ਗੰਨ ਪੁਆਇੰਟ ’ਤੇ ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

Friday, Dec 26, 2025 - 01:56 PM (IST)

ਗੰਨ ਪੁਆਇੰਟ ’ਤੇ ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

ਮੋਹਾਲੀ (ਜੱਸੀ) : ਸ਼ਹਿਰ ’ਚ ਬੇਖੌਫ਼ ਲੁਟੇਰੇ ਲਗਾਤਾਰ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਸ ਨੇ ਦੋ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਤੇ ਕਰਨ ਕੁਮਾਰ ਦੋਵੇਂ ਵਾਸੀ ਗੋਬਿੰਦ ਨਗਰੀ ਮੁਹੱਲਾ (ਜਲਾਲਾਬਾਦ) ਵਜੋਂ ਹੋਈ ਹੈ। ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਥਾਣਾ ਸੋਹਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਤੇ ਪੁਲਸ ਚੌਕੀ ਸਨੇਟਾ ਇੰਚਾਰਜ ਐੱਸ. ਆਈ. ਬਰਮਾ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕਾਬੂ ਕਰਕੇ ਉਨ੍ਹਾਂ ਕੋਲੋਂ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪਿਸਤੌਲ ਦਿਖਾ ਕੇ ਜੋਮੈਟੋ ਬੁਆਏ ਤੋਂ ਖੋਇਆ ਸੀ ਮੋਟਰਸਾਈਕਲ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਇਸ ਸਬੰਧੀ ਅਮਿਤ ਕੁਮਾਰ ਵਾਸੀ ਜ਼ਿਲ੍ਹਾ ਸਹਾਰਨਪੁਰ ਯੂ. ਪੀ. (ਹਾਲ ਵਾਸੀ ਪਿੰਡ ਮਟੌਰ) ਨੇ ਪੁਲਸ ਸ਼ਿਕਾਇਤ ਦਿੱਤੀ ਸੀ ਕਿ ਉਹ ਜੋਮੈਟੋ ’ਚ ਕੰਮ ਕਰਦਾ ਹੈ। 23 ਦਸੰਬਰ ਰਾਤ ਨੂੰ ਉਹ ਮੋਟਰਸਾਈਕਲ ’ਤੇ ਬਰਗਰ ਕਿੰਗ ਲਾਂਡਰਾਂ ਤੋਂ ਆਰਡਰ ਲੈ ਕੇ ਸੈਕਟਰ-108 ਵਿਖੇ ਗਿਆ ਸੀ। ਉਹ ਜਦੋਂ ਆਰਡਰ ਦੇ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਰਾਏਪੁਰ ਕਲਾਂ ਬੱਸ ਅੱਡੇ ਕੋਲ ਮੋਟਰਸਾਈਕਲ ਸਵਾਰ ਨਾਮਾਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਪਿਸਤੌਲ ਤਾਣ ਦਿੱਤੀ ਅਤੇ ਉਸ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਕੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਪੁਲਸ ਨੇ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਅਰਸ਼ਦੀਪ ਸਿੰਘ ਤੇ ਕਰਨ ਕੁਮਾਰ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ।
 


author

Babita

Content Editor

Related News