''ਪੰਗੂੜਾ'' ਸਕੀਮ ਦੀ ਤਰ੍ਹਾਂ ਨਸ਼ੇ ਦੇ ਖਾਤਮੇ ਲਈ ਉੱਠੀ ਵੱਡੀ ਮੰਗ !
Friday, Dec 26, 2025 - 02:31 PM (IST)
ਅੰਮ੍ਰਿਤਸਰ (ਸੂਰੀ)- ਪਿਛਲੇ ਸਮੇਂ ਤੋਂ ਪੰਜਾਬ ਵਿਚ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਜਿਸ ਤਰ੍ਹਾਂ ਕਿਸੇ ਵਕਤ ਅੱਤਵਾਦੀਆਂ ਵੱਲੋਂ ਮਾਰੇ ਗਏ ਬੇਦੋਸ਼ੇ ਵਿਅਕਤੀਆਂ ਅਤੇ ਪੁਲਸ ਵੱਲੋਂ ਮਾਰੇ ਗਏ ਅੱਤਵਾਦੀ ਕਾਰਨ ਘਰਾਂ ਦੇ ਘਰ ਖਾਲੀ ਹੋ ਗਏ ਸਨ। ਅੱਜ ਉਸੇ ਤਰ੍ਹਾਂ ਨਸ਼ਿਆਂ (ਚਿੱਟੇ) ਕਾਰਨ ਵੀ ਨੌਜਵਾਨਾਂ ਤੋਂ ਘਰ ਵੀ ਸੱਖਣੇ ਹੁੰਦੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਲਈ ਵੱਡਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਦੋਂ ਕੋਈ ਵੀ ਚੀਜ਼ ਆਪਣੀ ਹੱਦ ਪਾਰ ਕਰ ਜਾਂਦੀ ਹੈ ਤਾਂ ਸਰਕਾਰ ਉਸ ਨੂੰ ਖਤਮ ਕਰਨ ਜਾਂ ਠੱਲ ਪਾਉਣ ਦੀ ਨੀਅਤ ਨਾਲ ਯੋਗ ਉਪਰਾਲੇ ਕਰਦੀ ਹੈ। ਪੰਜਾਬ ਸਮੇਤ ਅੰਮ੍ਰਿਤਸਰ ਵਿਚ ਭਰੂਣ ਹੱਤਿਆ ਦੇ ਵਧਦੇ ਕਦਮਾਂ ਨੂੰ ਰੋਕਣ ਲਈ 2008 ਵਿਚ ਪੰਗੂੜਾ ਸਕੀਮ ਸ਼ੁਰੂ ਕੀਤੀ, ਜਿਸ ਦੇ ਸਾਰਥਿਕ ਨਤੀਜੇ ਨਿਕਲੇ। ਅੱਜ ਉਹੀ ਅੰਮ੍ਰਿਤਸਰ ਦੀ ਪੰਗੂੜਾ ਸਕੀਮ ਤਕਰੀਬਨ 200 ਬੱਚਿਆਂ ਨੂੰ ਬਚਾ ਕੇ ਸੈਂਕੜੇ ਹੀ ਲੋੜਵੰਦ ਘਰਾਂ ਨੂੰ ਉਹ ਬੱਚੇ ਦੇ ਕੇ ਕਈ ਘਰਾਂ ’ਚ ਕਿਲਕਾਰੀਆਂ ਦੀ ਗੂੰਜ ਲਿਆ ਚੁੱਕੀ ਹੈ, ਜਿਸ ਤਰ੍ਹਾਂ ਤਕਰੀਬਨ ਸਾਢੇ 3 ਦਹਾਕੇ ਬਾਅਦ ਵੀ ਪੁਲਸ ਅੱਤਵਾਦੀਆਂ ਦੇ ਪਰਿਵਾਰਾਂ ਬਾਰੇ ਪੂਰੀ ਪੂਰੀ ਨਜ਼ਰ ਰੱਖਦੀ ਹੈ, ਉਸੇ ਤਰ੍ਹਾਂ ਨਸ਼ੇ ਦੇ ਸੌਦਾਗਰਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ’ਤੇ ਵੀ ਸਖਤੀ ਨਾਲ ਨਜ਼ਰ ਰੱਖੇ ਕਿ ਹੁਣ ਇਹ ਨਸ਼ੇ ਦੇ ਸੌਦਾਗਰ ਕੀ ਕੰਮ ਕਰ ਰਹੇ ਹਨ। ਹੋ ਸਕੇ ਤਾਂ ਅੱਤਵਾਦੀਆਂ ਦੀ ਤਰ੍ਹਾਂ ਇਨ੍ਹਾਂ ਨਾਲ ਬੇਰਹਿਮੀ ਨਾਲ ਪੇਸ਼ ਆਇਆ ਜਾਵੇ, ਜਿਸ ਨਾਲ ਇਨ੍ਹਾਂ ਦਾ ਸਮਾਜ ’ਚ ਰੁਤਬਾ ਖਰਾਬ ਹੋਵੇ। ਚੰਗੀ ਪੱਤਰਕਾਰੀ ਹਮੇਸ਼ਾ ਹੀ ਸਮਾਜ ਨੂੰ ਚੰਗੀ ਸੇਧ ਦਿੰਦੀ ਹੈ, ਚੰਗੇ ਅਕਸ ਵਾਲੇ ਅਫਸਰ ਲੋਕ ਕਹਿੰਦੇ ਹਨ ਕਿ ਜੇਕਰ ਮੀਡੀਆ ਨਾ ਹੋਵੇ ਤਾਂ ਕਿਸੇ ਦੀ ਸੁਣਵਾਈ ਵੀ ਨਾ ਹੋਵੇ ਅਤੇ ਸਮਾਜ ਦੀਆਂ ਬੁਰਾਈਆਂ ਵੱਲ ਕਿਸੇ ਦਾ ਧਿਆਨ ਵੀ ਨਾ ਜਾਵੇ ਅਤੇ ਜਨਤਾ ਦੀ ਸੁਣੇ ਵੀ ਕੋਈ ਨਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਨਸ਼ਾ ਖਤਮ ਕਰਨ ਲਈ ਜ਼ਰੂਰੀ ਸੁਝਾਅ
–ਜਿਸ ਤਰ੍ਹਾਂ ਨਵਜਾਤ ਬੱਚਿਆਂ ਨੂੰ ਖਾਸ ਕਰ ਕੇ ਧੀਆਂ ਨੂੰ ਬਚਾਉਣ ਦੇ ਉਦੇਸ਼ ਲਈ ਭੰਗੂੜਾ ਸਕੀਮ ਸ਼ੁਰੂ ਕੀਤੀ ਗਈ ਹੈ, ਉਸੇ ਤਰ੍ਹਾ ਨਸ਼ੇ ਦੇ ਸੌਦਾਗਰਾਂ ਬਾਰੇ ਜਾਣਕਾਰੀ ਦੇਣ ਲਈ ਬਾਕਸ ਸਿਸਟਮ ਸ਼ੁਰੂ ਕੀਤੀ ਜਾਵੇ, ਜੋ ਕਿ ਸਿਰਫ ਡੀ. ਸੀ. ਦੀ ਹਾਜ਼ਰੀ ’ਚ ਖੁੱਲ੍ਹਣ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
-ਇਹ ਬਾਕਸ ਡੀ. ਸੀ. ਦਫਤਰ, ਪੁਲਸ ਕਮਿਸ਼ਨਰ ਦਫਤਰ, ਸਾਰੇ ਏ. ਸੀ. ਪੀ. ਦਫਤਰ, ਸਾਰੇ ਥਾਣਿਆਂ ਅਤੇ ਸ਼ਹਿਰ ਦੀਆਂ ਕੁਝ ਪ੍ਰਮੁੱਖ ਜਗ੍ਹਾ ’ਤੇ ਲੱਗਣ ਅਤੇ ਜਿਸ ਵਿਚ ਕੋਈ ਵੀ ਵਿਅਕਤੀ ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਨੂੰ ਵਰਤਣ ਵਾਲੇ ਵਿਅਕਤੀ ਦਾ ਨਾਮ ਪਤਾ ਲਿਖ ਕੇ ਪਾ ਜਾਵੇ, ਪਰ ਜਾਣਕਾਰੀ ਲਿਖ ਕੇ ਪਾਉਣ ਵਾਲੇ ਨੂੰ ਨਾ ਤਾਂ ਕੋਈ ਸਵਾਲ ਹੋਵੇ ਅਤੇ ਨਾ ਹੀ ਉਸ ਦਾ ਧਿਆਨ ਰੱਖਿਆ ਜਾਵੇ।
-ਫਰਕ ਸਿਰਫ ਇੰਨਾਂ ਹੋਵੇਗਾ ਕਿ ਭੰਗੂੜਾ ਸਕੀਮ ’ਚ ਲੋਕ ਆਪਣੇ ਬੇਲੋੜੇ ਬੱਚੇ ਰੱਖ ਜਾਂਦੇ ਹਨ ਅਤੇ ਇਸ ਲੱਗੇ ਬਾਕਸ ’ਚ ਲੋਕ ਨਸ਼ੇ ਦੇ ਸੌਦਾਗਰਾਂ ਦਾ ਨਾਮ ਪਤਾ ਲਿਖ ਕੇ (ਆਪਣਾ ਨਾਮ ਪਤਾ ਐਡਰੈਸ ਬਿਨਾ ਲਿਖੇ ਤੋਂ) ਬਾਕਸ ’ਚ ਪਾਉਣਗੇ।
