ਅਮਰੂਦ ਤੋੜਨ ''ਤੇ ਦਲਿਤ ਪਰਿਵਾਰ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ
Friday, Jul 25, 2025 - 05:42 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਬਾਲਦ ਖੁਰਦ ਵਿਖੇ ਅਮਰੂਦ ਤੋੜਨ 'ਤੇ ਦਲਿਤ ਭਾਈਚਾਰੇ ਨਾਲ ਸਬੰਧਤ 10 ਸਾਲਾ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੰਘੀਂ 21 ਜੁਲਾਈ ਦੀ ਹੈ। ਪਿੰਡ ਦੇ ਜਿਮੀਂਦਾਰ ਭਾਈਚਾਰੇ ਦੇ ਪਤੀ-ਪਤਨੀ 'ਤੇ ਬੱਚੇ ਨੂੰ ਜੁੱਤੀਆਂ ਅਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟਣ ਸਮੇਤ ਬੱਚੇ ਦੇ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲੱਗੇ ਹਨ। ਪੁਲਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇੱਥੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੀ ਮਾਂ ਗੀਤਾ ਦੇਵੀ ਤੇ ਉਸਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ 10 ਸਾਲਾ ਲੜਕਾ ਗੁਰਜੋਤ ਸਿੰਘ ਗਲੀ 'ਚ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ, ਜਿਸ ਦੌਰਾਨ ਗੁਰਜੋਤ ਨੇ ਪਿੰਡ ਦੇ ਜਿਮੀਂਦਾਰ ਜਸਵਿੰਦਰ ਸਿੰਘ ਦੇ ਘਰ ਦੀ ਕੰਧ ਦੇ ਬਾਹਰ ਲਟਕਦੀਆਂ ਟਾਹਣੀਆਂ ਤੋਂ ਅਮਰੂਦ ਤੋੜ ਲਏ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮਾਮਲੇ "ਤੇ ਹਾਈਕੋਰਟ 'ਚ ਸੁਣਵਾਈ, ਜਾਣੋ ਅਦਾਲਤ ਨੇ ਕੀ ਲਿਆ ਫ਼ੈਸਲਾ
ਪੀੜਤ ਪਰਿਵਾਰ ਅਨੁਸਾਰ ਅਮਰੂਦ ਤੋੜਨ ਤੋਂ ਗੁੱਸੇ 'ਚ ਭੜਕੇ ਜਸਵਿੰਦਰ ਸਿੰਘ ਤੇ ਉਸਦੀ ਪਤਨੀ ਨੇ ਨਾ ਸਿਰਫ਼ ਉਨ੍ਹਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸਗੋਂ ਸ਼ਿਕਾਇਤ ਲੈ ਕੇ ਗਈ ਗੀਤਾ ਦੇਵੀ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ ਤੇ ਮੁਆਫ਼ੀ ਮੰਗਣ ਦੀ ਬਜਾਏ ਉਸਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ। ਇਸ ਮੌਕੇ ਬੱਚੇ ਮਨਜੋਤ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਾਮ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਸ ਨੇ ਆਪਣੇ ਬੱਚੇ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਬਾਅਦ ਵਿਚ ਗੰਭੀਰ ਹਾਲਤ ਨੂੰ ਦੇਖਦੇ ਹੋਏ ਗੁਰਜੋਤ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦਾ ਲਗਭਗ ਚਾਰ ਦਿਨ ਇਲਾਜ ਚੱਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਗੁਰੂ ਘਰ ਵਿਚ ਹੈਰਾਨ ਕਰਨ ਵਾਲੀ ਘਟਨਾ, ਗ੍ਰੰਥੀ ਸਿੰਘ ਨੇ ਕੀਤਾ ਕਾਰਾ
ਇਨਸਾਫ਼ ਲਈ ਥਾਣੇ ਅੱਗੇ ਧਰਨੇ 'ਤੇ ਬੈਠਣ ਦੀ ਚੇਤਾਵਨੀ
ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਸ ਨੇ ਹੁਣ ਤੱਕ ਮਾਮਲੇ ਵਿਚ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਹੈ। ਪਿਤਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਗੁਰਜੋਤ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਥਾਣੇ ਸਾਹਮਣੇ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਗੇ। ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਾਮਲੇ ਸਬੰਧੀ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਪੰਚਾਇਤ ਵਿਚ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸਰਪੰਚ ਨੂੰ ਉਨ੍ਹਾਂ ਦੇ ਘਰ ਆ ਕੇ ਗੱਲ ਕਰਨੀ ਪਵੇਗੀ। ਦੂਜੇ ਪਾਸੇ, ਬੱਚੇ ਨੂੰ ਕੁੱਟਣ ਤੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉਕਤ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਬਾਅਦ ਵਿਚ ਫੋਨ 'ਤੇ ਗੱਲਬਾਤ ਕਰਦਿਆਂ ਉਸਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜਿੱਥੋਂ ਬੱਚਾ ਅਮਰੂਦ ਤੋੜ ਰਿਹਾ ਸੀ ਉਸ ਕੰਧ ਉਪਰੋਂ ਬਿਜਲੀ ਦੀ ਤਾਰ ਜਾਂਦੀ ਹੈ ਜਦੋਂ ਉਸਨੂੰ ਰੋਕਿਆ ਗਿਆ ਤਾਂ ਗੁਰਜੋਤ ਨੇ ਉਨ੍ਹਾਂ ਦੀਆਂ ਧੀਆਂ ਨੂੰ ਅਪਸ਼ਬਦ ਬੋਲੇ ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ। ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਰੁੱਧ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਉਨ੍ਹਾਂ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ: ਥਾਣਾ ਇੰਚਾਰਜ
ਉਧਰ ਭਵਾਨੀਗੜ੍ਹ ਥਾਣੇ ਦੇ ਇੰਚਾਰਜ ਅਵਤਾਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਅਨੁਸਾਰ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।