ਸਵੇਰ ਦੀ ਸੈਰ ''ਤੇ ਗਏ ਨੌਜਵਾਨ ਦੀ ਭਿਆਨਕ ਹਾਦਸੇ ''ਚ ਮੌਤ

Tuesday, Jul 29, 2025 - 04:35 PM (IST)

ਸਵੇਰ ਦੀ ਸੈਰ ''ਤੇ ਗਏ ਨੌਜਵਾਨ ਦੀ ਭਿਆਨਕ ਹਾਦਸੇ ''ਚ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਮੰਗਲਵਾਰ ਸਵੇਰੇ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਇੱਥੇ ਪੁਰਾਣੇ ਬੱਸ ਸਟੈਂਡ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ 26 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਰਾਏ ਪੁੱਤਰ ਬਹਾਦਰ ਕੁਮਾਰ ਵਜੋਂ ਹੋਈ ਹੈ ਜੋ ਸ਼ਹਿਰ ਦੀ ਗੱਤਾ ਫੈਕਟਰੀ ਨੇੜੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸਵੇਰ ਦੀ ਸੈਰ ਲਈ ਨਿਕਲੇ ਰਣਜੀਤ ਨੂੰ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ Dਤੇ ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਮੇਂ ਹਾਈਵੇਅ 'ਤੇ ਮੌਜੂਦ ਤਿੰਨ ਬੇਸਹਾਰਾ ਪਸ਼ੂ ਵੀ ਵਾਹਨ ਦੀ ਚਪੇਟ 'ਚ ਆ ਕੇ ਮਾਰੇ ਗਏ। ਹਾਦਸੇ ਤੋਂ ਬਾਅਦ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। 

ਘਟਨਾ ਸਬੰਧੀ ਵਾਰਡ ਨੰਬਰ 3 ਦੇ ਕੌਂਸਲਰ ਦੇ ਪਤੀ ਜਗਤਾਰ ਸਿੰਘ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਇੱਥੇ ਸਰਕਾਰੀ ਹਸਪਤਾਲ ਵਿਖੇ ਮੌਜੂਦ ਸਨ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਰਾਏ ਇੱਥੇ ਇਕ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਰਣਜੀਤ ਦਾ ਪਰਿਵਾਰ ਮੂਲ ਰੂਪ ਵਿਚ ਯੂ.ਪੀ ਨਾਲ ਸਬੰਧਤ ਹੈ ਜੋ ਪਿਛਲੇ ਲਗਭਗ 30 ਸਾਲਾਂ ਤੋਂ ਆਪਣੇ ਮਾਪਿਆਂ ਤੇ ਭੈਣ-ਭਰਾਵਾਂ ਨਾਲ ਇੱਥੇ ਰਹਿ ਰਿਹਾ ਸੀ। ਰਣਜੀਤ ਸ਼ਾਦੀਸ਼ੁਦਾ ਤੇ ਇਕ 10 ਮਹੀਨੇ ਦੇ ਬੱਚੇ ਦਾ ਪਿਤਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਰਣਜੀਤ ਰੋਜ਼ਾਨਾ ਵਾਂਗ ਸਵੇਰ ਦੀ ਸੈਰ ਲਈ ਗਿਆ ਸੀ। ਦੂਜੇ ਪਾਸੇ, ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। 

ਉਧਰ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇਅ 'ਤੇ ਵਾਹਨਾਂ ਦੀ ਗਤੀ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕੇ ਜਾਣ ਅਤੇ ਹਾਦਸਿਆਂ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਦਿਆਂ ਹਾਈਵੇਅ 'ਤੇ ਘੁੰਮਦੇ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਛੱਡਣ ਲਈ ਮੁਹਿੰਮ ਵਿੱਢੀ ਜਾਵੇ ਅਤੇ ਨਾਲ ਹੀ ਰਾਤ ਨੂੰ ਹਾਈਵੇਅ 'ਤੇ ਲਗਾਈਆਂ ਲਾਈਟਾਂ ਪੱਕੇ ਤੌਰ 'ਤੇ ਚਾਲੂ ਕੀਤੀਆਂ ਜਾਣ।


author

Gurminder Singh

Content Editor

Related News