-ਜਿੰਨੇ ਵੀ ਨਸ਼ੇ ਦੇ ਸੌਦਾਗਰਾਂ ਦਾ ਥਾਣਿਆਂ ਜਾਂ ਪੁਲਸ ਚੌਕੀਆਂ ਆਦਿ ’ਚ ਰਿਕਾਰਡ ਹੈ, ਉਨ੍ਹਾਂ ਉਪਰ ਸਖ਼ਤੀ ਨਾਲ ਨਜ਼ਰ ਰੱਖੀ ਜਾਵੇ। ਜਦੋਂ ਦੀ ਪੰਜਾਬ ਸਰਕਾਰ ਨੇ ਨਸ਼ੇ ਉਪਰ ਕੁਝ ਸਖ਼ਤੀ ਕੀਤੀ ਹੈ, ਨਸ਼ੇ ਦਾ ਧੰਦਾ ਕਰਨ ਵਾਲੇ, ਸੌਦਾਗਰ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹਨ, ਜਿਸ ਦੀ ਪੁਲਸ ਨੂੰ ਸਖਤੀ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀਆਂ ਤਿੰਨ ਔਰਤਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਰੱਚਿਆ ਇਤਿਹਾਸ, ਮਾਂ, ਧੀ ਅਤੇ ਸੱਸ ਨੂੰ ਮਿਲਿਆ ਤਾਜ
ਲੋਕ ਕਿਉਂ ਨਹੀਂ ਦਿੰਦੇ ਨਸ਼ੇ ਦੇ ਸੌਦਾਗਰ ਦੀ ਜਾਣਕਾਰੀ
ਸਮਾਜ ’ਚ ਵਿਚਰਨ ਵਾਲੇ ਤਕਰੀਬਨ ਹਰੇਕ ਮਨੁੱਖ ਨੂੰ 5-7 ਨਸ਼ੇ ਦੇ ਸੌਦਾਗਰਾਂ ਦਾ ਪਤਾ ਜ਼ਰੂਰ ਹੁੰਦਾ ਹੈ, ਪਰ ਉਹ ਕਿਸੇ ਲੜਾਈ ਝਗੜੇ ਵਿਚ ਪੈ ਕੇ ਆਪਣਾ ਅਤੇ ਆਪਣੇ ਪਰਿਵਾਰ ਲਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਇਸ ਲਈ ਉਹ ਕਿਸੇ ਨਸ਼ੇ ਦੇ ਸੌਦਾਗਰ ਦੀ ਸ਼ਿਕਾਇਤ ਕਿਸੇ ਕੋਲ ਵੀ ਨਹੀਂ ਕਰਦਾ। ਅਕਸਰ ਵੇਖਣ ’ਚ ਆਇਆ ਹੈ ਕਿ ਨਸ਼ੇ ਦੇ ਸੌਦਾਗਰਾਂ ਦੀ ਪਹੁੰਚ ਵੱਡੇ ਅਫਸਰਾਂ, ਸਿਆਸੀ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਤੱਕ ਹੁੰਦੀ ਹੈ। ਸਰਕਾਰ ਬੇਸ਼ੱਕ ਕਹਿੰਦੀ ਹੈ ਕਿ ਤੁਸੀਂ ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦਿਓ, ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ, ਪਰ ਇਹ ਸੱਚਾਈ ਹੈ ਕਿ ਨਾਮ ਪਤਾ ਗੁਪਤ ਰਹਿੰਦਾ ਨਹੀਂ ਹੈ।
