ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
05/28/2023 6:13:33 PM

ਪਟਿਆਲਾ (ਬਲਜਿੰਦਰ) : ਥਾਣਾ ਬਖਸ਼ੀਵਾਲ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਦੋ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਕੇਸ ’ਚ ਦੇਵ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਨਰਮਾਣਾ ਨੂੰ 630 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਐੱਸ. ਆਈ. ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਰੱਖੜਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਪਿੰਡ ਰੱਖੜਾ ਨੂੰ ਜਾਂਦੇ ਰਸਤੇ ’ਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਤਾਂ ਪੁਲਸ ਨੇ ਰੇਡ ਕਰਕੇ ਉਸ ਕੋਲੋਂ 630 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਕੇਸ ’ਚ ਬੇਅੰਤ ਕੌਰ ਪਤਨੀ ਵਿਕਰਮ ਸਿੰਘ ਵਾਸੀ ਪਿੰਡ ਕਲਿਆਣਾ ਥਾਣਾ ਬਖਸ਼ੀਵਾਲ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ. ਐੱਸ. ਆਈ. ਪਾਰਸ ਨਾਥ ਪੁਲਸ ਪਾਰਟੀ ਸਮੇਤ ਲਕਸ਼ਮੀ ਪੈਲਸ ਨਾਭਾ ਰੋਡ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਮਹਿਲਾ ਪਿੰਡ ਕਲਿਆਣ ਦੀ ਪੁਲੀ ਕੋਲ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਹੈ। ਪੁਲਸ ਨੇ ਰੇਡ ਕਰਕੇ ਉਸ ਕੋਲੋਂ ਸ਼ਰਾਬ ਦੀਆਂ 25 ਬੋਤਲਾਂ ਬਰਾਮਦ ਕੀਤੀਆਂ।