ਪੰਜਾਬ ਦੇ ਇਸ ਇਲਾਕੇ ''ਚ ਪੈਰ ਪਸਾਰਦਾ ਜਾ ਰਿਹੈ ਦੇਹ ਵਪਾਰ ਦਾ ''ਗੰਦਾ'' ਧੰਦਾ! ਹੋਟਲਾਂ ਦੇ ਅੰਦਰ...
Monday, Jul 28, 2025 - 12:22 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਕਲੱਬ ਦੇ ਮਾਰਨਿੰਗ ਟੇਬਲ 'ਤੇ ਅੱਜ ਇਕ ਵਾਰ ਫਿਰ ਸ਼ਹਿਰ ਵਿਚ ਤੇਜ਼ੀ ਨਾਲ ਫੈਲ ਰਹੇ ਹੋਟਲ ਕਾਰੋਬਾਰ 'ਤੇ ਗੰਭੀਰ ਚਰਚਾ ਹੋਈ। ਸਥਾਨਕ ਲੋਕਾਂ ਨੇ ਚਿੰਤਾ ਪ੍ਰਗਟਾਈ ਕਿ ਕਿਵੇਂ ਸ਼ਹਿਰ ਵਿਚ ਬਿਨਾਂ ਕਿਸੇ ਵੱਡੀ ਉਦਯੋਗਿਕ ਜਾਂ ਵਪਾਰਕ ਲੋੜ ਦੇ ਹੋਟਲ ‘ਅਮਰਬੇਲ’ ਵਾਂਗ ਉੱਗ ਰਹੇ ਹਨ ਅਤੇ ਇਨ੍ਹਾਂ ’ਚੋਂ ਕਈਆਂ ’ਚ ਕਥਿਤ ਤੌਰ 'ਤੇ ਦੇਹ ਵਪਾਰ ਵਰਗੀਆਂ ਗਲਤ ਸਰਗਰਮੀਆਂ ਚੱਲ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਬਰਨਾਲਾ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਸੀ, ਜਿਸ ’ਚ 11 ਹੋਟਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਹੋਟਲ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ ਅਤੇ ਕਈਆਂ 'ਤੇ ਗੰਭੀਰ ਦੋਸ਼ ਲੱਗੇ ਸਨ ਕਿ ਇਨ੍ਹਾਂ ਦੀ ਵਰਤੋਂ ਦੇਹ ਵਪਾਰ ਵਰਗੇ ਅਪਰਾਧਾਂ ’ਚ ਹੋ ਰਹੀ ਸੀ।
ਪ੍ਰਸ਼ਾਸਨ ਦੀ ਪਿਛਲੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ
ਮਾਰਨਿੰਗ ਟੇਬਲ ਦੇ ਮੈਂਬਰ ਮੱਖਣ ਸ਼ਰਮਾ, ਰਾਜੀਵ ਲੋਚਨ ਮਿੱਠਾ, ਸੁਖਦੇਵ ਲੁਟਾਵਾ, ਅਜੈ ਮਿੱਤਲ ਪੱਪੂ, ਗਗਨ ਸੋਹਲ, ਉਮੇਸ਼ ਬਾਂਸਲ, ਰਾਜੀਵ ਜੈਨ, ਪਿਆਰਾ ਲਾਲ ਰਾਏਸਰਿਆ, ਬਿੱਟੂ ਜੇ.ਈ., ਸੰਜੇ ਕੁਮਾਰ, ਕੁਲਤਾਰ ਤਾਰੀ ਅਤੇ ਹੋਰ ਮੈਂਬਰਾਂ ਨੇ ਪ੍ਰਸ਼ਾਸਨ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਇੰਨੇ ਸਾਲਾਂ ਤੱਕ ਪ੍ਰਸ਼ਾਸਨ ਨੇ ਇਨ੍ਹਾਂ ਹੋਟਲਾਂ 'ਤੇ ਕੋਈ ਗੰਭੀਰ ਨਿਗਰਾਨੀ ਕਿਉਂ ਨਹੀਂ ਰੱਖੀ। ਜੇਕਰ ਸਥਾਨਕ ਨਾਗਰਿਕਾਂ ਨੇ ਆਵਾਜ਼ ਨਾ ਉਠਾਈ ਹੁੰਦੀ, ਤਾਂ ਸ਼ਾਇਦ ਹੁਣ ਵੀ ਕੋਈ ਕਾਰਵਾਈ ਨਾ ਹੁੰਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ
