ਬਾਰਿਸ਼ ਕਾਰਨ ਬੇਸਹਾਰਾ ਬਜ਼ੁਰਗ ਔਰਤ ਦੇ ਘਰ ਦੀ ਛੱਤ ਡਿੱਗੀ, ਮਦਦ ਲਈ ਸਰਕਾਰ ਤੇ ਪ੍ਰਸ਼ਾਸਨ ਅੱਗੇ ਕੀਤੀ ਫ਼ਰਿਆਦ

Saturday, Aug 02, 2025 - 10:21 AM (IST)

ਬਾਰਿਸ਼ ਕਾਰਨ ਬੇਸਹਾਰਾ ਬਜ਼ੁਰਗ ਔਰਤ ਦੇ ਘਰ ਦੀ ਛੱਤ ਡਿੱਗੀ, ਮਦਦ ਲਈ ਸਰਕਾਰ ਤੇ ਪ੍ਰਸ਼ਾਸਨ ਅੱਗੇ ਕੀਤੀ ਫ਼ਰਿਆਦ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਅੰਦਰ ਰੋਜ਼ਾਨਾ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਿਸ਼ ਕਾਰਨ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਇਕ ਘਰ ’ਚ ਇਕੱਲੀ ਰਹਿ ਰਹੀ ਇਕ ਬੇਸਹਾਰਾ ਬਜ਼ੁਰਗ ਔਰਤ ਦੇ ਖਸਤਾ ਹਾਲਤ ਘਰ ਦੀ ਸ਼ਤੀਰ ਬਾਲਿਆਂ ਵਾਲੀ ਪੁਰਾਣੀ ਛੱਤ ਡਿੱਗ ਜਾਣ ਅਤੇ ਘਰ ਅੰਦਰ ਬਰਸਾਤ ਦਾ ਪਾਣੀ ਵੜ੍ਹ ਜਾਣ ’ਤੇ ਬਜ਼ੁਰਗ ਔਰਤ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਮਦਦ ਲਈ ਫ਼ਰਿਆਦ ਕੀਤੀ ਗਈ।

ਇਹ ਵੀ ਪੜ੍ਹੋ : ਪ੍ਰਦੂਸ਼ਣ ਸਮੱਸਿਆ ਦੀ ਜ਼ਮੀਨੀ ਹਕੀਕਤ ਜਾਣਨ ਲਈ ਬੁੱਢੇ ਨਾਲੇ ’ਤੇ ਪੁੱਜੀ PPCB ਚੇਅਰਪਰਸਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੇਸਹਾਰਾ ਬਜ਼ੁਰਗ ਔਰਤ ਗੁਰਮੇਲ ਕੌਰ ਪਤਨੀ ਸਵ: ਹਰੀ ਸਿੰਘ ਵਾਸੀ ਬਾਲਦ ਖੁਰਦ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਇਸ ਬਹੁਤ ਹੀ ਪੁਰਾਣੇ ਸਤੀਰ ਬਾਲਿਆਂ ਵਾਲੀ ਛੱਤ ਵਾਲੇ ਖਸਤਾ ਹਾਲਤ ਘਰ ’ਚ ਇਕੱਲੀ ਹੀ ਰਹਿ ਰਹੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਘਰ ਗਲੀ ਤੋਂ ਬਹੁਤ ਹੀ ਨੀਵਾਂ ਹੈ ਅਤੇ ਥੋੜੀ ਜਹੀ ਬਰਸਾਤ ਹੋਣ ’ਤੇ ਹੀ ਘਰ ਅੰਦਰ ਬਰਸਾਤ ਦਾ ਪਾਣੀ ਭਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਹੋ ਰਹੀ ਬਰਸਾਤ ਕਾਰਨ ਉਸ ਦੇ ਘਰ ’ਚ ਪਾਣੀ ਭਰ ਗਿਆ ਅਤੇ ਜਦੋਂ ਉਹ ਪਾਣੀ ਤੋਂ ਆਪਣੇ ਸਾਮਾਨ ਨੂੰ ਬਚਾਉਣ ਲਈ ਸਮਾਨ ਸੰਭਾਲ ਰਹੀ ਸੀ ਤਾਂ ਇਸ ਦੌਰਾਨ ਅਚਾਨਕ ਉਸ ਦੇ ਘਰ ਦੇ ਇਕ ਕਮਰੇ ਦੀ ਸ਼ਤੀਰ ਬਾਲਿਆਂ ਵਾਲੀ ਛੱਤ ਦਾ ਇਕ ਹਿੱਸਾ ਵੀ ਬਰਸਾਤ ਕਰਨ ਡਿੱਗ ਗਿਆ ਅਤੇ ਉਹ ਇਸ ਦੇ ਮਲਬੇ ਹੇਠ ਆਉਣ ਤੋਂ ਵਾਲ ਵਾਲ ਬਚ ਗਈ।

ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਸਾਰੇ ਘਰ ਅੰਦਰ ਤਰੇੜਾਂ ਆ ਚੁੱਕੀਆਂ ਹਨ ਅਤੇ ਉਸ ਦਾ ਪੂਰੇ ਦਾ ਪੂਰਾ ਘਰ ਕਿਸੇ ਵੀ ਸਮੇਂ ਮਲਬੇ ਦਾ ਰੂਪ ਧਾਰ ਸਕਦਾ ਹੈ ਜਿਸ ਨਾਲ ਉਸ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਦਿਹਾੜੀ ਕਰਕੇ ਅਤੇ ਸਰਕਾਰ ਤੋਂ ਮਿਲਦੀ ਬੁਢਾਪਾ ਪੈਨਸ਼ਨ ਰਾਹੀ ਬਹੁਤ ਹੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਚਲਾਉਂਦੀ ਹੈ। ਇਸ ਲਈ ਉਹ ਆਪਣੇ ਘਰ ਦੀ ਮੁਰੰਮਤ ਕਰਵਾਉਣ ’ਚ ਪੂਰੀ ਤਰ੍ਹਾਂ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਮਦਦ ਲਈ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਸਾਵਧਾਨ! ਫੈਕਟਰੀ 'ਚੋਂ 700 ਕਿਲੋ ਨਕਲੀ ਪਨੀਰ ਬਰਾਮਦ, ਵੱਡੇ ਹੋਟਲਾਂ ਅਤੇ ਦੁਕਾਨਾਂ 'ਚ ਹੁੰਦੀ ਸੀ ਸਪਲਾਈ

ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਇਕ ਹੀ ਲੜਕਾ ਹੈ ਜੋ ਕਿ ਉਸ ਤੋਂ ਅਲੱਗ ਰਹਿੰਦਾ ਹੈ ਅਤੇ ਉਹ ਵੀ ਨਾਮੁਰਾਦ ਕੈਂਸਰ ਦੀ ਗੰਭੀਰ ਬੀਮਾਰੀ ਨਾਲ ਪੀੜਤ ਹੋਣ ਕਾਰਨ ਮੰਜੇ ’ਤੇ ਪਿਆ ਜਿੰਦਗੀ ਲਈ ਮੌਤ ਨਾਲ ਲੜਾਈ ਲੜ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਘਰ ਦੇ ਨਿਰਮਾਣ ਲਈ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਉਸ ਦੇ ਪੁੱਤਰ ਦੇ ਇਲਾਜ ਲਈ ਉਸ ਦੇ ਪੁੱਤਰ ਦੇ ਪਰਿਵਾਰ ਦੀ ਵੀ ਮਦਦ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News