ਸਕੂਲੀ ਬੱਸ ਚੱਲੀ ਰਿਵਰਸ, ਰਾਹਗੀਰ ਨੇ ਬਚਾਏ 2 ਦਰਜਨ ਵਿਦਿਆਰਥੀ

12/14/2018 5:56:14 AM

ਲੁਧਿਆਣਾ, (ਵਿੱਕੀ)- ਭਾਮੀਆਂ ਰੋਡ ’ਚ ਪੈਂਦੀ ਗੁਰੂ ਨਾਨਕ ਕਾਲੋਨੀ ’ਚ ਅੱਜ ਉਸ ਸਮੇਂ ਭੱਜ-ਦੌਡ਼ ਦਾ ਮਾਹੌਲ ਬਣ ਗਿਆ, ਜਦ ਸੈਕਰਡ ਹਾਰਟ ਕਾਨਵੈਂਟ ਸਕੂਲ ਚੰਡੀਗਡ਼੍ਹ ਰੋਡ ਲਈ ਚੱਲਣ ਵਾਲੀ ਨਿੱਜੀ ਅਾਪਰੇਟਰ ਦੀ ਡਰਾਈਵਰ ਰਹਿਤ ਬੱਸ ਸਡ਼ਕ ’ਤੇ ਖਡ਼੍ਹੀ ਕਰਨ ਦੌਰਾਨ ਆਪ ਹੀ ਪਿੱਛੇ (ਰਿਵਰਸ) ਚੱਲ ਪਈ। ਜਦ ਇਹ ਘਟਨਾ ਵਾਪਰੀ ਉਸ ਸਮੇਂ ਬੱਸ ’ਚ ਲਗਭਗ 2 ਦਰਜਨ ਵਿਦਿਆਰਥੀ ਸਨ। ਜਿਨ੍ਹਾਂ ਬੱਸ ਨੂੰ ਪਿੱਛੇ ਜਾਂਦੇ ਦੇਖ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 2 ਵਿਦਿਆਰਥੀ ਬੱਸ ਤੋਂ ਹੇਠਾਂ ਆਏ ਅਤੇ ਬੱਸ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ। ਬੱਚਿਆਂ ਦਾ ਰੌਲਾ ਸੁਣ ਕੇ ਨੇਡ਼ੇ ਖਡ਼੍ਹੇ ਇਕ ਵਿਅਕਤੀ ਨੇ ਸੂਝ-ਬੂਝ ਨਾਲ ਬੱਸ ’ਚ ਦਾਖਲ ਹੋ ਕੇ ਪਿੱਛੇ ਵੱਲ ਜਾ ਰਹੀ ਬੱਸ ਦਾ ਗਿਅਰ ਪਾਇਆ ਅਤੇ ਉਸ ਨੂੰ ਬੰਦ ਕੀਤਾ। ਦੇਖਣ ਵਾਲਿਆਂ ਦੀ ਮੰਨੀਏ ਤਾਂ ਬੱਸ ਲਗਭਗ 200 ਮੀਟਰ ਤੱਕ ਰਿਵਰਸ ਗਈ। ਘਟਨਾ ਤੋਂ ਬਾਅਦ ਬੱਸ ’ਚ ਸਵਾਰ ਘਬਰਾਏ ਵਿਦਿਆਰਥੀਆਂ ਨੇ ਲੋਕਾਂ ਕੋਲੋਂ ਫੋਨ ਮੰਗ ਕੇ ਆਪਣੇ ਮਾਪਿਆਂ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾਇਆ। ਇਸ ਦੌਰਾਨ ਬੱਸ ਰੋਕਣ ਵਾਲੇ ਵਿਅਕਤੀ ਚੰਦਰ ਸ਼ੇਖਰ ਨੇ ਪੁਲਸ ਨੂੰ ਸੂਚਿਤ ਕੀਤਾ। ਮਾਮਲਾ ਪੁਲਸ ਕੋਲ ਪੁੱਜਣ ਤੋਂ ਬਾਅਦ ਪਤਾ ਲੱਗਾ ਕਿ ਬੱਸ ਦੇ ਦਸਤਾਵੇਜ਼ ਵੀ ਪੂਰੇ ਨਹੀਂ ਹਨ ਅਤੇ ਸਕੂਲ ਲਈ ਚੱਲਣ ਵਾਲੀ ਉਕਤ ਬੱਸ ਹਾਈ ਕੋਰਟ ਦੇ ਆਦੇਸ਼ਾਂ ’ਤੇ ਬਣੀ ਸੇਫ ਸਕੂਲ ਵਾਹਨ ਸਕੀਮ ਦੇ ਜ਼ਿਆਦਾਤਰ ਨਿਯਮਾਂ ਨੂੰ ਪੂਰਾ ਨਹੀਂ ਕਰ ਰਹੀ। ਘਟਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਬੱਸ ਨੂੰ ਥਾਣੇ ’ਚ ਬੰਦ ਕਰ ਦਿੱਤਾ ਹੈ। ਉਧਰ, ਮਾਪਿਆਂ ਨੇ ਵੀ ਉਕਤ ਮਾਮਲਾ ਸ਼ੁੱਕਰਵਾਰ ਨੂੰ ਸਕੂਲ ’ਚ ਚੁੱਕਣ ਦੀ ਤਿਆਰੀ ਕਰ ਲਈ ਹੈ।
ਬੱਸ ਦੀ ਨਹੀਂ ਲੱਗੀ ਹੈਂਡਬ੍ਰੇਕ : ਚੰਦਰ ਸ਼ੇਖਰ
