ਭਾਂਡੇ ਵੇਚਣ ਆਈ ਔਰਤ ਨੇ ਨਸ਼ੀਲੀ ਵਸਤੂ ਸੁੰਘਾ ਕੇ ਲੁੱਟੇ ਚਾਂਦੀ ਦੇ ਗਹਿਣੇ ਤੇ ਹੋਰ ਸਮਾਨ, ਹੋਈ ਫਰਾਰ
Thursday, Jul 24, 2025 - 09:42 PM (IST)

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਅਧੀਨ ਪੈਂਦੇ ਪਿੰਡ ਛਾਪਾ ਵਿਖੇ ਦਿਨ ਦਿਹਾੜੇ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ 'ਚ ਤੀਜੇ ਦਿਨ ਵੀ ਇੱਕ ਔਰਤ ਵੱਲੋਂ ਪੁਰਾਣੇ ਭਾਂਡਿਆਂ ਦੇ ਵੱਟੇ ਨਵੇਂ ਭਾਂਡੇ ਦੇਣ ਦੇ ਨਾਂ 'ਤੇ ਨਸ਼ੀਲੀ ਵਸਤੂ ਸੁੰਘਾ ਕੇ ਤਿੰਨ ਘਰਾਂ ਵਿੱਚੋਂ ਕਰੀਬ 20 ਤੋਲੇ ਚਾਂਦੀ ਦੇ ਗਹਿਣੇ ਅਤੇ ਹੋਰ ਅੱਠ ਘਰਾਂ ਵਿੱਚੋਂ ਸੈਂਕੜੇ ਰੁਪਏ ਦਾ ਘਰੇਲੂ ਸਮਾਨ ਲੁੱਟ ਲਿਆ ਗਿਆ। ਇਹ ਔਰਤ ਸਵੇਰੇ ਕਰੀਬ 10 ਵਜੇ ਪਿੰਡ 'ਚ ਦਾਖਲ ਹੋਈ ਅਤੇ ਘਰ-ਘਰ ਜਾ ਕੇ ਔਰਤਾਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਉਨ੍ਹਾਂ ਕੋਲੋਂ ਸਮਾਨ ਲੈ ਕੇ ਉੱਡੀ। ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਵੱਲੋਂ ਸਮਾਜ ਸੇਵੀ ਕੁਲਦੀਪ ਸਿੰਘ ਛਾਪਾ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ, ਪਰਮਜੀਤ ਕੌਰ ਪਤਨੀ ਕਰਮ ਸਿੰਘ ਕੋਲੋਂ 6 ਤੋਲੇ ਚਾਂਦੀ ਦੀ ਚੇਨ ਅਤੇ 2 ਤੋਲੇ ਦੀਆਂ ਚੂੜੀਆਂ, ਹਰਜੀਤ ਕੌਰ ਪਤਨੀ ਗੁਰਮੇਲ ਸਿੰਘ ਕੋਲੋਂ ਢਾਈ ਤੋਲੇ ਦੀ ਚਾਂਦੀ, ਮਹਿੰਦਰ ਕੌਰ ਪਤਨੀ ਬਲੌਰ ਸਿੰਘ ਕੋਲੋਂ 9 ਤੋਲੇ ਚਾਂਦੀ ਦੀਆਂ ਤਿੰਨ ਦੀਆ ਚੈਨਾਂ, ਇੱਕ ਤੋਲਾ ਚਾਂਦੀ, ਇੱਕ ਕੜਾਹੀ ਤੇ ਤਿੰਨ ਥਾਲ, ਰਣਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਕੋਲੋਂ ਕੜਾਹੀ ਤੇ ਸਟੀਲ ਦੇ ਗਿਲਾਸ, ਰਾਜਵਿੰਦਰ ਕੌਰ ਪਤਨੀ ਜੀਤ ਸਿੰਘ ਕੋਲੋਂ ਪਿੱਤਲ ਦੀ ਬਾਲਟੀ ਅਤੇ ਤਸਕ, ਹਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਕੋਲੋਂ ਸਟੀਲ ਦਾ ਡੋਲੂ, ਕਰਮਜੀਤ ਕੌਰ ਪਤਨੀ ਜੀਤ ਸਿੰਘ ਕੋਲੋਂ 5 ਲੀਟਰ ਦਾ ਕੁਕਰ, ਦੋ ਜੱਗ, ਦੋ ਕੱਪ, ਮਹਿੰਦਰ ਕੌਰ ਪਤਨੀ ਸਤਨਾਮ ਸਿੰਘ ਕੋਲੋਂ ਪਿੱਤਲ ਦੀ ਬਾਲਟੀ ਅਤੇ ਚਾਹ ਵਾਲਾ ਤਸਲਾ, ਚਰਨ ਸਿੰਘ ਪੁੱਤਰ ਬੀਰਬਲ ਸਿੰਘ ਕੋਲੋਂ 9 ਸਟੀਲ ਗਲਾਸ ਤੇ 7 ਬਾਟੀਆਂ, ਜਸਵਿੰਦਰ ਕੌਰ ਕੋਲੋਂ 6 ਗਲਾਸ, ਅਤੇ ਚਰਨਜੀਤ ਕੌਰ ਕੋਲੋਂ 8 ਗਲਾਸ ਲੈ ਕੇ ਔਰਤ ਫਰਾਰ ਹੋ ਗਈ।ਸਮਾਜ ਸੇਵੀ ਕੁਲਦੀਪ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਨੌਸਰਬਾਜ ਔਰਤ ਵੱਲੋਂ ਇਸ ਤਰੀਕੇ ਨਾਲ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਜਾਣ ਨਾਲ ਪਿੰਡ ਅੰਦਰ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਛਾਪਾ ਨੇ ਸੰਪਰਕ ਕਰਨ 'ਤੇ ਕਿਹਾ ਕਿ“ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬਿਨਾਂ ਪਛਾਣ ਜਾਂ ਯਕੀਨ ਦੇ ਕਿਸੇ ਵੀ ਔਰਤ ਜਾਂ ਵਿਅਕਤੀ ਨੂੰ ਘਰਾਂ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।”