ਉਨ੍ਹਾਂ ਕਿਹਾ ਕਿ ਬਰਨਾਲਾ ਕੋਈ ਵੱਡਾ ਉਦਯੋਗਿਕ ਜਾਂ ਸੈਰ-ਸਪਾਟਾ ਕੇਂਦਰ ਨਹੀਂ ਹੈ, ਫਿਰ ਵੀ ਹੋਰਨਾਂ ਸੂਬਿਆਂ ਦੇ ਲੋਕ ਇਥੇ ਵੱਡੀ ਗਿਣਤੀ ਵਿਚ ਹੋਟਲ ਖੋਲ੍ਹ ਰਹੇ ਹਨ, ਜੋ ਆਪਣੇ-ਆਪ ਵਿਚ ਹੀ ਕਈ ਸਵਾਲ ਖੜ੍ਹੇ ਕਰਦਾ ਹੈ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਹੋਟਲਾਂ ਦੀ ਆੜ ਵਿਚ ਕੋਈ ਵੱਡਾ ਗੋਰਖਧੰਦਾ ਲੁਕਿਆ ਹੋਇਆ ਹੈ, ਜਿਸ ’ਚ ਦੇਹ ਵਪਾਰ ਦੇ ਦੋਸ਼ਾਂ ਦੀ ਸੰਭਾਵਨਾ ਨੂੰ ਹੁਲਾਰਾ ਮਿਲਦਾ ਹੈ।
ਪ੍ਰਸ਼ਾਸਨ ਨੂੰ ਚਾਹੀਦੀ ਸਖ਼ਤ ਕਾਰਵਾਈ
ਮੈਂਬਰਾਂ ਨੇ ਕਿਹਾ ਕਿ ਇਕ ਪਾਸੇ ਤਾਂ 11 ਹੋਟਲ ਬੰਦ ਕੀਤੇ ਗਏ ਹਨ, ਪਰ ਹੁਣ ਲੋੜ ਹੈ ਕਿ ਬਾਕੀ ਹੋਟਲਾਂ ਦੀ ਵੀ ਡੁੰਗਾਈ ਨਾਲ ਜਾਂਚ ਕੀਤੀ ਜਾਵੇ। ਜੇਕਰ ਪ੍ਰਸ਼ਾਸਨ ਹੁਣ ਵੀ ਸੁਚੇਤ ਨਾ ਹੋਇਆ ਤਾਂ ਸ਼ਹਿਰ ਦਾ ਸਮਾਜਿਕ ਤਾਣਾ-ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਮੱਖਣ ਸ਼ਰਮਾ ਨੇ ਤਾਂ ਇਹ ਤੱਕ ਕਿਹਾ ਕਿ ਬੱਸ ਸਟੈਂਡ ਦੇ ਨੇੜੇ ਸਥਿਤ ਕੁਝ ਹੋਟਲਾਂ ’ਚ ਵੀ ਪੁਲਸ ਨੂੰ ਵਿਸ਼ੇਸ਼ ਨਿਗਰਾਨੀ ਅਤੇ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਸ਼ਹਿਰ ’ਚ ਚੱਲ ਰਹੀਆਂ ਸ਼ੱਕੀ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ।
‘ਦੇਰ ਆਏ, ਦਰੁਸਤ ਆਏ’ ਦੀ ਨੀਤੀ ਹੁਣ ਹੋਰ ਨਹੀਂ ਚੱਲੇਗੀ