 ਪੁਲਸ ਨੂੰ ਫੋਨ ’ਤੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਚੰਦਰ ਸ਼ੇਖਰ ਨੇ ਦੱਸਿਆ ਕਿ ਜਦ ਉਸ ਨੇ ਬੱਸ ਵਿਚ ਦਾਖਲ ਹੋ ਕੇ ਹੈਂਡਬ੍ਰੇਕ ਲਾਉਣੀ ਚਾਹੀ ਤਾਂ ਨਹੀਂ ਲੱਗ ਸਕੀ, ਜਿਸ  ਤੋਂ ਬਾਅਦ ਉਸ ਨੇ ਬੱਸ ਦਾ ਗਿਅਰ ਪਾ ਕੇ ਉਸ ਨੂੰ ਪਿੱਛੇ ਜਾਣ ਤੋਂ ਰੋਕਿਆ ਤੇ ਗਿਅਰ ’ਚ ਹੀ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਬੱਸ ’ਚ ਬੈਠੇ ਵਿਦਿਆਰਥੀਆਂ ਨੇ ਦੱਸਿਆ ਕਿ ਬੱਸ ’ਚ ਕੰਡਕਟਰ ਨਾ ਹੋਣ ਕਾਰਨ ਡਰਾਈਵਰ ਬੱਸ ਨੂੰ ਇਕ ਪਾਸੇ ਲਾ ਕੇ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਗਿਆ ਸੀ ਪਰ ਅਚਾਨਕ ਹੀ ਬੱਸ ਇਕਦਮ ਪਿੱਛੇ ਵੱਲ ਚੱਲਣ ਲੱਗੀ।
ਅੰਕਲ ਦੀ ਸੂਝ-ਬੂਝ ਨਾਲ ਹੋਇਆ ਬਚਾਅ: ਵਿਦਿਆਰਥਣ  
ਬੱਸ ’ਚ ਸਵਾਰ ਵਿਦਿਆਰਥਣ ਭੂਮਿਕਾ ਨੇ ਦੱਸਿਆ ਕਿ ਅਚਾਨਕ ਬੱਸ ਨੂੰ ਪਿੱਛੇ ਵੱਲ ਆਉਂਦੇ ਦੇਖ ਸਾਰੇ ਵਿਦਿਆਰਥੀ ਘਬਰਾ ਗਏ ਸਨ ਪਰ ਅੰਕਲ ਚੰਦਰ ਸ਼ੇਖਰ ਨੇ ਬੱਸ ’ਚ ਦਾਖਲ ਹੋ ਕੇ ਅਣਹੋਣੀ ਘਟਨਾ ਵਾਪਰਨ ਤੋਂ ਬਚਾਅ ਲਿਆ। ਮੌਕੇ ’ਤੇ ਆਏ ਮਾਪਿਆਂ ਨੇ ਦੱਸਿਆ ਕਿ ਬੱਸ ’ਚ ਕੋਈ ਕੰਡਕਟਰ ਦਾ ਨਾ ਹੋਣਾ ਸ਼ਰੇਆਮ ਨਿਯਮਾਂ ਦੀ ਉਲੰਘਣਾ ਹੈ। ਇਸ ਬਾਰੇ ਕੱਲ ਸਕੂਲ ਜਾ ਕੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਜਾਵੇਗੀ। 
 ਪੁਲਸ ਨੂੰ ਕੰਟਰੋਲ ਰੂਮ ’ਤੇ ਕਿਸੇ ਵਿਅਕਤੀ ਨੇ ਉਕਤ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਮੌਕੇ ’ਤੇ ਪੁੱਜ ਕੇ ਜਦ ਪੁਲਸ ਨੇ ਬੱਸ ਚਾਲਕ ਕੋਲੋਂ ਦਸਤਾਵੇਜ਼ ਮੰਗੇ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਕਾਰਨ ਬੱਸ ਨੂੰ ਨਿਯਮਾਂ ਦੀ ਉਲੰਘਣਾ  ਦੇ ਮਾਮਲੇ ’ਚ ਬੰਦ ਕੀਤਾ ਗਿਆ ਹੈ। 
–ਅਵਤਾਰ ਸਿੰਘ, ਥਾਣਾ ਇੰਚਾਰਜ, ਡਵੀਜ਼ਨ ਨੰ. 7
 ਸਕੂਲ ਨੇ ਪਹਿਲਾਂ ਵੀ ਟਰਾਂਸਪੋਰਟਰ ਵਿਭਾਗ ਨੂੰ ਲਿਖਿਆ ਹੈ ਕਿ ਕੁਝ ਬੱਸਾਂ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਪੂਰਾ ਨਹੀਂ ਕਰ ਰਹੀਆਂ। ਇਸ ਦੇ ਬਾਅਦ ਵਿਭਾਗ ਨੇ ਇਕ ਦਿਨ ਨਾਕਾਬੰਦੀ ਕੀਤੀ ਪਰ ਬਾਅਦ ਵਿਚ ਫਿਰ ਹਾਲਾਤ ਜਿਉਂ ਦੇ ਤਿਉਂ ਹਨ। ਬੱਚਿਆਂ ਦੀ ਸੁਰੱਖਿਆ ਸਾਡੀ ਪਹਿਲ ਹੈ ਅਤੇ ਹੁਣ ਫਿਰ ਉਕਤ ਮਾਮਲਾ ਆਰ. ਟੀ. ਏ. ਦੇ ਧਿਆਨ ’ਚ ਲਿਆਂਦਾ ਜਾਵੇਗਾ। 
–ਫਾਦਰ ਮੈਥਿਊ, ਡਾਇਰੈਕਟਰ, ਸੈਕਰਡ ਹਾਰਟ ਕਾਨਵੈਂਟ ਸਕੂਲ, ਚੰਡੀਗਡ਼੍ਹ ਰੋਡ


KamalJeet Singh

Content Editor

Related News