ਨਸ਼ੇ ਦੇ ਵੱਡੇ-ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਵੇ : ਔਲਖ
ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਪਾਵਰਕਾਮ ਜਥੇਬੰਦੀ ਪੀ ਤੇ ਐੱਮ ਸਰਕਲ ਦੇ ਪ੍ਰਧਾਨ ਹਰਜੀਤ ਸਿੰਘ ਔਲਖ ਨੇ ਕਿਹਾ ਕਿ ਨਸ਼ੇ ਦੇ ਵੱਡੇ-ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਵੇ, ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਅਤੇ ਐਜੂਕੇਸ਼ਨ ਸਸਤੀ ਕਰ ਕੇ ਸਮਾਜ ਨੂੰ ਐਜੂਕੇਟ ਕੀਤਾ ਜਾਵੇ। ਨੌਜਵਾਨਾਂ ਨੂੰ ਚੰਗੇ ਕੰਮਾਂ ਵਿਚ ਬਿਜੀ ਹੀ ਇਨ੍ਹਾਂ ਕਰ ਦਿਓ ਕਿ ਉਨ੍ਹਾਂ ਕੋਲ ਇਨ੍ਹਾਂ ਸਮਾਜ ਵਿਰੋਧੀ ਗਲਤ ਕੰਮਾਂ ਲਈ ਸਮਾਂ ਹੀ ਨਾ ਮਿਲੇ, ਉਹ ਆਪਣੇ ਹੱਸਦੇ ਵੱਸਦੇ ਪਰਿਵਾਰ ਲਈ ਬਿਜੀ ਰਹਿਣ।
ਬੂਥ ਵਾਇਜ਼ ਕਮੇਟੀਆਂ ਬਣਾਉਣ ਦੀ ਲੋੜ : ਗੁੰਮਟਾਲਾ
ਮਨਜੀਤ ਸਿੰਘ (ਉਰਫ) ਹਰਮਨ ਗੁੰਮਟਾਲਾ ਨੇ ਕਿਹਾ ਕਿ ਪਿੰਡਾਂ ਵਿਚ 5-5 ਪਿੰਡਾਂ ਦੇ ਪੰਚਾਇਤਾਂ ਅਤੇ ਸ਼ਹਿਰੀ ਇਲਾਕਿਆਂ ਵਾਰਡਾਂ ਦੀਆਂ ਬੂਥ ਵਾਈਜ਼ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ, ਜੋ ਕਿ ਆਪਣੇ ਏਰੀਏ ’ਚ ਆਉਂਦੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰੀਆਂ ਆਦਤਾਂ ਦੇ ਪ੍ਰਭਾਵ ਤੋਂ ਜਾਣੂ ਕਰਵਾਉਣ। ਇਸ ਵਿੱਚ ਪੁਲਸ ਅਤੇ ਬੂਥ ਵਾਈਜ਼ ਕਮੇਟੀਆਂ ਸਾਂਝੇ ਤੌਰ ’ਤੇ ਕੰਮ ਕਰਨ, ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਸਮਝਾ ਕੇ ਨਸ਼ੇ ਦੀਆਂ ਬੁਰਿਆਈਆਂ ਤੋਂ ਜਾਣੂ ਕਰਵਾ ਕੇ ਨਸ਼ਾ ਛੁਡਾਓ ਕੇਦਰਾਂ ’ਚ ਦਾਖਲ ਕਰਵਾਉਣ।
ਪੰਜਾਬ ਨੂੰ ਬਚਾਉਣ ਲਈ ਪੋਸਤ ਦੇ ਠੇਕੇ ਖੁੱਲ੍ਹਣੇ ਚਾਹੀਦੇ : ਬਾਬਾ ਕਿੰਦਰ