ਮੈਂਬਰਾਂ ਨੇ ਕਿਹਾ ਕਿ ‘ਦੇਰ ਆਏ, ਦਰੁਸਤ ਆਏ’ ਦੀ ਨੀਤੀ ਹੁਣ ਕਾਫ਼ੀ ਨਹੀਂ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦਿਆਂ ਹੋਰ ਵੀ ਸਖ਼ਤ ਕਦਮ ਚੁੱਕੇ। ਉਨ੍ਹਾਂ ਨੂੰ ਨਾ ਸਿਰਫ਼ ਹੋਟਲਾਂ ਦੇ ਲਾਇਸੈਂਸ, ਦਸਤਾਵੇਜ਼ ਅਤੇ ਸੰਚਾਲਨ ਦੀਆਂ ਸਥਿਤੀਆਂ ਦੀ ਜਾਂਚ ਕਰਨੀ ਚਾਹੀਦੀ ਹੈ, ਸਗੋਂ ਇਹ ਵੀ ਦੇਖਣਾ ਚਾਹੀਦਾ ਹੈ ਕਿ ਕੀ ਇਨ੍ਹਾਂ ਹੋਟਲਾਂ ਦਾ ਸੰਚਾਲਨ ਜਾਇਜ਼ ਮੰਤਵਾਂ ਲਈ ਕੀਤਾ ਜਾ ਰਿਹਾ ਹੈ।
ਇਸ ਮੁੱਦੇ ’ਤੇ ਪੂਰੀ ਪਾਰਦਰਸ਼ਤਾ ਤੇ ਸਖ਼ਤੀ ਵਰਤੇ ਪ੍ਰਸ਼ਾਸਨ
ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸ਼ਹਿਰ ਵਾਸੀਆਂ ਦਾ ਪ੍ਰਸ਼ਾਸਨ ਵਿਚ ਵਿਸ਼ਵਾਸ ਉਦੋਂ ਹੀ ਬਣਿਆ ਰਹੇਗਾ, ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ ਦੀ ਰੱਖਿਆ ਲਈ ਨਿਰਪੱਖ ਅਤੇ ਸਖ਼ਤ ਕਾਰਵਾਈ ਕਰ ਰਿਹਾ ਹੈ। ਗਗਨ ਸੋਹਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਸਾਰੇ ਹੋਟਲਾਂ ਦੇ ਰਿਕਾਰਡ ਦੀ ਜਨਤਕ ਜਾਂਚ ਰਿਪੋਰਟ ਸਾਹਮਣੇ ਲਿਆਂਦੀ ਜਾਵੇ, ਤਾਂ ਜੋ ਆਮ ਨਾਗਰਿਕ ਇਹ ਜਾਣ ਸਕਣ ਕਿ ਸ਼ਹਿਰ ਵਿਚ ਕੀ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ੈਲ ਰਿਹੈ ਵਾਇਰਸ! 6 ਜ਼ਿਲ੍ਹਿਆਂ 'ਚ ਪਈ ਮਾਰ, ਤੁਸੀਂ ਵੀ ਹੋ ਜਾਓ ਸਾਵਧਾਨ
ਬਰਨਾਲਾ ਸ਼ਹਿਰ ਵਿਚ ਤੇਜ਼ੀ ਨਾਲ ਪਨਪਦੇ ਹੋਟਲਾਂ ਅਤੇ ਉਨ੍ਹਾਂ ਵਿਚ ਸੰਭਾਵਿਤ ਗਲਤ ਸਰਗਰਮੀਆਂ ਨੂੰ ਲੈ ਕੇ ਉੱਠੀ ਚਿੰਤਾ ਹੁਣ ਗੰਭੀਰ ਰੂਪ ਲੈ ਚੁੱਕੀ ਹੈ। ਸ਼ਹਿਰ ਵਾਸੀਆਂ ਦੀ ਸੁਚੇਤਤਾ ਅਤੇ ਮਾਰਨਿੰਗ ਟੇਬਲ ਦੀ ਆਵਾਜ਼ ਨੇ ਪ੍ਰਸ਼ਾਸਨ ਨੂੰ ਕਾਰਵਾਈ ਲਈ ਮਜਬੂਰ ਕੀਤਾ ਹੈ ਪਰ ਇਹ ਸਿਰਫ਼ ਸ਼ੁਰੂਆਤ ਹੈ। ਹੁਣ ਜ਼ਰੂਰੀ ਹੈ ਕਿ ਪ੍ਰਸ਼ਾਸਨ ਇਸ ਮੁੱਦੇ 'ਤੇ ਪੂਰੀ ਪਾਰਦਰਸ਼ਤਾ ਅਤੇ ਸਖ਼ਤੀ ਵਰਤੇ, ਤਾਂ ਜੋ ਬਰਨਾਲਾ ਦਾ ਅਕਸ ਖਰਾਬ ਨਾ ਹੋਵੇ ਅਤੇ ਸ਼ਹਿਰ ਵਾਸੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8