'ਝਨੇੜੀ' ਨੇੜੇ ਓਵਰਫਲੋ ਹੋ ਕੇ ਟੁੱਟਿਆ ਸੂਆ, ਕਿਸਾਨਾਂ ਦਾ ਕਈ ਏਕੜ ਝੋਨਾ ਹੋਇਆ ਪ੍ਰਭਾਵਿਤ
Monday, Jul 28, 2025 - 09:36 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਝਨੇੜੀ ਵਿਖੇ ਅੱਜ ਸਵੇਰੇ ਸੂਆ ਟੁੱਟਣ ਕਾਰਨ ਕਰੀਬ ਅੱਧੇ ਦਰਜਨ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਪਾਣੀ ਨਾਲ ਪ੍ਰਭਾਵਿਤ ਹੋ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ, ਜਗਵਿੰਦਰ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਅਚਾਨਕ ਸੂਆ ਟੁੱਟਣ ਕਾਰਨ ਸੂਏ 'ਚ ਪਾੜ ਪੈ ਗਿਆ। ਸੂਏ 'ਚੋਂ ਆਏ ਪਾਣੀ ਅਤੇ ਨਾਲ ਵਹਿ ਕੇ ਆਈ ਮਿੱਟੀ ਕਾਰਨ ਕਿਸਾਨਾਂ ਦੀ ਕਰੀਬ 25 ਏਕੜ ਝੋਨੇ ਦੀ ਫਸਲ ਪ੍ਰਭਾਵਿਤ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਸੂਆ ਟੁੱਟਣ ਦੀ ਸੂਚਨਾ ਮਿਲਣ 'ਤੇ ਮੌਕੇ ਉੱਪਰ ਪਹੁੰਚੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਨਾਲ ਸੂਏ ਨੂੰ ਭਰ ਕੇ ਬੰਦ ਕਰਵਾ ਦਿੱਤਾ ਪਰੰਤੂ ਕਮਜੋਰ ਹੋਣ ਕਾਰਨ ਸੂਆ ਉਕਤ ਜਗ੍ਹਾ ਨੇੜੇਓ ਦੁਬਾਰਾ ਟੁੱਟ ਸਕਦਾ ਹੈ। ਜਿਸਦੇ ਚੱਲਦਿਆਂ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਏ ਨੂੰ ਜਲਦ ਪੱਕਾ ਕੀਤਾ ਜਾਵੇ ਤੇ ਨਾਲ ਹੀ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਉੱਧਰ ਦੂਜੇ ਪਾਸੇ ਨਹਿਰੀ ਵਿਭਾਗ ਬਾਲਦ ਕੋਠੀ ਦੇ ਐੱਸ.ਡੀ.ਓ. ਅਮ੍ਰਿਤਪਾਲ ਸਿੰਘ ਪੁੰਜ ਨੇ ਕਿਹਾ ਕਿ ਓਵਰਫਲੋ ਹੋ ਜਾਣ ਕਾਰਨ ਉਕਤ ਸੂਆ ਇੱਕ ਜਗ੍ਹਾ ਤੋਂ ਟੁੱਟ ਗਿਆ ਸੀ ਜਿਸਨੂੰ ਤੁਰੰਤ ਮਿੱਟੀ ਦੀਆਂ ਬੋਰੀਆਂ ਨਾਲ ਪਲੱਗ ਕਰਵਾ ਦਿੱਤਾ ਗਿਆ। ਅਧਿਕਾਰੀ ਦੇ ਮੁਤਾਬਕ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਜਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁੱਛਣ 'ਤੇ ਉਨ੍ਹਾਂ ਕਿਹਾ ਕਿ ਪੈਡੀ ਸੀਜਨ ਸਿਖਰ 'ਤੇ ਹੋਣ ਕਾਰਨ ਸੂਏ ਵਿਚ ਪਾਣੀ ਬੰਦ ਨਹੀੰ ਕੀਤਾ ਜਾ ਸਕਦਾ। ਵਿਭਾਗ ਨੂੰ ਮੁਰੰਮਤ ਕਰਾਉਣ ਲਈ 7 ਤੋਂ 10 ਦਿਨਾਂ ਦਾ ਸਮਾਂ ਚਾਹੀਦਾ ਹੋਵੇਗਾ ਤੇ ਸੂਏ ਦਾ ਪਾਣੀ ਵੀ ਮੁਕੰਮਲ ਬੰਦ ਕਰਨਾ ਪਵੇਗਾ, ਇਸ ਲਈ ਫਿਲਹਾਲ ਮਿੱਟੀ ਦੀਆਂ ਬੋਰੀਆਂ ਨਾਲ ਪਾੜ ਆਰਜੀ ਤੌਰ 'ਤੇ ਭਰਿਆ ਗਿਆ ਹੈ।