ਉਘੇ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਬਾਬਾ ਕਿੰਦਰ ਨੇ ਦੱਸਿਆ ਕਿ ਇਸ ਵਕਤ ਚਿੱਟਾ, ਟੀਕੇ ਸਮੇਤ ਹਰੇਕ ਤਰ੍ਹਾਂ ਦਾ ਨਸ਼ਾ ਬਹੁਤ ਹੀ ਅਸਾਨੀ ਨਾਲ ਪਿੰਡ ਗੁੰਮਟਾਲਾ ’ਚੋਂ ਮਿਲ ਜਾਂਦਾ ਹੈ। ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਲਈ ਅਤੇ ਪੰਜਾਬ ਨੂੰ ਬਚਾਉਣ ਲਈ ਪੋਸਤ ਦੇ ਠੇਕੇ ਖੁੱਲ੍ਹਣੇ ਚਾਹੀਦੇ ਹਨ, ਖਸਖਸ, ਅਫੀਮ, ਪੋਸਤ ਖਾਣ ਵਾਲਾ ਬੰਦਾ ਸ਼ਰਾਬੀਆਂ ਦੀ ਤਰ੍ਹਾਂ ਕਿਸੇ ਧੀ-ਭੈਣ ਦੀ ਬਾਂਹ ਨਹੀਂ ਫੜ ਸਕਦਾ ਅਤੇ ਨਾ ਹੀ ਕਿਸੇ ਨਾਲ ਠੱਠਾ ਮਜ਼ਾਕ ਕਰ ਸਕਦਾ ਹੈ। ਉਹ ਕਦੇ ਨਾਲੀਆਂ ’ਚ ਨਹੀ ਰੁਲਦਾ, ਉਹ ਆਰਾਮ ਨਾਲ ਆਪਣੀ ਦਿਹਾੜੀ ’ਤੇ ਜਾਏਗਾ।
ਨਸ਼ਾ ਕੰਟਰੋਲ ਹੋ ਸਕਦੈ, ਖਤਮ ਨਹੀਂ : ਮੁਲਤਾਨੀ
ਰਿਟਾਇਰਡ ਸਿਵਲ ਸਰਜਨ ਰਿਟਾਇਰਡ ਸਿਵਲ ਸਰਜਨ ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਸ਼ਾ ਕੰਟਰੋਲ ਹੋ ਸਕਦਾ ਹੈ ਖਤਮ ਨਹੀਂ, ਉਹ ਵੀ ਤਾਂ ਜੇਕਰ ਸਰਕਾਰ, ਪੁਲਸ ਮਹਿਕਮਾ, ਸਿਹਤ ਮਹਿਕਮਾ ਪੂਰੀ ਇਮਾਨਦਾਰੀ ਨਾਲ ਸਾਥ ਦੇਣ। ਸਿਹਤ ਮਹਿਕਮੇ ਨੂੰ ਅੱਗੇ ਲਾਓ, ਹਰ ਜਿਲ੍ਹੇ ਦੀ ਟੀਮ ਨਾਲ ਪੁਲਸ ਹੋਵੇ, ਜੋ ਕਿ ਸਿਹਤ ਮਹਿਕਮੇ ਥੱਲੇ ਕੰਮ ਕਰੇ। ਪਹਿਲਾਂ ਸਿਹਤ ਮਹਿਕਮਾ ਸਰਵੇ ਕਰੇ ਕਿ ਲੋਕ ਨਸ਼ਾ ਕਿਹੜਾ ਅਤੇ ਕਿਉਂ ਕਰਦੇ ਹਨ ਅਤੇ ਜਿਹੜਾ ਵੀ ਵਿਅਕਤੀ ਨਸ਼ਾ ਛੱਡੇ ਉਸ ਨੂੰ ਸਰਕਾਰੀ ਜਾਂ ਪ੍ਰਾਈਵੇਟ ਕੰਮ ’ਤੇ ਲਾਇਆ ਜਾਵੇ। ਨਸ਼ੇ ਦੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ’ਤੇ ਸਖਤੀ ਕਰ ਕੇ ਜੇਲ ਭੇਜਿਆ ਜਾਵੇ, ਜਿਹੜਾ ਵਿਧਾਇਕ ਜਾਂ ਮੰਤਰੀ ਨਸ਼ਾ ਵੇਚਣ ਵਾਲਿਆਂ ਨੂੰ ਪ੍ਰਮੋਟ ਕਰਦਾ ਹੈ, ਉਸ ਦਾ ਬਾਈਕਾਟ ਕਰਕੇ ਉਸ ਦੀ ਟਿਕਟ ਕੱਟੀ ਜਾਵੇ।
