇ ਹੀ ਸੂਬੇ ਦੇ ਸੀਐੱਮ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹਰੇਕ ਜੁਝਾਰੂ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਚੇਅਰਮੈਨ ਝਨੇੜੀ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚਣ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐੱਮਪੀ ਮੀਤ ਹੇਅਰ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਚੇਅਰਮੈਨ ਝਨੇੜੀ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਸਵੇਰੇ ਤਾਜਪੋਸ਼ੀ ਸਮਾਗਮ ਦੀ ਖੁਸ਼ੀ ਵਿਚ ਮਾਰਕੀਟ ਕਮੇਟੀ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਜਿਸ ਵਿਚ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਹੋਰ ਵੱਡੀ ਗਿਣਤੀ 'ਚ ਪਤਵੰਤਿਆਂ ਨੇ ਹਾਜ਼ਰੀ ਲਵਾਈ।