ਨਹੀਂ ਹੋ ਰਹੀ ਸਕੂਲੀ ਬੱਸਾਂ ਦੀ ਚੈਕਿੰਗ
Friday, Nov 23, 2018 - 01:06 AM (IST)
ਤਪਾ ਮੰਡੀ, (ਢੀਂਗਰਾ)- ਪਿਛਲੇ ਲੰਬੇ ਸਮੇਂ ਤੋਂ ਜ਼ਿਲਾ ਪ੍ਰਸ਼ਾਸਨ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ ਨਾ ਹੋਣ ਕਾਰਨ ਇਥੋ ਦੇ ਕੁਝ ਸਕੂਲ ਮਾਲਕਾਂ ਨੂੰ ਬੱਸਾਂ ਦੀ ਸਾਂਭ-ਸੰਭਾਲ ਪ੍ਰਤੀ ਬੇਫਿਕਰ ਕਰ ਦਿੱਤਾ ਹੈ। ਹੁਣ ਇਹ ਸਕੂਲੀ ਬੱਸਾਂ ਆਵਾਜਾਈ ਅਤੇ ਸਕੂਲ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਹਨ। ਨਿਯਮਾਂ ਅਨੁਸਾਰ ਹਰ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਤਾਂ ਜੋ ਦੂਸਰੇ ਵਾਹਨ ਚਾਲਕਾਂ ਨੂੰ ਦੂਰੋ ਹੀ ਪਤਾ ਲੱਗ ਸਕੇ ਕਿ ਇਹ ਬੱਸ ਸਕੂਲੀ ਬੱਚਿਆਂ ਦੀ ਹੈ। ਦੂਸਰਾ, ਬੱਸ ਦੇ ਪਿੱਛੇ ਸਕੂਲ ਦਾ ਨਾਂ ਅਤੇ ਸਕੂਲ ਦੇ ਆਵਾਜਾਈ ਮੈਨੇਜਰ ਦਾ ਮੋਬਾਇਲ ਨੰਬਰ ਲਿਖਿਆ ਹੋਣਾ ਜ਼ਰੂਰੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਜਾਂ ਜੇਕਰ ਬੱਸ ਚਾਲਕ ਬੱਸ ਸਹੀ ਰਫਤਾਰ ’ਚ ਨਹੀਂ ਚਲਾ ਰਿਹਾ ਤਾਂ ਉਸ ਸੰਬਧੀ ਸ਼ਿਕਾਇਤ ਦਰਜ ਕਰਵਾਈ ਜਾ ਸਕੇ। ਇਸ ਸਮੇਂ ਇਸ ਖੇਤਰ ’ਚ ਕਈ ਸਕੂਲਾਂ ਦੀਆਂ ਬੱਸਾਂ ਬਿਨਾਂ ਪੀਲੇ ਰੰਗ ਦੇ ਚੱਲ ਰਹੀਆਂ ਹਨ ਅਤੇ ਕਈ ਬੱਸਾਂ ਦੇ ਪਿੱਛੇ ਸਕੂਲ ਦਾ ਮੋਬਾਇਲ ਨੰਬਰ ਵੀ ਨਹੀਂ ਹੈ। ਲਗਭਗ 75 ਫੀਸਦੀ ਬੱਸਾਂ ਦੇ ਚਾਲਕਾਂ ਅਤੇ ਕੰਡਕਟਰਾਂ ਨੇ ਕੋਈ ਵਰਦੀ ਨਹੀਂ ਪਾਈ ਹੁੰਦੀ ਅਤੇ ਨਾ ਹੀ ਇਨ੍ਹਾਂ ਬੱਸ ਵਾਲਿਆਂ ਕੋਲ ਕੋਈ ਬਚਾਅ ਕਿੱਟ ਜਾਂ ਮੁੱਢਲੀ ਸਹਾਇਤਾ ਲਈ ਦਵਾਈ ਹਾਜ਼ਰ ਹੁੰਦੀ। ਸਕੂਲੀ ਨਿਯਮਾਂ ਅਨੁਸਾਰ ਉਸ ਸਕੂਲ ਬੱਸ ’ਚ ਜਿਸ ਵਿਚ ਬੱਚੀਆਂ ਸਕੂਲ ਜਾਂਦੀਆਂ ਹਨ, ਉਨ੍ਹਾਂ ’ਚ ਇਕ ਅੌਰਤ ਸਹਾਇਕ ਹੋਣਾ ਜ਼ਰੂਰੀ ਹੈ ਪਰ ਇਥੇ ਕਿਸੇ ਵੀ ਬੱਸ ਵਿਚ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਹੈ । ਇਸ ਤੋਂ ਪਹਿਲਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੇ, ਪ੍ਰਸ਼ਾਸਨ ਨੂੰ ਘੱਟ ਤੋਂ ਘੱਟ ਇਕ ਹਫਤਾ ਸਕੂਲੀ ਬੱਸਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਸਕੂਲੀ ਬੱਚੇ ਦੇ ਜੀਵਨ ਨਾਲ ਕੋਈ ਖਿਲਵਾਡ਼ ਨਾ ਹੋਵੇ ।
